ਪੰਚਾਇਤੀ ਚੋਣਾਂ: ਦਰਜਨਾਂ ਪਿੰਡਾਂ ਦੇ ਉਮੀਦਵਾਰਾਂ ਨੂੰ ਦੂਜੇ ਦਿਨ ਵੀ ਚੋਣ ਨਿਸ਼ਾਨ ਅਲਾਟ ਨਾ ਹੋਏ
ਦਵਿੰਦਰ ਸਿੰਘ ਭੰਗੂ
ਰਈਆ, 8 ਅਕਤੂਬਰ
ਬਲਾਕ ਰਈਆ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਦੇ ਉਮੀਦਵਾਰ ਨੂੰ ਅੱਜ ਦੂਸਰੇ ਦਿਨ ਦੇਰ ਸ਼ਾਮ ਤੱਕ ਚੋਣ ਨਿਸ਼ਾਨ ਅਲਾਟ ਨਹੀਂ ਕੀਤੇ ਗਏ ਜਿਸ ਕਾਰਨ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਾਕਮ ਧਿਰ ਦੇ ਦਬਾਅ ਕਾਰਨ ਅੱਜ ਤਿੰਨ ਵਜੇ ਤੱਕ 30 ਪਿੰਡਾਂ ਨਾਲ ਸਬੰਧਤ ਆਰਓ ਆਪਣੀਆਂ ਸੀਟਾਂ ’ਤੇ ਹਾਜ਼ਰ ਨਹੀਂ ਹੋਏ। ਜਾਣਕਾਰੀ ਅਨੁਸਾਰ ਬਲਾਕ ਰਈਆ ਦੇ ਰੂਮ ਨੰਬਰ 5, 6 ਅਤੇ 10 ਦੇ ਆਰਓ ਆਪਣੀਆਂ ਸੀਟਾਂ ਤੋਂ ਗੈਰਹਾਜ਼ਰ ਮਿਲੇ ਜਿਸ ਕਾਰਨ ਵੱਡੀ ਗਿਣਤੀ ਲੋਕ ਖੱਜਲ-ਖ਼ੁਆਰ ਹੋਏ। ਚੋਣ ਕਮਿਸ਼ਨ ਪੰਜਾਬ ਵਲੋਂ ਸੂਬੇ ਵਿਚ ਪੰਚ ਸਰਪੰਚ ਦੇ ਉਮੀਦਵਾਰ ਦੇ ਕਾਗ਼ਜ਼ ਵਾਪਸ ਲੈਣ ਦੀ ਮਿਤੀ 7 ਅਕਤੂਬਰ ਤਿੰਨ ਵਜੇ ਤੱਕ ਰੱਖੀ ਗਈ ਸੀ, ਉਸ ਉਪਰੰਤ ਸ਼ਾਮ ਦੇ ਪੰਜ ਵਜੇ ਤੱਕ ਚੋਣ ਨਿਸ਼ਾਨ ਅਲਾਟ ਕਰਨ ਦਾ ਸਮਾਂ ਰੱਖਿਆ ਗਿਆ ਸੀ ਪਰ ਅੱਜ ਦੂਸਰੇ ਦਿਨ ਵੀ ਚੋਣ ਨਿਸ਼ਾਨ ਨਾ ਮਿਲੇ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਧਾਂਦਲੀਆਂ ਦੀ ਨਿਖੇਧੀ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਐੱਸਡੀਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨੂੰ ਮੌਕੇ ’ਤੇ ਪੁੱਜ ਕੇ ਢਿੱਲੀ ਕਾਰਗੁਜ਼ਾਰੀ ਵਾਲੇ ਆਰਓ ਵਿਰੁੱਧ ਕਾਰਵਾਈ ਲਈ ਕਿਹਾ ਗਿਆ ਹੈ।