For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਸਰਪੰਚੀ ਦੀ ਨਿਲਾਮੀ ਬਾਰੇ ਰਿਪੋਰਟ ਤਲਬ

06:42 AM Oct 02, 2024 IST
ਪੰਚਾਇਤ ਚੋਣਾਂ  ਸਰਪੰਚੀ ਦੀ ਨਿਲਾਮੀ ਬਾਰੇ ਰਿਪੋਰਟ ਤਲਬ
ਚੰਡੀਗੜ੍ਹ ਵਿਚ ‘ਆਪ’ ਆਗੂ ਹਰਪਾਲ ਸਿੰਘ ਚੀਮਾ ਰਾਜ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ।
Advertisement

* ਪਰਮਵੀਰ ਿਸੰਘ ਨੂੰ ਤਰਨ ਤਾਰਨ ਦਾ ਨਵਾਂ ਡੀਸੀ ਲਾਇਆ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਕਤੂਬਰ
ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਪੰਚਾਇਤੀ ਚੋਣਾਂ ’ਚ ਸਰਪੰਚੀ ਦੇ ਅਹੁਦੇ ਦੀ ਨਿਲਾਮੀ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਤਲਬ ਕਰ ਲਈ ਹੈ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਅੱਜ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਥਾਂ ਪਰਮਵੀਰ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ। ਪੰਚਾਇਤ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਇਹ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਵਿਚ ਕੁਝ ਦਿਨਾਂ ਦੌਰਾਨ ਸਰਪੰਚੀ ਦੇ ਅਹੁਦੇ ਦੀ ਸ਼ਰ੍ਹੇਆਮ ਬੋਲੀ ਲੱਗਣ ਦੀਆਂ ਵੀਡੀਓਜ਼ ਨਸ਼ਰ ਹੋਈਆਂ ਹਨ, ਜਿਨ੍ਹਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਦੀ ਸਰਪੰਚੀ ਦੀ ਬੋਲੀ ਦੋ ਕਰੋੜ ਰੁਪਏ ਪੁੱਜਣ ਦੀਆਂ ਖ਼ਬਰਾਂ ਵੀ ਸ਼ਾਮਲ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਸਨ। ਇਸੇ ਤਰ੍ਹਾਂ ਮੁਕਤਸਰ ਇੱਕ ਪਿੰਡ ਵਿਚ ਸਰਪੰਚੀ ਦੀ ਬੋਲੀ ਲੱਗੀ ਸੀ, ਜਿਸ ਦੀ ਜਾਂਚ ਐੱਸਡੀਐੱਮ ਕਰ ਰਹੇ ਹਨ। ਇਵੇਂ ਹੀ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਚ ਬੋਲੀ 60 ਲੱਖ ਰੁਪਏ ਤੱਕ ਪੁੱਜਣ ਦੀ ਵੀਡੀਓ ਵੀ ਸਾਹਮਣੇ ਆਈ ਸੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਹਮਣੇ ਆਈਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਸਬੰਧਤ ਪੰਚਾਇਤਾਂ ਵੱਲੋਂ ਸਰਪੰਚ ਦਾ ਅਹੁਦਾ ਨਿਲਾਮ ਕੀਤਾ ਜਾ ਰਿਹਾ ਹੈ ਅਤੇ ਵੱਧ ਬੋਲੀ ਲਾਉਣ ਵਾਲੇ ਨੂੰ ‘ਸਰਬਸੰਮਤੀ ਨਾਲ ਸਰਪੰਚ’ ਚੁਣ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ਵਿੱਚ ਅਜਿਹੀ ਕਿਸੇ ਵੀ ਵਿਸ਼ੇਸ਼ ਘਟਨਾ ਦੀ ਪੂਰੀ ਬਾਰੀਕੀ ਨਾਲ ਨਿਗਰਾਨੀ ਕਰਨ ਅਤੇ 24 ਘੰਟਿਆਂ ਦੇ ਅੰਦਰ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸਮੇਤ ਵਿਸਥਾਰਿਤ ਰਿਪੋਰਟ ਪੇਸ਼ ਕਰਨ। ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਜਮਹੂਰੀ ਰਵਾਇਤਾਂ ਤਹਿਤ ਅਜਿਹੀ ਪ੍ਰਕਿਰਿਆ ਦੇ ਕਾਨੂੰਨੀ ਅਤੇ ਨੈਤਿਕ ਨਤੀਜਿਆਂ ਦੀ ਘੋਖ ਕਰਨ ਲਈ ਰਾਜ ਚੋਣ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁੱਦੇ ਪ੍ਰਤੀ ਸੰਤੁਲਿਤ ਨਜ਼ਰੀਆ ਅਪਣਾਵੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਦੇ ਸਰਪੰਚ ਦੇ ਅਹੁਦੇ ਦੀ ਨਿਲਾਮੀ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਇਸੇ ਦੌਰਾਨ ਪੰਜਾਬ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਰੁਝਾਨ ਵੀ ਤੇਜ਼ ਹੋ ਗਿਆ ਹੈ। ਕਈ ਥਾਵਾਂ ’ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਹਿੰਸਕ ਘਟਨਾਵਾਂ ਹੋਣ ਦੀ ਵੀ ਸੂਚਨਾ ਹੈ। ਜ਼ੀਰਾ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੀਆਂ ਦੋ ਧਿਰਾਂ ਵਿੱਚ ਹਿੰਸਕ ਝੜਪ ਹੋਈ ਹੈ ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋਏ ਹਨ। ਗੁਰਦਾਸਪੁਰ ਵਿਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਲਖ਼ੀ ਦਿਖਾਈ ਹੈ। ਇਵੇਂ ਹੀ ਪਟਿਆਲਾ ਦੇ ਭੁੱਨਰਹੇੜੀ ਬਲਾਕ ਵਿਚ ਬੀਡੀਪੀਓ ਅਤੇ ਕੁਝ ਲੋਕਾਂ ਦਰਮਿਆਨ ਤਲਖ਼ੀ ਹੋਈ ਹੈ।

Advertisement

‘ਆਪ’ ਆਗੂਆਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ਚੰਡੀਗੜ੍ਹ (ਆਤਿਸ਼ ਗੁਪਤਾ):

ਆਪ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਕੁਝ ਥਾਵਾਂ ’ਤੇ ਸਰਪੰਚ ਤੇ ਪੰਚ ਦੀ ਚੋਣ ਲਈ ਚੱਲ ਰਹੀ ਖੁੱਲ੍ਹੀ ਨਿਲਾਮੀ ਦਾ ਵਿਰੋਧ ਕੀਤਾ ਹੈ। ਸੀਨੀਅਰ ‘ਆਪ’ ਆਗੂ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਰਾਜ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਗ਼ੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਪੰਚਾਇਤੀ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੰਗ ਪੱਤਰ ਵੀ ਸੌਂਪਿਆ। ਚੀਮਾ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸਾਫ਼-ਸੁਥਰੀ ਚੋਣ ਪ੍ਰਕਿਰਿਆ ਲਈ ਵਚਨਬੱਧ ਹੈ। ਸੂਬਾ ਸਰਕਾਰ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ।

ਸਰਪੰਚ ਦੇ ਅਹੁਦੇ ਲਈ 784 ਨਾਮਜ਼ਦਗੀਆਂ ਦਾਖ਼ਲ

ਸਮੁੱਚੇ ਪੰਜਾਬ ਭਰ ਵਿੱਚ ਸਰਪੰਚਾਂ ਦੇ ਅਹੁਦੇ ਲਈ ਕੁੱਲ 784 ਅਤੇ ਪੰਚਾਂ ਲਈ ਕੁੱਲ 1446 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਨਾਮਜ਼ਦਗੀ ਪੱਤਰ 4 ਅਕਤੂਬਰ ਤੱਕ ਦਾਖਲ ਕੀਤੇ ਜਾਣੇ ਹਨ। ਆਖ਼ਰੀ ਦਿਨਾਂ ’ਚ ਨਾਮਜ਼ਦਗੀ ਪੱਤਰਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਵੇਗਾ।

Advertisement
Author Image

joginder kumar

View all posts

Advertisement