For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਚੋਣਾਂ: ਰਾਜਸੀ ਆਗੂਆਂ ਦੀਆਂ ਤਸਵੀਰਾਂ ਲਾਉਣ ਵਾਲਿਆਂ ਦੇ ਬਾਈਕਾਟ ਦਾ ਸੱਦਾ

10:52 AM Sep 15, 2024 IST
ਪੰਚਾਇਤੀ ਚੋਣਾਂ  ਰਾਜਸੀ ਆਗੂਆਂ ਦੀਆਂ ਤਸਵੀਰਾਂ ਲਾਉਣ ਵਾਲਿਆਂ ਦੇ ਬਾਈਕਾਟ ਦਾ ਸੱਦਾ
ਕਾਫ਼ਲੇ ਦੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ।
Advertisement

ਸ਼ਗਨ ਕਟਾਰੀਆ
ਜੈਤੋ, 14 ਸਤੰਬਰ
‘ਪਿੰਡ ਬਚਾਓ-ਪੰਜਾਬ ਬਚਾਓ’ ਸੰਸਥਾ ਵੱਲੋਂ ਪੇਂਡੂ ਭਾਈਚਾਰੇ ਦੀ ਮਜ਼ਬੂਤੀ, ਵਿਕਾਸ ਅਤੇ ਗ੍ਰਾਮ ਸਭਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਭਰ ’ਚ ਚੱਲ ਰਿਹਾ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਅੱਜ ਪਿੰਡ ਰੋੜੀਕਪੂਰਾ ਪੁੱਜਾ। ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪੰਚਾਇਤੀ ਚੋਣਾਂ ’ਚ ਸਿਆਸਤਦਾਨਾਂ ਦੀਆਂ ਤਸਵੀਰਾਂ ਲਾਉਣ ਵਾਲੀ ਰਵਾਇਤ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਅਜਿਹਾ ਕਰਨ ਵਾਲੇ ਉਮੀਦਵਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ।
ਉਨ੍ਹਾਂ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਨਸ਼ਾ ਜਾਂ ਪੈਸਾ ਵੰਡਣਗੇ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਪਾਰਟੀ ਦਾ। ਜੇਕਰ ਸਰਪੰਚ ਪਿੰਡ ਦਾ ਹੋਵੇਗਾ ਤਾਂ ਹੀ ਪਿੰਡ ਲਈ ਕੰਮ ਕਰੇਗਾ। ਜੇਕਰ ਸਰਪੰਚ ਕਿਸੇ ਪਾਰਟੀ ਦਾ ਹੋਵੇਗਾ ਤਾਂ ਉਹ ਪਾਰਟੀ ਲਈ ਹੀ ਕੰਮ ਕਰੇਗਾ। ਬੁਲਾਰਿਆਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਸਥਾਈ ਮੈਂਬਰ ਹੈ ਅਤੇ ਗ੍ਰਾਮ ਸਭਾ ਕਦੇ ਭੰਗ ਨਹੀਂ ਹੁੰਦੀ। ਕਾਫ਼ਲੇ ਦੇ ਬੁਲਾਰੇ ਦਰਸ਼ਨ ਸਿੰਘ ਧਨੇਠਾ ਨੇ ਇਕੱਠ ਦੀ ਤਾਕਤ ਬਾਰੇ ਦੱਸਦਿਆਂ ਕਕਰਾਲਾ ਪਿੰਡ ਦੀ ਉਦਾਹਰਣ ਦਿੱਤੀ, ਜਿੱਥੇ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਵਿੱਚ ਮਤਾ ਪਾ ਕੇ ਪਿੰਡ ਦੀ ਜ਼ਮੀਨ ਦਾ ਪ੍ਰਬੰਧਕ ਵੱਲੋਂ ਕੀਤਾ ਫੈਸਲਾ ਰੱਦ ਕੀਤਾ ਗਿਆ। ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ ਨੇ ਪੂਰੇ ਪਿੰਡ ਦਾ ਰਾਖਵਾਂਕਰਨ ਵੀ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕਿਹਾ।
ਇਸ ਦੌਰਾਨ ਪੱਤਰਕਾਰ ਅਰਸ਼ਦੀਪ ਅਰਸ਼ੀ ਨੇ ਕਾਨੂੰਨ ਰਾਹੀਂ ਮਿਲੇ ਹੋਏ ਹੱਕ ਲਾਗੂ ਕਰਵਾਉਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਆਗਾਮੀ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਔਰਤਾਂ ਅਤੇ ਦਲਿਤਾਂ ਦੇ ਰਾਖਵੇਂਕਰਨ ਨੂੰ ਸਹੀ ਤੇ ਸੁਚੱਜੇ ਰੂਪ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੁਲਾਰਿਆਂ ਵਿੱਚ ਪ੍ਰੀਤਮ ਸਿੰਘ ਅਤੇ ਮਨਪ੍ਰੀਤ ਕੌਰ ਰਾਜਪੁਰਾ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਇਸ ਕਾਫ਼ਲੇ ਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਧਰਤੀ ਪਿੰਡ ਸਰਾਭਾ ਵਿੱਚ ਹੋਵੇਗੀ।

Advertisement

Advertisement
Advertisement
Author Image

Advertisement