ਪੰਚਾਇਤੀ ਚੋਣਾਂ: ਤੜਕੇ 3 ਵਜੇ ਤੱਕ ਦਾਖਲ ਹੁੰਦੇ ਰਹੇ ਨਾਮਜ਼ਦਗੀ ਪੱਤਰ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਅਕਤੂਬਰ
ਪੰਚਾਇਤ ਚੋਣਾਂ ਲਈ ਮਾਛੀਵਾੜਾ ਬਲਾਕ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਉਮੀਦਵਾਰ ਤੜਕੇ 3 ਵਜੇ ਤੱਕ ਦਫ਼ਤਰਾਂ ਵਿਚ ਖੱਜਲ-ਖੁਆਰ ਹੁੰਦੇ ਰਹੇ। ਚੋਣ ਕਮਿਸ਼ਨ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ ਦੁਪਹਿਰ 3 ਵਜੇ ਤੱਕ ਸੀ ਪਰ ਮਾਛੀਵਾੜਾ ਬਲਾਕ ਦੇ ਇੱਕ ਦਫ਼ਤਰ ਵਿੱਚ ਇਹ ਕੰਮ ਤੜਕੇ 3 ਵਜੇ ਤੱਕ ਚੱਲਿਆ। ਰਾਤ ਇੱਕ ਵਜੇ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਉਮੀਦਵਾਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਨ੍ਹਾਂ ਮਾਛੀਵਾੜਾ ਮਾਰਕੀਟ ਕਮੇਟੀ ਵਿੱਚ ਪ੍ਰਸ਼ਾਸਨ ਖਿਲਾਫ਼ ਧਰਨਾ ਲਾ ਲਿਆ। ਇਸ ਬਾਰੇ ਪਿੰਡ ਧਨੂੰਰ ਤੋਂ ਆਏ ਉਮੀਦਵਾਰਾਂ ਨੇ ਦੱਸਿਆ ਕਿ ਉਹ 4 ਅਕਤੂਬਰ ਨੂੰ ਸਵੇਰੇ ਇਥੇ ਪੁੱਜ ਗਏ ਸਨ ਪਰ ਸਾਰਾ ਦਿਨ ਲੰਘਣ ਦੇ ਬਾਵਜੂਦ ਉਨ੍ਹਾਂ ਦੇ ਕਾਗਜ਼ ਦਾਖਲ ਨਾ ਹੋ ਸਕੇ। ਫਾਈਲਾਂ ਹਾਸਲ ਕਰਨ ਵਾਲੇ ਅਧਿਕਾਰੀਆਂ ’ਤੇ ਸੁਸਤ ਚਾਲ ਵਿੱਚ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੱਸਿਆ ਕਿ ਸਾਰੀ ਰਾਤ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲੇ ਖੱਜਲ-ਖੁਆਰ ਹੁੰਦੇ ਰਹੇ ਹਨ ਪਰ ਪ੍ਰਸ਼ਾਸਨ ਨੇ ਸਮੇਂ ਦੀ ਲੋੜ ਨੂੰ ਵੇਖਦਿਆਂ ਇੱਥੇ ਹੋਰ ਅਧਿਕਾਰੀਆਂ ਦੀ ਤਾਇਨਾਤੀ ਨਹੀਂ ਕੀਤੀ। ਇਸ ਮੌਕੇ ਕਈ ਉਮੀਦਵਾਰਾਂ ਦੀ ਉਕਤ ਅਧਿਕਾਰੀਆਂ ਨਾਲ ਬਹਿਸ ਵੀ ਹੋਈ ਹੈ। ਪੰਚਾਇਤ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਉਮੀਦਵਾਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ। 116 ਪਿੰਡਾਂ ਦੀਆਂ ਪੰਚਾਇਤ ਚੋਣਾਂ ਲਈ 1141 ਪੰਚਾਇਤ ਮੈਂਬਰ ਵਜੋਂ ਆਪਣੇ ਪੱਤਰ ਦਾਖਲ ਕਰਵਾਏ। ਇਸ ਤੋਂ ਇਲਾਵਾ 385 ਉਮੀਦਵਾਰ ਸਰਪੰਚੀ ਚੋਣ ਲਈ ਸਾਹਮਣੇ ਆ ਚੁੱਕੇ ਹਨ।
ਅਕਾਲੀ ਆਗੂਆਂ ਵੱਲੋਂ ਪ੍ਰਸ਼ਾਸਨ ’ਤੇ ਧੱਕਾਸ਼ਾਹੀ ਕਰਨ ਦਾ ਦੋਸ਼
ਇਥੋਂ ਦੇ ਬਲਾਕ ਪੰਚਾਇਤ ਦਫ਼ਤਰ ਵਿੱਚ ਅੱਜ ਪੰਚਾਇਤੀ ਚੋਣਾਂ ਸਬੰਧੀ ਉਮੀਦਵਾਰਾਂ ’ਤੇ ਇਤਰਾਜ਼ ਲਗਾਉਣ ਦਾ ਦਿਨ ਸੀ ਜਿਸ ਤਹਤਿ ਅੱਜ ਅਕਾਲੀ ਆਗੂਆਂ ਨੇ ਪ੍ਰਸ਼ਾਸਨ ’ਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਦਲ ਦੇ ਸਰਕਲ ਜਥੇਦਾਰ ਤੇ ਪਿੰਡ ਜਾਤੀਵਾਲ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਜਾਤੀਵਾਲ ਨੇ ਅੱਜ ਇਥੇ ਕਿਹਾ ਕਿ ਪਿੰਡ ਦੇ ਇੱਕ ਵਿਅਕਤੀ ਨੇ ਇੱਕ ਉਮੀਦਵਾਰ ਬਾਰੇ ਇਤਰਾਜ਼ ਦਾਖਲ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਉਕਤ ਉਮੀਦਵਾਰ ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਤਾਂ ਕਲੱਸਟਰ ਨੰਬਰ 5 ਦੇ ਅਧਿਕਾਰੀ ਨੇ ਇਹ ਇਤਰਾਜ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਤਰਾਜ਼ ਕਰਨ ਵਾਲੇ ਨਾਲ ਬਦਸਲੂਕੀ ਵੀ ਕੀਤੀ। ਜਥੇਦਾਰ ਜਾਤੀਵਾਲ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਇਸ ਧੱਕੇ ਖ਼ਿਲਾਫ਼ ਅਦਾਲਤੀ ’ਚ ਜਾਣਗੇੇ। ਕਲੱਸਟਰ ਨੰਬਰ 5 ਦੇ ਚੋਣ ਅਧਿਕਾਰੀ ਸੁੰਦਰ ਕੁਮਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਤਰਾਜ਼ ਲਗਾਉਣ ਦਾ ਸਮਾਂ 3 ਵਜੇ ਤੱਕ ਸੀ ਪਰ ਉਕਤ ਵਿਅਕਤੀ ਸਮੇਂ ਤੋਂ ਬਾਅਦ ਆਏ ਸਨ, ਜਿਸ ਕਾਰਨ ਉਨ੍ਹਾਂ ਨੇ ਇਤਰਾਜ਼ ਨਹੀਂ ਲਿਆ। ਸੁੰਦਰ ਕੁਮਾਰ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਦੁਰ ਵਿਵਹਾਰ ਕੀਤਾ ਗਿਆ ਹੈ।