ਮੁੱਖ ਮੰਤਰੀ ਦੇ ਪਿੰਡ ਵਿੱਚ ਸਰਬਸੰਮਤੀ ਨਾਲ ਚੁਣੀ ਪੰਚਾਇਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਚ ਪਿੰਡ ਦੇ ਲੋਕਾਂ ਨੇ ਸਰਪੰਚ ਅਤੇ 6 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਹੈ ਜਦੋਂ ਕਿ ਪਿੰਡ ਦੇ ਤਿੰਨ ਵਾਰਡਾਂ ’ਚ ਸਹਿਮਤੀ ਨਹੀਂ ਹੋ ਸਕੀ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਪਿੰਡ ਸਤੌਜ ’ਚ ਹਰਬੰਸ ਸਿੰਘ ਹੈਪੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਪਿੰਡ ਦੇ ਸਰਪੰਚ ਹਰਬੰਸ ਸਿੰਘ ਹੈਪੀ ਨੇ ਦੱਸਿਆ ਕਿ ਭਾਵੇਂ ਸਰਪੰਚ ਦੇ ਅਹੁਦੇ ਲਈ ਦੋ ਹੋਰ ਭੋਲਾ ਸਿੰਘ ਢੱਡੇ ਅਤੇ ਬੱਬੀ ਸਤੌਜੀਆ ਵੀ ਉਮੀਦਵਾਰ ਸਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਅਪੀਲ ’ਤੇ ਫੁੱਲ੍ਹ ਚੜ੍ਹਾਉਂਦੇ ਹੋਏ ਨਾਮਜ਼ਦਗੀ ਪੱਤਰ ਵਾਪਸ ਲੈ ਲਏ।
ਪਿੰਡ ਸਤੌਜ ਦੀ ਪੰਚਾਇਤ ’ਚ ਸਰਪੰਚ ਅਤੇ 9 ਪੰਚਾਂ ਦੀ ਚੋਣ ਹੋਣੀ ਸੀ ਜਿਸ ਵਿਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਸਰਪੰਚ ਚੁਣੇ ਗਏ ਹਨ ਜਦੋਂ ਕਿ 6 ਪੰਚ ਚਮਕੌਰ ਸਿੰਘ, ਗੁਰਬਖ਼ਸ ਸਿੰਘ, ਇੰਦਰਜੀਤ ਕੌਰ, ਜਸਪਾਲ ਕੌਰ, ਪਾਲ ਕੌਰ ਅਤੇ ਰੁਪਿੰਦਰ ਕੌਰ ਦੀ ਚੋਣ ਕੀਤੀ ਗਈ ਹੈ। ਪਿੰਡ ਦੇ ਤਿੰਨ ਵਾਰਡਾਂ ’ਚ ਸਰਬਸੰਮਤੀ ਨਹੀਂ ਹੋ ਸਕੀ ਜਿਨ੍ਹਾਂ ਵਿਚ ਵਾਰਡ ਨੰਬਰ 2, ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਸ਼ਾਮਲ ਹਨ। ਇਸ ਮੌਕੇ ਸਰਪੰਚ ਚੁਣੇ ਗਏ ਹਰਬੰਸ ਸਿੰਘ ਹੈਪੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਤਿੰਨ ਵਾਰਡਾਂ ਵਿਚ ਪੰਚ ਲਈ ਸਰਬਸੰਮਤੀ ਨਹੀਂ ਹੋਈ, ਉਨ੍ਹਾਂ ਵਾਰਡਾਂ ਵਿਚ ਵੀ ਸਰਬਸੰਮਤੀ ਲਈ ਯਤਨ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ ਏਡੀਸੀ ਵਿਕਾਸ ਸੁਖਚੈਨ ਸਿੰਘ ਪਾਪੜਾ ਨੇ ਪਿੰਡਵਿੱਚ ਸਰਪੰਚ ਅਤੇ 6 ਪੰਚਾਂ ਦੀ ਸਰਬਸੰਮਤੀ ਹੋਣ ਦੀ ਪੁਸ਼ਟੀ ਕੀਤੀ ਹੈ।