ਪੁਲੀਸ ਨੇ ਭੀੜ ਨੂੰ ਖਦੇੜਨ ਲਈ ਕੀਤਾ ਲਾਠੀਚਾਰਜ
ਮਲਕੀਤ ਸਿੰਘ
ਜਲਾਲਾਬਾਦ, 4 ਅਕਤੂਬਰ
ਇਥੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਸਥਿਤੀ ਉਸ ਵੇਲੇ ਬੇਕਾਬੂ ਹੋ ਗਈ, ਜਦੋਂ ਕੁਝ ਲੋਕਾਂ ਨੇ ਚੋਣ ਲੜਨ ਦੇ ਇਛੁੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਾਲੀਆਂ ਫਾਈਲਾਂ ਖੋਹ ਕੇ ਪਾੜ ਦਿੱਤੀਆਂ। ਇਸ ਤੋਂ ਬਾਅਦ ਤਕਰਾਰ ਵਧ ਗਈ ਅਤੇ ਪੁਲੀਸ ਨੇ ਭੀੜ ’ਤੇ ਲਾਠੀਚਾਰਜ ਕੀਤਾ। ਪੀੜਤ ਲੋਕਾਂ ਨੇ ਕਿਹਾ ਕਿ ਉਹ ਇੰਨੇ ਦਿਨਾਂ ਤੋਂ ਫਾਈਲਾਂ ਜਮ੍ਹਾਂ ਕਰਵਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਅੱਜ ਪੁਲੀਸ ਦੇ ਸਾਹਮਣੇ ਫਾਈਲਾਂ ਪਾੜ ਦਿੱਤੀਆਂ ਗਈਆਂ ਤੇ ਇਹ ਸਭ ਕੁਝ ਕਥਿਤ ‘ਆਪ’ ਆਗੂਆਂ ਨੇ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਲਈ ਜਲਾਲਾਬਾਦ ਦੇ ਲੜਕੀਆਂ ਦੇ ਸਰਕਾਰੀ ਕਾਲਜ ਨੂੰ ਸੈਂਟਰ ਬਣਾਇਆ ਗਿਆ ਹੈ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਲੋਕ ਨਾਮਜ਼ਦਗੀ ਭਰਨ ਆਏ ਸਨ। ਇਸ ਮੌਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਾਮਜ਼ਦਗੀ ਵਾਲੀਆਂ ਫਾਈਲਾਂ ਖੋਹ ਕੇ ਪਾੜ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਪੁਲੀਸ ਵੱਲੋਂ ਮਾਹੌਲ ਨੂੰ ਸ਼ਾਂਤ ਕਰਨ ਲਈ ਲਾਠੀਚਾਰਜ ਕੀਤਾ ਗਿਆ। ਉਧਰ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ।
ਕਾਂਗਰਸ ਦੇ ਐੱਮਪੀ ਸ਼ੇਰ ਸਿੰਘ ਘੁਬਾਇਆ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖ ਚੁੱਕੇ ਆਪ ਦੇ ਆਗੂਆਂ ਵੱਲੋਂ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਆਪਣੇ ਸਰਪੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਧੱਕੇਸ਼ਾਹੀ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੇ ਪਾਰਦਰਸ਼ੀ ਢੰਗ ਨਾਲ ਪੰਚਾਇਤੀ ਚੋਣਾਂ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਜ਼ਮੀਨੀ ਪੱਧਰ ’ਤੇ ਇਨ੍ਹਾਂ ਦੇ ਵਿਧਾਇਕ ਅਤੇ ਹੋਰ ਆਗੂ ਧੱਕੇਸ਼ਾਹੀਆਂ ਕਰ ਰਹੇ ਹਨ। ਪੀੜਤਾਂ ਨੇ ਦੱਸਿਆ ਕਿ ਇਸ ਸਰਕਾਰ ਨੇ ਧੱਕੇਸ਼ਾਹੀਆਂ ਦਾ ਅੱਜ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਧੱਕੇਸ਼ਾਹੀਆਂ ਕਰਨ ਵਾਲੇ ਲੀਡਰਾਂ ਅਤੇ ਪੁਲੀਸ ਅਧਿਕਾਰੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਕਾਲੀ ਅਤੇ ‘ਆਪ’ ਵਰਕਰ ਨਾਮਜ਼ਦਗੀਆਂ ਮੌਕੇ ਭਿੜੇ
ਫਤਹਿਗੜ੍ਹ ਪੰਜਤੂਰ (ਹਰਦੀਪ ਸਿੰਘ):
ਇੱਥੇ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਪਿੰਡ ਮੂਸੇਵਾਲਾ ਦੇ ਅਕਾਲੀ ਅਤੇ ‘ਆਪ’ ਵਰਕਰ ਆਪਸ ਵਿੱਚ ਭਿੜ ਪਏ। ਇਸ ਮੌਕੇ ਪੁਲੀਸ ਨੇ ਦੋਵਾਂ ਪਾਰਟੀਆਂ ਨੂੰ ਖਦੇੜ ਦਿੱਤਾ। ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਸ਼ਾਨ ਸਿੰਘ ਮੂਸੇਵਾਲਾ ਨੂੰ ਮਾਮੂਲੀ ਸੱਟਾਂ ਲੱਗੀਆਂ। ਇੱਥੇ ਸਵੇਰ 11 ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਮਾਂ ਖ਼ਤਮ ਹੋਣ ਤੱਕ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਧਰਮਕੋਟ ਚੌਕ ਵਿੱਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਦੂਜੇ ਪਾਸੇ ਪੁਲੀਸ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਮੁਸਤੈਦ ਰਹੀ।
ਸੇਖਵਾਂ ਦੇ ਦੋ ਸਰਪੰਚ ਉਮੀਦਵਾਰਾਂ ਦੀਆਂ ਫਾਈਲਾਂ ‘ਆਪ’ ਸਮਰਥਕਾਂ ਨੇ ਪਾੜੀਆਂ
ਕਾਹਨੂੰਵਾਨ (ਵਰਿੰਦਰਜੀਤ ਸਿੰਘ ਜਾਗੋਵਾਲ):
ਇਸ ਕਸਬੇ ਦੇ ਆਰਓ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਦੋ ਸਰਪੰਚ ਦੇ ਉਮੀਦਵਾਰਾਂ ਦੀਆਂ ਫਾਈਲਾਂ ਮੌਜੂਦਾ ਸਰਕਾਰ ਦੇ ਸਮਰਥਕਾਂ ਨੇ ਖੋਹ ਕੇ ਪਾੜ ਦਿੱਤੀਆਂ। ਪਿੰਡ ਸੇਖਵਾਂ ਦੇ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਸਰਪੰਚ ਦੀ ਚੋਣ ਲੜਨ ਲਈ ਲਿਖਤੀ ਕਾਰਵਾਈ ਮੁਕੰਮਲ ਕਰਕੇ ਫਾਈਲ ਜਮ੍ਹਾਂ ਕਰਵਾਉਣ ਲਈ ਆਰਓ ਸੈਂਟਰ ਸਾਹਮਣੇ ਕਤਾਰ ਵਿੱਚ ਖੜ੍ਹਾ ਸੀ ਤਾਂ ਵਿਰੋਧੀ ਧਿਰ ਦੇ ਸਮਰਥਕਾਂ ਨੇ ਉਸ ਨੂੰ ਜਬਰੀ ਕਤਾਰ ਵਿਚੋਂ ਧੂਹ ਲਿਆ ਅਤੇ ਉਸ ਦੀ ਸਰਪੰਚ ਦੀ ਚੋਣ ਲੜਨ ਲਈ ਤਿਆਰ ਕੀਤੀ ਫਾਈਲ ਖੋਹ ਕੇ ਪਾੜ ਦਿੱਤੀ। ਇਸ ਧੱਕਾ-ਮੁੱਕੀ ਦੌਰਾਨ ਉਸ ਦੀ ਪੱਗ ਉੱਤਰ ਗਈ ਅਤੇ ਸਿਰ ਅਤੇ ਮੱਥੇ ਉੱਤੇ ਸੱਟਾਂ ਵੀ ਲੱਗੀਆਂ। ਇਸ ਮੌਕੇ ਪੀੜਤ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪਿੰਡ ਦੀ ਸਰਪੰਚ ਦੀ ਸੀਟ ਅਨੁਸੂਚਿਤ ਜਾਤੀ (ਐਸਸੀ) ਲਈ ਰਿਜ਼ਰਵ ਸੀ ਪਰ ਮੌਜੂਦਾ ਸਰਕਾਰ ਦੇ ਸਮਰਥਕਾਂ ਵੱਲੋਂ ਰਾਜਨੀਤਕ ਦਬਾਅ ਪਾ ਕੇ ਇਹ ਸੀਟ ਰਿਜ਼ਰਵ ਤੋਂ ਜਨਰਲ ਵਿੱਚ ਤਬਦੀਲ ਕਰਵਾ ਲਈ ਗਈ ਅਤੇ ਨਾਲ ਹੀ ਉਨ੍ਹਾਂ ਨੇ ਧਮਕੀਆਂ ਦਿੱਤੀਆਂ ਕਿ ਪਿੰਡ ਦਾ ਸਰਪੰਚ ਕਿਸੇ ਵੀ ਨੀਵੀਂ ਜਾਤੀ ਵਾਲੇ ਨੂੰ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਸੇਖਵਾਂ ਦੇ ਦੂਸਰੇ ਉਮੀਦਵਾਰ ਦੇ ਭਰਾ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਪਰਮਜੀਤ ਸਿੰਘ ਤੋਂ ਸਰਪੰਚੀ ਦੀ ਫਾਈਲ ‘ਆਪ’ ਪਾਰਟੀ ਦੇ ਸਮਰਥਕ ਖੋਹ ਕੇ ਲੈ ਗਏ। ਦੋਵਾਂ ਪੀੜਤਾਂ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਮੌਕੇ ਉੱਤੇ ਤਾਇਨਾਤ ਪੁਲੀਸ ਨੂੰ ਕੀਤੀ ਗਈ। ਡੀਐੱਸਪੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਫਾਈਲਾਂ ਖੋਹਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।