For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦਾ ਪੱਕਾ ਮੋਰਚਾ ਪੁਲੀਸ ਦੇ ਭਰੋਸੇ ਤੋਂ ਬਾਅਦ ਮੁਲਤਵੀ

07:11 AM Sep 14, 2024 IST
ਕਿਸਾਨਾਂ ਦਾ ਪੱਕਾ ਮੋਰਚਾ ਪੁਲੀਸ ਦੇ ਭਰੋਸੇ ਤੋਂ ਬਾਅਦ ਮੁਲਤਵੀ
ਧਰਨਾਕਾਰੀਆਂ ਨਾਲ ਗੱਲਬਾਤ ਹੋਏ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ।
Advertisement

ਜਗਤਾਰ ਸਿੰਘ ਨਹਿਲ
ਲੌਂਗੋਵਾਲ, 13 ਸਤੰਬਰ
ਕਿਸਾਨ ਜਥੇਬੰਦੀਆਂ ਵੱਲੋਂ ਨਸ਼ੇ ਅਤੇ ਚੋਰੀ ਦੀਆਂ ਘਟਨਾਵਾਂ ਖ਼ਿਲਾਫ਼ ਅੱਜ ਥਾਣਾ ਲੌਂਗੋਵਾਲ ਵਿੱਚ ਲਗਾਇਆ ਮੋਰਚਾ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਵੱਲੋਂ ਪੰਜ ਦਿਨਾਂ ਦੇ ਅੰਦਰ ਸਖ਼ਤ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ।
ਡੀਐੱਸਪੀ ਖਹਿਰਾ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਨਸ਼ੇ ਅਤੇ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲੀਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਨਸ਼ਿਆਂ ਖ਼ਿਲਾਫ਼ ਲੌਂਗੋਵਾਲ ਵਿੱਚ ਸਪੈਸ਼ਲ ਅਪ੍ਰੇਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਦਿਨਾਂ ਵਿੱਚ ਪੁਲੀਸ ਮਾੜੇ ਅਨਸਰਾਂ ਖ਼ਿਲਾਫ਼ ਨਤੀਜਾਪੂਰਨ ਕਾਰਵਾਈ ਕਰੇਗੀ। ਉਨ੍ਹਾਂ ਇਸ ਮੁਹਿੰਮ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਥਾਣਾ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਜਿੱਥੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਬਾਰੇ ਦੱਸਿਆ ਉੱਥੇ ਉਨ੍ਹਾਂ ਮਾਪਿਆਂ ਨੂੰ ਬੱਚਿਆਂ ’ਤੇ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ 20 ਸਤੰਬਰ ਤੱਕ ਜੇਕਰ ਪੁਲੀਸ ਨੇ ਕੋਈ ਤਸੱਲੀਬਖ਼ਸ਼ ਕਾਰਵਾਈ ਨਾ ਕੀਤੀ ਤਾਂ 20 ਸਤੰਬਰ ਨੂੰ ਹੀ ਥਾਣੇ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਮੋਰਚੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਡਕੌਂਦਾ ਬੁਰਜ ਗਿੱਲ ਅਤੇ ਬੀਕੇਯੂ ਏਕਤਾ (ਆਜ਼ਾਦ) ਜਥੇਬੰਦੀਆਂ ਵੱਲੋਂ ਕੀਤੀ ਗਈ ਤੇ ਇਲਾਕੇ ਦੇ ਲੋਕਾਂ ਦਾ ਵੱਡਾ ਸਹਿਯੋਗ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਚੋਰਾਂ ਵੱਲੋਂ ਜਿੱਥੇ ਕਿਸਾਨਾਂ ਦੀਆਂ ਮੋਟਰਾਂ ਤੋਂ ਦੋ-ਦੋ ਵਾਰੀ ਕੇਬਲਾਂ ਵੱਢੀਆਂ ਗਈਆਂ ਹਨ ਉੱਥੇ ਹੀ ਕਈ ਦੁਕਾਨਾਂ ਦੇ ਵੀ ਸ਼ਟਰ ਤੋੜ ਕੇ ਚੋਰੀਆਂ ਹੋਈਆਂ ਹਨ। ਲੌਂਗੋਵਾਲ ਦੇ ਹਰ ਇੱਕ ਮੋੜ ’ਤੇ ਨਸ਼ਾ ਵਿਕ ਰਿਹਾ ਹੈ, ਜਿਸ ਤਹਿਤ ਹੀ ਇਹ ਧਰਨਾ ਲਗਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿੱਚ ਚੱਲਦੇ ਗੈਰ ਲਾਇਸੈਂਸਸ਼ੁਦਾ ਕਬਾੜਖਾਨਿਆਂ ਨੂੰ ਬੰਦ ਕੀਤਾ ਜਾਵੇ, ਲੌਂਗੋਵਾਲ ਥਾਣੇ ਦੀ ਪੁਲੀਸ ਨੂੰ ਵੀਆਈਪੀ ਡਿਊਟੀਆਂ ਵਿੱਚ ਲਾਉਣਾ ਬੰਦ ਕੀਤਾ ਜਾਵੇ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੇ ਕੰਮ ਲਾਇਆ ਜਾਵੇ। ਮੋਰਚੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬੀਕੇਯੂ ਏਕਤਾ ਡਕੌਂਦਾ ਦੇ ਆਗੂ ਦਰਬਾਰਾ ਸਿੰਘ, ਭੋਲਾ ਸਿੰਘ, ਕਾਲਾ ਸਿੰਘ ਅਤੇ ਬੀਕੇਯੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਹੈਪੀ ਨਮੋਲ, ਇਕਾਈ ਪ੍ਰਧਾਨ ਬਲਜਿੰਦਰ ਸਿੰਘ ਕਰਨੈਲ ਸਿੰਘ ਜੱਸੇਕਾ, ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਪ੍ਰਿਥੀ ਸਿੰਘ ਲੌਂਗੋਵਾਲ,ਕਾਮਰੇਡ ਸਤਪਾਲ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਅੰਮ੍ਰਿਤ ਲਾਲ ਸਿੰਗਲਾ,ਮੰਗੂ ਰਾਮ,ਬੁੱਧ ਰਾਮ ਗਰਗ, ਹਰਦੇਵ ਸਿੰਘ ਦੁੱਲਟ, ਰਾਣੀ ਕੌਰ, ਇਸਤਰੀ ਆਗੂ ਜਸਵੀਰ ਕੌਰ, ਰਵਿੰਦਰ ਸਿੰਘ ਤਕੀਪੁਰ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement