For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਚੋਣਾਂ: ਲੰਡੇਕੇ ਵਿੱਚ ਨਾਮਜ਼ਦਗੀਆਂ ਭਰਨ ਮੌਕੇ ਗੋਲੀਆਂ ਤੇ ਇੱਟਾਂ-ਰੋੜੇ ਚੱਲੇ

08:07 AM Oct 05, 2024 IST
ਪੰਚਾਇਤੀ ਚੋਣਾਂ  ਲੰਡੇਕੇ ਵਿੱਚ ਨਾਮਜ਼ਦਗੀਆਂ ਭਰਨ ਮੌਕੇ ਗੋਲੀਆਂ ਤੇ ਇੱਟਾਂ ਰੋੜੇ ਚੱਲੇ
ਮੋਗਾ ਦੇ ਪਿੰਡ ਲੰਡੇਕੇ ਵਿੱਚ ਨਾਮਜ਼ਦਗੀ ਭਰਨ ਮੌਕੇ ਝਗੜਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਕਤੂਬਰ
ਇਥੋਂ ਦੇ ਪਿੰਡ ਲੰਡੇੇਕੇ ਵਿੱਚ ਨਾਮਜ਼ਦਗੀ ਭਰਨ ਮੌਕੇ ਕਾਗਜ਼ ਭਰਨ ਤੋਂ ਰੋਕਣ ਕਾਰਨ ਹਾਲਾਤ ਵਿਗੜ ਗਏ। ਇਸ ਦੌਰਾਨ ਗੋਲੀਆਂ ਤੇ ਇੱਟਾਂ ਪੱਥਰ ਚਲਾਏ ਗਏ। ਦੂਜੇ ਪਾਸੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ. ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਨਾਮਜ਼ਦਗੀਆਂ ਖੋਹਣ, ਪਾੜਨ, ਕਾਗਜ਼ ਭਰਨ ਤੋਂ ਰੋਕਣ ਤੇ ਗੋਲੀ ਚਲਾਉਣ ਬਾਰੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਦੌਰਾਨ ਇੱਟਾਂ ਰੋੜੇ ਵੀ ਚੱਲੇ ਅਤੇ ਨਾਮਜ਼ਦਗੀ ਪੱਤਰ ਖੋਹ ਕੇ ਹਵਾ ਵਿਚ ਸੁੱਟਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਇੱਥੇ ਇੱਟਾਂ ਤੇ ਪੱਥਰ ਮਾਰਨ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਇਸ ਮੌਕੇ ਪਿੰਡ ਸਲ੍ਹੀਣਾਂ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ’ਚ ਖੂਨੀ ਝੜਪ ਹੋਈ। ਇੱਕ ਭਰਾ ਭਾਜਪਾ ਤੇ ਦੂਜਾ ਹਾਕਮ ਧਿਰ ਦਾ ਸਮਰਥਕ ਦੱਸਿਆ ਜਾਂਦਾ ਹੈ। ਪਿੰਡ ਬੁੱਕਣਵਾਲਾ ਵਿਚ ਸਰਪੰਚੀ ਦੇ ਚਾਹਵਾਨ ਹਾਕਮ ਧਿਰ ਨਾਲ ਜੁੜੇ ਦੋ ਸਮਰਥਕ ਵੀ ਭਿੜੇ। ਇਸ ਤੋਂ ਇਲਾਵਾ ਹੋਰਨਾਂ ਪਿੰਡਾਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਧੱਕੇਸ਼ਾਹੀ ਦੇ ਦੋਸ਼ ਲਾਏ। ਸ਼੍ਰੋਮਣੀ ਅਕਾਲੀ ਦਲ ਨੇ ਹਾਕਮ ਧਿਰ ਦੀ ਪੰਚਾਇਤੀ ਚੋਣਾਂ ’ਚ ਕਥਿਤ ਧੱਕੇਸ਼ਾਹੀ ਖ਼ਿਲਾਫ਼ ਜ਼ਿਲ੍ਹਾ ਸਕੱਤਰੇਤ ਅੱਗੇ ਨਾਮਜ਼ਦਗੀਆਂ ਦਾਖਲ ਕਰਨ ਤੋਂ ਰਹਿ ਗਏ ਪੰਚ ਸਰਪੰਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜ਼ਿਲ੍ਹਾ ਸਕੱਤਰੇਤ ਅੱਗੇ ਅਗਨ ਭੇਟ ਕਰਕੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਤੇ ਹੋਰ ਕਾਂਗਰਸੀ ਵੀ ਅਕਾਲੀ ਆਗੂਆਂ ਨਾਲ ਮੌਜੂਦ ਸਨ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਡੇਕੇ, ਧਰਮਕੋਟ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਮੋਗਾ ਸ਼ਹਿਰੀ ਹਲਕਾ ਇੰਚਾਰਜ ਸੰਦੀਪ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ’ਚ ਗੁੰਡਾਗਰਦੀ ਉੱਤੇ ਉੱਤਰੀ ਹਾਕਮ ਧਿਰ ਨੇ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਹੈ। ਉਨ੍ਹਾਂ ਸਰਕਾਰੀ ਮਸ਼ੀਨਰੀ ਅਤੇ ਹਾਕਮ ਧਿਰ ਵੱਲੋਂ ਲੋਕਤੰਤਰੀ ਪ੍ਰਕਿਰਿਆ ’ਚ ਪਾਏ ਅੜਿੱਕਿਆਂ ਦੀ ਨਿਖ਼ੇਧੀ ਕੀਤੀ।

Advertisement

ਨਾਮਜ਼ਦਗੀ ਪੱਤਰ ਖੋਹਣ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਦੀ ਵੀਡੀਓ ਵਾਇਰਲ

ਨਗਰ ਕੌਂਸਲ ਧਰਮਕੋਟ ਵਿਚ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਇੱਕ ਔਰਤ ਕੋਲੋਂ ਨਾਮਜ਼ਦਗੀ ਪੇਪਰ ਖੋਹਣ ਤੋਂ ਬਾਅਦ ਔਰਤ ਵੱਲੋਂ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਧਰਮਕੋਟ ਅਤੇ ਲੰਡੇਕੇ ਵਿਚ ਵਾਪਰੀ ਇਸ ਘਟਨਾ ਦੀ ਨਿਖ਼ੇਧੀ ਕਰਦਿਆਂ ਚੋਣ ਕਮਿਸ਼ਨ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੌਜੂਦਗੀ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਾਬਤ ਹੁੰਦਾ ਹੈ ਕਿ ਸੂਬੇ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।

Advertisement

Advertisement
Author Image

joginder kumar

View all posts

Advertisement