ਪਨਬੱਸ ਮੁਲਾਜ਼ਮਾਂ ਵੱਲੋਂ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਜਾਮ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 28 ਜੂਨ
ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ ‘ਤੇ ਅੱਜ ਦੁਪਹਿਰੇ ਪਨਬੱਸ ਡਰਾਈਵਰਾਂ ਨੇ ਜਾਮ ਲਗਾ ਦਿੱਤਾ। ਇਸ ਕਾਰਨ ਜੀਟੀ ਰੋਡ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਗਰਮੀ ਵਿੱਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਟੌਲ ਪਲਾਜ਼ਾ ‘ਤੇ ਜਾਮ ਲਗਾਉਣ ਵਾਲੇ ਰੋਡਵੇਜ਼ ਮੁਲਾਜ਼ਮਾਂ ਨੇ ਦੱਸਿਆ ਟੌਲ ਪਲਾਜ਼ਾ ਮੁਲਾਜ਼ਮ ਉਨ੍ਹਾਂ ਨੂੰ ਜਾਣ-ਬੁੱਝ ਕੇ ਰੋਜ਼ਾਨਾ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਟੌਲ ਵਾਲੇ ਬੱਸਾਂ ਨੂੰ ਉੱਥੋਂ ਲੰਘਣ ਲਈ ਕੋਈ ਵੀ ਲੇਨ ਖਾਲੀ ਨਹੀਂ ਦਿੰਦੇ, ਇਸ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਪਹੁੰਚਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਨਬੱਸ ਮੁਲਾਜ਼ਮਾਂ ਨੇ ਟੌਲ ਪਲਾਜ਼ਾ ਮੈਨੇਜਰ ਉੱਪਰ ਦੋਸ਼ ਲਗਾਉਂਦਿਆਂ ਕਿਹਾ ਮੈਨੇਜਰ ਗੱਲ-ਗੱਲ ਉੱਤੇ ਉਨ੍ਹਾਂ ਨੂੰ ਪਿਸਤੌਲ ਕੱਢਣ ਦੀ ਧਮਕੀ ਦਿੰਦਾ ਹੈ। ਮੁਲਾਜ਼ਮ ਜਸਵੰਤ ਸਿੰਘ ਨੇ ਕਿਹਾ ਉਹ ਜਦੋਂ ਆਪਣੀ ਬੱਸ ਖੜ੍ਹੀ ਕਰ ਕੇ ਝਗੜੇ ਦਾ ਕਾਰਨ ਜਾਨਣ ਲਈ ਆਇਆ ਤਾਂ ਟੌਲ ਕਰਮੀ ਪਨਬੱਸ ਮੁਲਾਜ਼ਮ ਨਾਲ ਦੁਰਵਿਹਾਰ ਕਰ ਰਹੇ ਸਨ ਤੇ ਉਸ ਦੇ ਸਾਥੀ ਮੁਲਾਜ਼ਮ ਦੀ ਪੱਗ ਉਤਾਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਇਸ ਸਬੰਧੀ ਟੌਲ ਮੈਨੇਜਰ ਯਾਦਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਮੌਕੇ ਦੀ ਸੀਸੀਟੀਵੀ ਫੁਟੇਜ ਦੇ ਦਿੱਤੀ ਗਈ ਹੈ। ਮੈਨੇਜਰ ਨੇ ਕਿਹਾ ਉਹ ਖ਼ੁਦ ਵੀ ਚਾਹੁੰਦੇ ਹਨ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪਨਬੱਸ ਮੁਲਾਜ਼ਮਾਂ ਨੂੰ ਜਾਮ ਖੋਲ੍ਹਣ ਦੀ ਅਪੀਲ ਕੀਤੀ ਗਈ ਜਿਸ ਮਗਰੋਂ ਜਾਮ ਖੋਲ੍ਹਿਆ ਗਿਆ।