ਮਨਪ੍ਰੀਤ ਬਾਦਲ ਗਿੱਦੜਬਾਹਾ ਤੇ ਕੇਵਲ ਢਿੱਲੋਂ ਬਰਨਾਲਾ ਤੋਂ ਲੜ ਸਕਦੇ ਨੇ ਚੋਣ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਪੰਜ ਵਾਰ ਵਿਧਾਇਕ ਰਹੇ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਿਹਤ ਸਬੰਧੀ ਮਸਲਿਆਂ ਤੋਂ ਉਭਰਨ ਮਗਰੋਂ ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਤਿਆਰੀ ਵਿੱਢ ਦਿੱਤੀ ਹੈ। ਭਾਜਪਾ ਨੇ ਤਕਰੀਬਨ ਉਨ੍ਹਾਂ ਦਾ ਨਾਮ ਇਸ ਸੀਟ ਲਈ ਤੈਅ ਕਰ ਲਿਆ ਦੱਸਿਆ ਜਾ ਰਿਹਾ ਹੈ। ਭਾਜਪਾ ਦੀ ਟਿਕਟ ’ਤੇ ਮਨਪ੍ਰੀਤ ਬਾਦਲ ਪਹਿਲੀ ਵਾਰ ਚੋਣ ਲੜ ਸਕਦੇ ਹਨ। ਇਸੇ ਤਰ੍ਹਾਂ ਭਾਜਪਾ ਨੇ ਬਰਨਾਲਾ ਸੀਟ ਲਈ ਕੇਵਲ ਢਿੱਲੋਂ ਦਾ ਨਾਮ ਤੈਅ ਕਰ ਲਿਆ ਹੈ। ਇਹ ਦੋਵੇਂ ਆਗੂ ਪਹਿਲਾਂ ਹੀ ਇਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਸਰਗਰਮ ਹਨ ਅਤੇ ਉਨ੍ਹਾਂ ਵੱਲੋਂ ਪਾਰਟੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਸੂਤਰਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਸੀਟ ਤੋਂ ਰਵੀ ਕਰਨ ਕਾਹਲੋਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਚੱਬੇਵਾਲ ਸੀਟ ’ਤੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਅਜੇ ਕਿਸੇ ਨਤੀਜੇ ’ਤੇ ਨਹੀਂ ਪੁੱਜੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੱਲੋਂ ਜੁਲਾਈ ਤੋਂ ਮੀਟਿੰਗਾਂ ’ਚ ਹਿੱਸਾ ਨਹੀਂ ਲਿਆ ਜਾ ਰਿਹਾ ਹੈ ਜਿਸ ਕਾਰਨ ਪਾਰਟੀ ਪੰਜਾਬ ’ਚ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਾਖੜ ਨੂੰ ਮਨਾਉਣ ’ਚ ਨਾਕਾਮ ਰਹਿਣ ਮਗਰੋਂ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਇੰਚਾਰਜ, ਸਹਾਇਕ ਇੰਚਾਰਜ ਅਤੇ ਮੰਡਲ ਕੁਆਰਡੀਨੇਟਰਾਂ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਹਨ ਜੋ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਪੰਜਾਬ ਭਾਜਪਾ ਦੇ ਸਕੱਤਰ ਸੁਨੀਲ ਭਾਰਦਵਾਜ ਨੇ ਦੱਸਿਆ ਕਿ ਅਵਿਨਾਸ਼ ਰਾਏ ਖੰਨਾ ਨੂੰ ਗਿੱਦੜਬਾਹਾ, ਮਨੋਰੰਜਨ ਕਾਲੀਆ ਨੂੰ ਬਰਨਾਲਾ, ਸ਼ਵੇਤ ਮਲਿਕ ਨੂੰ ਚੱਬੇਵਾਲ ਅਤੇ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੂੰ ਮੀਡੀਆ ਤੇ ਆਈਟੀ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਹੈ।