For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਕਾਗਜ਼ਾਂ ਦੀ ਪੜਤਾਲ ਅਮਨ-ਅਮਾਨ ਨਾਲ ਮੁਕੰਮਲ

07:34 AM Oct 06, 2024 IST
ਪੰਚਾਇਤ ਚੋਣਾਂ  ਕਾਗਜ਼ਾਂ ਦੀ ਪੜਤਾਲ ਅਮਨ ਅਮਾਨ ਨਾਲ ਮੁਕੰਮਲ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਦੇ ਪੰਚਾਇਤ ਚੋਣਾਂ ਦੇ ਪਿੜ ’ਚ ਕੁੱਦੇ ਉਮੀਦਵਾਰਾਂ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਐਤਕੀਂ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਤਿੰਨ ਸਿਆਸੀ ਧਿਰਾਂ ਸਰਗਰਮ ਹਨ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਆਪਣੀ ਹਕੂਮਤ ਦੌਰਾਨ ਪੰਚਾਇਤ ਚੋਣਾਂ ਲੜਨ ਦਾ ਮੌਕਾ ਮਿਲਿਆ ਹੈ। ਭਾਵੇਂ ਕਿ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕਣਗੇ, ਪਰ ‘ਆਪ’, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪੰਚਾਇਤ ਚੋਣਾਂ ਵਿੱਚ ਪੂਰਾ ਤਾਣ ਲਾ ਰਿਹਾ ਹੈ। ਪੰਚਾਇਤ ਚੋਣਾਂ ਲਈ ਬੀਤੇ ਦਿਨ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਸਮਾਪਤ ਹੋ ਗਿਆ ਸੀ ਅਤੇ ਅੱਜ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ ਹੈ। ਹਾਲਾਂਕਿ, ਨਾਮਜ਼ਦਗੀ ਨੂੰ ਲੈ ਕੇ ਬੀਤੇ ਦਿਨ ਕਾਫੀ ਟਕਰਾਅ ਵਾਲਾ ਮਾਹੌਲ ਬਣਿਆ ਰਿਹਾ ਪਰ ਅੱਜ ਕਾਗਜ਼ਾਂ ਦੀ ਪੜਤਾਲ ਦੌਰਾਨ ਮਾਹੌਲ ਸੁਖਾਵਾਂ ਰਿਹਾ। ਰੱਦ ਕੀਤੀਆਂ ਨਾਮਜ਼ਦਗੀਆਂ ਦਾ ਵੇਰਵਾ ਦੇਰ ਸ਼ਾਮ ਤੱਕ ਤਿਆਰ ਨਹੀਂ ਹੋ ਸਕਿਆ ਸੀ। ਰਾਜ ਚੋਣ ਕਮਿਸ਼ਨ ਨੇ ਨਾਮਜ਼ਦਗੀਆਂ ਦਾ ਵੇਰਵਾ ਅੱਜ ਜਾਰੀ ਕੀਤਾ ਹੈ, ਉਸ ਤੋਂ ਪੰਚਾਇਤੀ ਚੋਣਾਂ ਦਿਲਚਸਪ ਨਜ਼ਰ ਆ ਰਹੀਆਂ ਹਨ। ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿਚ 13,229 ਪੰਚਾਇਤਾਂ ਲਈ ਸਰਪੰਚੀ ਦੇ ਅਹੁਦੇ ਲਈ 52,825 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ ਜਦਕਿ ਸਾਲ 2018 ਦੀਆਂ ਪੰਚਾਇਤੀ ਚੋਣਾਂ ਮੌਕੇ ਸਰਪੰਚੀ ਦੇ ਅਹੁਦੇ ਲਈ 49,261 ਉਮੀਦਵਾਰ ਸਾਹਮਣੇ ਆਏ ਸਨ। ਮਤਲਬ ਸਾਫ ਹੈ ਕਿ ਐਤਕੀਂ ਸਰਪੰਚੀ ਵਾਸਤੇ ਉਮੀਦਵਾਰਾਂ ਦਾ ਅੰਕੜਾ ਵਧਿਆ ਹੈ। ਇਸੇ ਤਰ੍ਹਾਂ ਆਖਰੀ ਦਿਨ ਤੱਕ ਪੰਚ ਦੇ ਅਹੁਦੇ ਲਈ 1,66,338 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ ਜਦਕਿ ਸਾਲ 2018 ਵਿਚ 1,65,453 ਉੁਮੀਦਵਾਰ ਮੈਦਾਨ ਵਿਚ ਆਏ ਸਨ। ਸਰਪੰਚੀ ਤੇ ਪੰਚੀ ਵਾਸਤੇ ਉਮੀਦਵਾਰ ਇਸ ਵਾਰ ਜ਼ਿਆਦਾ ਪੱਬਾਂ ਭਾਰ ਨਜ਼ਰ ਆ ਰਹੇ ਹਨ। ਹਾਲਾਂਕਿ, ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਕਈ ਥਾਵਾਂ ’ਤੇ ਕਾਗਜ਼ ਦਾਖਲ ਹੀ ਨਹੀਂ ਕੀਤੇ ਹਨ। ਪੰਜਾਬ ਵਿਚ ਇੱਕ ਪੰਚਾਇਤ ਪਿੱਛੇ ਸਰਪੰਚੀ ਲਈ ਔਸਤ ਚਾਰ ਉਮੀਦਵਾਰ ਮੈਦਾਨ ਵਿਚ ਹਨ। ਪੰਜਾਬ ਭਰ ’ਚੋਂ ਸਭ ਤੋਂ ਵੱਧ ਜ਼ਿਲ੍ਹਾ ਹੁਸ਼ਿਆਰਪੁਰ ਵਿਚ 1405 ਪੰਚਾਇਤਾਂ ਹਨ, ਜਿਨ੍ਹਾਂ ਦੀ ਸਰਪੰਚੀ ਦੇ ਅਹੁਦੇ ਲਈ 4,419 ਅਤੇ ਪੰਚੀ ਵਾਸਤੇ 12,767 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ। ਗੁਰਦਾਸਪੁਰ ਦੀਆਂ 1,279 ਪੰਚਾਇਤਾਂ ਲਈ ਸਰਪੰਚੀ ਵਾਸਤੇ 5,319 ਅਤੇ ਪੰਚ ਦੇ ਅਹੁਦੇ ਲਈ 17,484 ਉਮੀਦਵਾਰ ਸਾਹਮਣੇ ਆਏ ਹਨ। ਪਟਿਆਲਾ ਜ਼ਿਲ੍ਹੇ ਦੀਆਂ 1022 ਪੰਚਾਇਤਾਂ ਦੀ ਚੋਣ ’ਚ ਸਰਪੰਚੀ ਲਈ 4,296 ਅਤੇ ਪੰਚ ਦੇ ਅਹੁਦੇ ਲਈ 11,688 ਉਮੀਦਵਾਰਾਂ ਨੇ ਰੁਚੀ ਦਿਖਾਈ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੀਆਂ 941 ਪੰਚਾਇਤਾਂ ਲਈ 3,753 ਸਰਪੰਚੀ ਵਾਸਤੇ ਅਤੇ 13,192 ਪੰਚ ਦੇ ਅਹੁਦੇ ਲਈ ਉਮੀਦਵਾਰ ਹਨ। ਸਭ ਤੋਂ ਘੱਟ ਜ਼ਿਲ੍ਹਾ ਬਰਨਾਲਾ ਵਿਚ 175 ਪੰਚਾਇਤਾਂ ਹਨ ਜਿਨ੍ਹਾਂ ਦੀ ਸਰਪੰਚੀ ਵਾਸਤੇ 774 ਉਮੀਦਵਾਰ ਅਤੇ ਪੰਚ ਦੇ ਅਹੁਦੇ ਲਈ 2,297 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਅੱਜ ਦਿਨ ਭਰ ਇਨ੍ਹਾਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਚੱਲਿਆ। ਸੂਤਰ ਦੱਸਦੇ ਹਨ ਕਿ ਹਾਕਮ ਧਿਰ ਦੇ ਕਈ ਵਿਧਾਇਕ ਅੱਜ ਪੂਰਾ ਦਿਨ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਉਣ ਵਾਸਤੇ ਤਰਲੋਮੱਛੀ ਹੁੰਦੇ ਰਹੇ ਪਰ ਰਿਟਰਨਿੰਗ ਅਫਸਰਾਂ ਨੇ ਬਾਂਹ ਨਹੀਂ ਫੜਾਈ। ਕਈ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਂ ਵੀ ਕੋਈ ਗਲਤ ਹਦਾਇਤਾਂ ਨਹੀਂ ਸਨ। ਦੇਖਿਆ ਜਾਵੇ ਤਾਂ ਲੰਘੇ ਕੱਲ੍ਹ ਪੰਜਾਬ ਵਿਚ ਨਾਮਜ਼ਦਗੀਆਂ ਦੇ ਆਖਰੀ ਦਿਨ ਸਿਰਫ ਸਰਹੱਦੀ ਜ਼ਿਲ੍ਹਿਆਂ ਵਿਚ ਹੀ ਜ਼ਿਆਦਾ ਰੌਲਾ ਪਿਆ। ਮਾਲਵਾ ਖਿੱਤੇ ’ਚੋਂ ਜਲਾਲਬਾਦ ਤੇ ਮੋਗਾ ਨੂੰ ਛੱਡ ਕੇ ਕਿਤੇ ਕੋਈ ਝੜਪਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ।
ਕਾਂਗਰਸੀ ਹਕੂਮਤ ਸਮੇਂ ਸਾਲ 2018 ਦੀਆਂ ਪੰਚਾਇਤਾਂ ਚੋਣਾਂ ਮੌਕੇ ਸਰਪੰਚੀ ਦੇ ਉਮੀਦਵਾਰਾਂ ’ਚੋਂ 3,128 ਜਦਕਿ ਪੰਚ ਦੇ ਅਹੁਦੇ ਦੇ 8296 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸਨ। ਅੱਜ ਦੇਰ ਸ਼ਾਮ ਤੱਕ ਪੜਤਾਲ ਦਾ ਕੰਮ ਚੱਲਣ ਕਰਕੇ ਰੱਦ ਕਾਗਜ਼ਾਂ ਦਾ ਵੇਰਵਾ ਸਾਹਮਣੇ ਨਹੀਂ ਆ ਸਕਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਦਾ ਜ਼ੋਰ ਪੇਂਡੂ ਖੇਤਰਾਂ ਵਿਚ ਪੈਂਠ ਜਮਾਉਣ ਵਿਚ ਲੱਗਿਆ ਹੋਇਆ ਹੈ।

Advertisement

Advertisement
Advertisement
Author Image

sukhwinder singh

View all posts

Advertisement