ਪਨਬਸ ਤੇ ਪੀਆਰਟੀਸੀ ਕਾਮਿਆਂ ਵੱਲੋਂ ਸੂਬੇ ’ਚ ਦੋ ਘੰਟੇ ਬੱਸਾਂ ਬੰਦ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕਤੂਬਰ
ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਜੂਝਦੀ ਆ ਰਹੀ ‘ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ’ (25/11) ਵੱਲੋਂ ਅੱਜ ਪੀਆਰਟੀਸੀ ਦੇ ਮੁੱਖ ਦਫਤਰ ਪਟਿਆਲਾ ਸਮੇਤ ਪੰਜਾਬ ਭਰ ਦੇ ਬੱਸ ਅੱਡੇ ਦੋ ਘੰਟੇ ਬੰਦ ਰੱਖੇ। ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬੱਸ ਅੱਡਿਆਂ ਅੰਦਰ ਕੀਤੇ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ ਹੈ, ਜਿਸ ਕਰਕੇ ਉਹ ਵਾਰ-ਵਾਰ ਵਾਅਦੇ ਕਰਕੇ ਭੱਜ ਰਹੀ ਹੈੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ 3 ਤੇ 9 ਨਵੰਬਰ ਨੂੰ ਜ਼ਿਮਨੀ ਚੋਣਾਂ ਵਾਲੇ ਹਲਕਿਆਂ ’ਚ ਝੰਡਾ ਮਾਰਚ ਕਰਨਗੇ। ਯੂਨੀਅਨ ਦੇ ਬੁਲਾਰੇ ਹਰਕੇਸ਼ ਕੁਮਾਰ ਨੇ ਕਿਹਾ ਕਿ ਪਹਿਲੀ ਜੁਲਾਈ ਨੂੰ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਇੱਕ ਮਹੀਨੇ ’ਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਖ਼ਤਮ ਕਰਨ, ਕੰਮ ਬਰਾਬਰ ਤਨਖਾਹ, ਤਨਖ਼ਾਹਾਂ ’ਚ ਇਕਸਾਰਤਾ, ਕਿਲੋਮੀਟਰ ਸਕੀਮ ਯੋਜਨਾ ਬੰਦ ਕਰਨ, ਮੁਲਾਜ਼ਮਾਂ ਦੀ ਬਹਾਲੀ ਅਤੇ ਟਰਾਂਸਪੋਰਟ ਮਾਫੀਆ ’ਤੇ ਨਕੇਲ ਕੱਸਣ ਸਮੇਤ ਕਈ ਹੋਰ ਮੰਗਾਂ ਮੰਨਣ ਦਾ ਵਾਅਦਾ ਕੀਤਾ ਗਿਆ ਸੀ ਪਰ ਚਾਰ ਮਹੀਨੇ ਬੀਤਣ ’ਤੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ 22 ਅਕਤੂਬਰ ਨੂੰ ਯੂਨੀਅਨ ਨਾਲ ਮੀਟਿੰਗ ਤੈਅ ਕਰਕੇ ਵੀ ਟਰਾਂਸਪੋਰਟ ਮੰਤਰੀ ਨਹੀਂ ਪਹੁੰਚੇ, ਜਿਸ ਕਰਕੇ ਉਨ੍ਹਾਂ ਵੱਲੋਂ ਅੱਜ ਪੰਜਾਬ ਭਰ ’ਚ ਬੱਸ ਅੱਡੇ ਬੰਦ ਕਰਕੇ ਪ੍ਰਦਰਸ਼ਨ ਕੀਤੇ ਗਏ ਹਨ। ਆਗੂਆਂ ਨੇ ਕਿਹਾ ਕਿ ਜੇ ਹੁਣ 29 ਅਕਤੂਬਰ ਨੂੰ ਰੱਖੀ ਗਈ ਅਗਲੀ ਮੀਟਿੰਗ ’ਚ ਵੀ ਇਹ ਮਸਲੇ ਨਾ ਹੱਲ ਕੀਤੇ ਗਏ ਤਾਂ ਯੂਨੀਅਨ ਵੱਲੋਂ ਜ਼ਿਮਨੀ ਚੋਣ ਵਾਲੇ ਹਲਕਿਆਂ ਵਿੱਚ ਝੰਡਾ ਮਾਰਚ ਕੀਤੇ ਜਾਣਗੇ। ਇਸ ਤਹਿਤ 3 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ਜਦਕਿ 9 ਨਵਬੰਰ ਨੂੰ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਹਲਕਿਆਂ ’ਚ ਵੀ ਝੰਡਾ ਮਾਰਚ ਕਰਦਿਆਂ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। ਪ੍ਰਦਰਸ਼ਨਾਂ ਦੌਰਾਨ ਵੀਰ ਚੰਦ ਸ਼ਰਮਾ, ਹਰਜਿੰਦਰ ਗੋਰਾ, ਹਰਮਨ ਸਿੰਘ, ਜਤਿੰਦਰਪਾਲ ਸਿੰਘ ਅਤੇ ਸੰਦੀਪ ਕੁਮਾਰ, ਪਵਨ ਢੀਂਡਸਾ ਨੇ ਵੀ ਸੰਬੋਧਨ ਕੀਤਾ।