ਪੰਚਾਇਤੀ ਚੋਣਾਂ: ਲੋੜੀਂਦੇ ਕਾਗਜ਼ ਨਾ ਮਿਲਣ ਕਾਰਨਾਂ ਚਾਹਵਾਨ ਉਮੀਦਵਾਰਾਂ ਵਿੱਚ ਰੋਸ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 30 ਸਤੰਬਰ
ਪੰਚਾਇਤੀ ਚੋਣਾਂ ਲਈ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਕਾਗਜ਼ ਦਾਖ਼ਲ ਕਰਨ ਲਈ ਬੀਡੀਪੀਓ ਦਫਤਰ ਭਗਤਾ ਭਾਈ ਵੱਲੋਂ ਲੋੜੀਂਦੇ ਕਾਗਜ਼ ਨਾ ਦੇਣ ਕਾਰਨ ਰੋਹ ਵਿਚ ਆਏ ਗੁੰਮਟੀ ਕਲਾਂ, ਦਿਆਲਪੁਰਾ ਮਿਰਜ਼ਾ, ਸੁਰਜੀਤਪੁਰਾ ਆਦਿ ਪਿੰਡਾਂ ਦੇ ਲੋਕਾਂ ਵੱਲੋਂ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿਚ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਚਾਇਤ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। ਬਾਬਕਾ ਬਲਾਕ ਸਮਿਤੀ ਮੈਂਬਰ ਗੁਰਪਾਲ ਸਿੰਘ ਭੱਟੀ ਦਿਆਲਪੁਰਾ ਮਿਰਜ਼ਾ, ਦਲਜੀਤ ਸਿੰਘ ਪੱਪਾ ਬਰਾੜ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸ਼ਹਿ ’ਤੇ ਬੀਡੀਪੀਓ ਦਫ਼ਤਰ ਭਗਤਾ ਵੱਲੋਂ ਐਨ.ਓ.ਸੀ., ਚੁੱਲ੍ਹਾ ਟੈਕਸ ਸਮੇਤ ਹੋਰ ਲੋੜੀਂਦੇ ਕਾਗਜ਼ ਨਹੀਂ ਦਿੱਤੇ ਜਾ ਰਹੇ। ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਸਰਕਾਰ 'ਤੇ ਪੰਚਾਇਤ ਚੋਣਾਂ ਦੌਰਾਨ ਲੋਕਤੰਤਰ ਦੇ ਕਤਲ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਨੂੰ ਵੀ ਮਾਤ ਪਾ ਦਿੱਤੀ ਹੈ।
ਮਮਦੋਟ ਵਿੱਚ ਵੀ ਲੋਕ ਪ੍ਰੇਸ਼ਾਨ
ਮਮਦੋਟ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਬੀਡੀਪੀਓ ਦਫਤਰਾਂ ਅਤੇ ਵਿਧਾਇਕਾਂ ਵੱਲੋਂ ਕੀਤੇ ਗਏ ਜਮਹੂਰੀਅਤ ਦੇ ਘਾਣ ਨੂੰ ਵੇਖਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸੜਕ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਮਜਬੂਰ ਹੋਣਾ ਪਿਆ ਹੈ। ਇਹ ਗੱਲਾਂ ਖਾਈ ਫੇਮੇ ਕੇ ਨੇੜੇ ਟੀ ਪੁਆਇੰਟ ਉੱਪਰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਨੇ ਕਹੀਆਂ। ਕਿਸਾਨਾਂ ਵੱਲੋਂ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਆਪ ਵਾਲੇ ਆਪਣੇ ਚਹੇਤਿਆਂ ਸਰਪੰਚ ਬਣਾਉਣ ਲਈ ਦੂਜੇ ਉਮੀਦਵਾਰਾਂ ਨੂੰ ਲੋੜੀਂਦੇ ਕਾਗਜ਼ ਚੁੱਲ੍ਹਾ ਟੈਕਸ ਅਤੇ ਨੋ ਡਿਊ ਸਰਟੀਫਿਕੇਟ ਦੇਣ ’ਤੇ ਰੋਕ ਲਾ ਕੇ ਜਮਹੂਰੀ ਹੱਕ ਖੋਇਆ ਹੈ।