For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਤਹਿਸੀਲਾਂ ਵਿੱਚ ਨਾਮਜ਼ਦਗੀ ਭਰਨ ਵਾਲਿਆਂ ਦੀ ਭੀੜ

06:46 AM Oct 03, 2024 IST
ਪੰਚਾਇਤ ਚੋਣਾਂ  ਤਹਿਸੀਲਾਂ ਵਿੱਚ ਨਾਮਜ਼ਦਗੀ ਭਰਨ ਵਾਲਿਆਂ ਦੀ ਭੀੜ
ਭਵਾਨੀਗੜ੍ਹ ਵਿੱਚ ਨਾਮਜ਼ਦਗੀ ਭਰਨ ਲਈ ਆਏ ਹੋਏ ਉਮੀਦਵਾਰ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਰਪੰਚੀ ਅਤੇ ਪੰਚੀ ਸਬੰਧੀ ਆਪਣੇ ਨਾਮਜ਼ਦਗੀ ਪੱਤਰ ਭਰਨ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।
ਬਲਾਕ ਭਵਾਨੀਗੜ੍ਹ ਦੇ ਕੁੱਲ 66 ਪਿੰਡਾਂ ’ਚ ਪੰਚਾਇਤੀ ਚੋਣਾਂ ਸਬੰਧੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨਾਂ ਵੱਲੋਂ ਆਪਣੇ ਅਤੇ ਆਪਣੇ ਹਿਮਾਇਤੀਆਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ। ਭਾਵੇਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ ਹੈ ਪਰ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਲੋਕਾਂ ਲਈ ਕਾਗਜ਼ ਭਰਨ ਦਾ ਸਿਰਫ਼ ਇਕ ਦਿਨ ਹੀ ਬਚਿਆ ਹੈ। ਇਸ ਲਈ ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਤਹਿਸੀਲ ਕੰਪਲੈਕਸ ਵਿੱਚ ਅਰਜ਼ੀ ਨਵੀਸਾਂ, ਵਕੀਲਾਂ ਅਤੇ ਅਸ਼ਟਾਮ ਫਰੋਸ਼ਾਂ ਦੀਆਂ ਦੁਕਾਨਾਂ ਵਿੱਚ ਨਾਮਜ਼ਦਗੀ ਪੱਤਰ ਤਿਆਰ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। ਇਸ ਮੌਕੇ ਲਖਵਿੰਦਰ ਸਿੰਘ ਫੱਗੂਵਾਲਾ ਅਤੇ ਮੇਜਰ ਸਿੰਘ ਮਸਾਣੀ ਨੇ ਦੱਸਿਆ ਕਿ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ।
ਸਾਬਕਾ ਸਰਪੰਚ ਧਨਮਿੰਦਰ ਸਿੰਘ ਭੱਟੀਵਾਲ, ਭਗਵੰਤ ਸਿੰਘ ਸੇਖੋਂ ਅਤੇ ਜਗਤਾਰ ਸਿੰਘ ਖੱਟੜਾ ਨੇ ਦੱਸਿਆ ਕਿ ਦੋ ਛੁੱਟੀਆਂ ਹੋਣ ਕਰਕੇ ਪ੍ਰਸ਼ਾਸਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਕੁਝ ਦਿਨ ਹੋਰ ਵਧਾਉਣੀ ਚਾਹੀਦੀ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਈ ਬੇਲੋੜੇ ਦਸਤਾਵੇਜ਼ ਲਗਵਾਏ ਜਾ ਰਹੇ ਹਨ। ਇਸੇ ਦੌਰਾਨ ਲੋਕਾਂ ਦੀ ਦਿੱਕਤ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਛੁੱਟੀ ਹੋਣ ਦੇ ਬਾਵਜੂਦ ਬੀਡੀਪੀਓ ਦਫ਼ਤਰ ਵਿੱਚ ਉਮੀਦਵਾਰਾਂ ਨੂੰ ‘ਨੋ ਅਬਜੈਕਸ਼ਨ’ ਸਰਟੀਫਿਕੇਟ ਦਿੱਤੇ ਗਏ ਹਨ।

Advertisement

Advertisement
Advertisement
Author Image

Advertisement