ਗੱਦਾ ਫੈਕਟਰੀ ’ਚ ਅੱਗ ਲੱਗਣ ਨਾਲ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 18 ਸਤੰਬਰ
ਬਠਿੰਡਾ ਡੱਬਵਾਲੀ ਰੋਡ ’ਤੇ ਸਥਿਤ ਪਿੰਡ ਗਹਿਰੀ ਬੁੱਟਰ ਨੇੜੇ ਗੱਦਾ ਫੈਕਟਰੀ (ਹੈਰੀਟੇਜ ਇੰਡਸਟਰੀ) ਵਿਚ ਬੀਤੀ ਰਾਤ ਅਚਾਨਕ ਹੋਏ ਧਮਾਕੇ ਕਾਰਨ ਲੱਗੀ ਭਿਆਨਕ ਅੱਗ ’ਚ ਬੁਰੀ ਤਰਾਂ ਝੁਲਸਣ ਕਾਰਨ ਪਿੰਡ ਸ਼ੇਰਗੜ੍ਹ ਦੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ। ਉਥੇ ਕੰਮ ਕਰਦੇ ਦਰਜਨ ਦੇ ਕਰੀਬ ਹੋਰ ਮਜ਼ਦੂਰਾਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ।
ਚਸ਼ਮਦੀਦਾਂ ਅਨੁਸਾਰ ਫੈਕਟਰੀ ’ਚ ਲੱਗੀ ਅੱਗ ਕਾਫ਼ੀ ਭਿਆਨਕ ਸੀ ਅਤੇ ਜਿਸ ਕਾਰਨ ਫੈਕਟਰੀ ਜਲਦ ਹੀ ਅੱਗ ਦੀ ਲਪੇਟ ਵਿਚ ਆ ਗਈ। ਫਾਇਰ ਵਿਭਾਗ ਦੀਆਂ ਦਰਜਨ ਦੇ ਕਰੀਬ ਗੱਡੀਆਂ ਨੇ ਲੰਮੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ।
ਥਾਣਾ ਸੰਗਤ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਗਹਿਰੀ ਬੁੱਟਰ ਨੇੜਲੀ ਗੱਦਾ ਫੈਕਟਰੀ ’ਚ ਅੱਗ ਲੱਗਣ ਨਾਲ ਪਿੰਡ ਸ਼ੇਰਗੜ੍ਹ ਦੇ ਨਰਿੰਦਰ ਸਿੰਘ (19), ਵਿਜੈ ਕੁਮਾਰ (20) ਅਤੇ ਲਖਵੀਰ ਸਿੰਘ (20) ਦੀ ਮੌਤ ਹੋ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਦੇ ਮਕਸਦ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀਕੇਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਸਭਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫੈਕਟਰੀ ਦੇ ਗੇਟ ਮੂਹਰੇ ਟੈਂਟ ਲਗਾ ਕੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ।