ਕਾਂਗਰਸ ਵੱਲੋਂ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਖ਼ਿਲਾਫ਼ ਪ੍ਰਦਰਸ਼ਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਕਾਂਗਰਸ ਵੱਲੋਂ ਡੀਐੱਸਪੀ ਦਫ਼ਤਰਾਂ ਅੱਗੇ ਦਿੱਤੇ ਗਏ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਦਿਨ ਰਾਤ ਲੁੱਟਾਂ ਖੋਹਾਂ ਹੋ ਰਹੀਆਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਰੁੱਝੇ ਹੋਏ ਹਨ। ਪਟਿਆਲਾ ਦਿਹਾਤੀ ਦੇ ਡੀਐੱਸਪੀ ਦਫ਼ਤਰ ਅੱਗੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਲੱਗੇ ਧਰਨੇ ’ਚ ਪੁੱਜੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਜਿਵੇਂ ਕਰਜ਼ਾ ਲੈ ਕੇ ਪੰਜਾਬ ਦਾ ਹਾਲ ਕੀਤਾ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ‘ਆਪ’ ਸਰਕਾਰ ਪੰਜਾਬ ਨੂੰ ਰੰਗਲਾ ਨਹੀਂ ਕੰਗਲਾ ਪੰਜਾਬ ਬਣਾਉਣ ਵੱਲ ਤੁਰੀ ਹੋਈ ਹੈ। ਡਾ. ਗਾਂਧੀ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ ਅਮਨ ਕਾਨੂੰਨੀ ਦੀ ਸਥਿਤੀ ਵਿਗੜ ਗਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਦਬਾਉਣ ਲੱਗੀ ਹੈ। ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਨੇ ਪੰਜਾਬ ਸਰਕਾਰ ਦਾ ਅਸਲ ਮਕਸਦ ਸਪਸ਼ਟ ਕਰ ਦਿੱਤਾ ਹੈ। ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪੰਜਾਬ ਨੂੰ ਲੋਕਾਂ ਨੇ ਅਣਜਾਣੇ ਵਿਚ ਗ਼ਲਤ ਲੋਕਾਂ ਦੇ ਹੱਥਾਂ ਵਿਚ ਦੇ ਦਿੱਤਾ ਹੈ। ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲਾਰੇ ਲਗਾ ਕੇ ਬੁੱਤਾ ਸਾਰ ਰਹੀ ਹੈ। ਇਸੇ ਤਰ੍ਹਾਂ ਇੱਥੇ ਪਟਿਆਲਾ ਦਿਹਾਤੀ ਦੇ ਇੰਚਾਰਜ ਤੇ ਸੂਬਾ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ। ਉਨ੍ਹਾਂ ਵੀ ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨੀ ਦੀ ਸਥਿਤੀ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਬਲਾਕ ਕਾਂਗਰਸ ਕਮੇਟੀ ਸੰਗਰੂਰ ਅਤੇ ਭਵਾਨੀਗੜ੍ਹ ਦੇ ਪਾਰਟੀ ਵਰਕਰਾਂ ਵਲੋਂ ਇੱਥੇ ਡੀਐੱਸਪੀ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ, ਬਲਾਕ ਕਾਂਗਰਸ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਅਤੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਜਿਸ ਕਾਰਨ ਸੂਬੇ ਵਿਚ ਲੋਕਾਂ ਦਾ ਜੀਵਨ ਡਰ ਤੇ ਸਹਿਮ ਦੇ ਮਾਹੌਲ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕਾਂਗਰਸੀ ਆਗੂ ਸ਼ੁਭਾਸ਼ ਗਰੋਵਰ, ਬਿੰਦਰ ਬਾਂਸਲ, ਸਤਪਾਲ ਧਾਲੀਵਾਲ, ਰਣਜੀਤ ਸਿੰਘ ਤੂਰ, ਵਰਿੰਦਰ ਮਿੱਤਲ ਤੇ ਕੁਲਵਿੰਦਰ ਕਿੰਦਾ ਆਦਿ ਹਾਜ਼ਰ ਸਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਖ਼ਿਲਾਫ਼ ਮਾਲੇਰਕੋਟਲਾ ਵਿੱਚ ਵੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨ ਦੀ ਧੀ ਨਿਸ਼ਾਤ ਅਖ਼ਤਰ ਦੀ ਅਗਵਾਈ ਵਿੱਚ ਡੀਐਸਪੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੰਗ ਪੱਤਰ ਰਾਹੀਂ ਡੀਐੱਸਪੀ (ਇੰਟੈਲੀਜੈਂਸ) ਰਣਜੀਤ ਸਿੰਘ ਨੂੰ ਸੂਬੇ ਦੀ ਸਥਿਤੀ ਤੋਂ ਜਾਣੂ ਕਰਵਾਇਆ।
ਇਸ ਮੌਕੇ ਨਿਸ਼ਾਂਤ ਅਖ਼ਤਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੀਡਰ ਵੱਡਾ ਨਹੀਂ ਹੁੰਦਾ ਲੋਕ ਵੱਡੇ ਹੁੰਦੇ ਹਨ, ਲੋਕਾਂ ਦੀ ਬਦੌਲਤ ਹੀ ਲੀਡਰ ਬਣਦੇ ਹਨਪਰ ਪੰਜਾਬ ਦੀ ਸੱਤਾ ਪਲਟਣ ਵਿਚ ਲੋਕਾਂ ਨੇ ਅਜਿਹੇ ਲੀਡਰ ਬਣਾ ਦਿਤੇ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਪੰਜਾਬ ਤੇ ਰਾਜ ਕਰਨਗੇ। ਨਿਸ਼ਾਂਤ ਅਖ਼ਤਰ ਨੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਦਾ ਇਹੋ ਜਿਹਾ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਸੀ। ਧਰਨੇ ਵਿੱਚ ਮਹਿਲਾ ਪ੍ਰਧਾਨ ਸੀਮਾ ਕਲਿਆਣ, ਸਾਬਕਾ ਚੇਅਰਮੈਨ ਇਕਬਾਲ ਲਾਲਾ, ਕੌਂਸਲਰ ਫ਼ਾਰੂਕ ਅਨਸਾਰੀ, ਮੁਹੰਮਦ ਨਸੀਮ ਤੇ ਮੁਹੰਮਦ ਸ਼ਬੀਰ ਆਦਿ ਹਾਜ਼ਰ ਸਨ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਕਾਂਗਰਸ ਪਾਰਟੀ ਦੀ ਰਾਜਪੁਰਾ ਇਕਾਈ ਵੱਲੋਂ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਰਾਜਪੁਰਾ ਵਿੱਚ ਸੂਬਾ ਸਰਕਾਰ ਦੀਆਂ ਵਧੀਕੀਆਂ ਅਤੇ ਹਲਕਾ ਵਿਧਾਇਕ ਦੀਆਂ ਨਾਕਾਮੀਆਂ ਖ਼ਿਲਾਫ਼ ਧਰਨਾ ਦਿੱਤਾ ਗਿਆ। ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਰਾਜ ਚੱਲ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਅਮਰ ਪਾਸੀ, ਡਿੰਪੀ ਰਾਣਾ, ਬਲਦੇਵ ਸਿੰਘ ਗਦੋਮਾਜਰਾ, ਗਿਆਨ ਚੰਦ ਸ਼ਰਮਾ, ਵਿਨੈ ਨਿਰੰਕਾਰੀ, ਜਗਨੰਦਨ ਗੁਪਤਾ, ਸਰਬਜੀਤ ਸਿੰਘ ਮਾਣਕਪੁਰ, ਨਰਿੰਦਰ ਸੋਨੀ, ਜਸਵਿੰਦਰ ਕੋਟਲਾ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਕਾਂਗਰਸ ਪਾਰਟੀ ਨੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੈਂਬਰ ਪੀਸੀਸੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਅਤੇ ਡੀਐੱਸਪੀ ਦੀਪਇੰਦਰ ਸਿੰਘ ਜੇਜੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਟੁਰਨਾ, ਰਵਿੰਦਰ ਰਿੰਕੂ ਪ੍ਰਧਾਨ ਸਰਪੰਚ ਯੂਨੀਅਨ, ਚੇਅਰਮੈਨ ਜਸਵਿੰਦਰ ਰਿੰਪੀ, ਗੁਰਤੇਜ ਸਿੰਘ ਕੋਟੜਾ, ਜ਼ਿਲ੍ਹਾ ਕਾਂਗਰਸ ਦੇ ਓਬੀਸੀ ਤੇ ਗੁਰਵਿੰਦਰ ਬੱਗੜ ਨੇ ਸੰਬੋਧਨ ਕੀਤਾ।
ਸਮਾਣਾ (ਸੁਭਾਸ਼ ਚੰਦਰ): ਕਾਂਗਰਸੀ ਵਰਕਰਾਂ ਨੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਸਮਾਣਾ ਦੇ ਦਫਤਰ ਮੁਹਰੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਸਮਾਣਾ ਦੇ ਪ੍ਰਧਾਨ ਮੰਗਤ ਮਵੀ, ਪਸਿਆਣਾ ਪ੍ਰਧਾਨ ਨਾਇਬ ਸਿੰਘ ਭਾਨਰੀ ਤੇ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਛੰਨਾ ਨੇ ਸੰਬੋਧਨ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ): ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਧੂਰੀ ਦੇ ਡੀਐੱਸਪੀ ਦਫਤਰ ਅੱਗੇ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਧੂਰੀ ਦੇ ਐੱਸ ਐੱਚਓ ਨੂੰ ਮੰਗ ਪੱਤਰ ਦਿੱਤਾ। ਇਸ ਧਰਨੇ ਵਿੱਚ ਧੂਰੀ ਦੇ ਅਰਜ਼ਰਬਰ ਰਾਜਾ ਬੀਰਕਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਧਰਨੇ ਨੂੰ ਸੀਨੀਅਰ ਕਾਂਗਰਸੀ ਆਗੂ ਤਰਸੇਮ ਤਲਵਾੜ, ਬਲਾਕ ਪ੍ਰਧਾਨ ਲਖਵੀਰ ਬਮਾਲ, ਸਤੀਸ਼ ਜਿੰਦਲ ਸਹਿਰੀ ਪ੍ਰਧਾਨ ਨਰੇਸ਼ ਮੰਗੀ, ਕੌਸਲਰ ਰਾਜੀਵ ਚੌਧਰੀ, ਮਹਾਂਵੀਰ ਸਿੰਘ ਤੇ ਅੰਮ੍ਰਿਤ ਬਰਾੜ ਨੇ ਸੰਬੋਧਨ ਕੀਤਾ।
ਮੂਨਕ (ਕਰਮਵੀਰ ਸਿੰਘ ਸੈਣੀ): ਮੂਨਕ ਦੇ ਡੀਐੱਸਪੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨੋਂ ਦਿਨ ਵਿਗੜ ਰਹੀ ਹੈ। ਇਸ ਦੌਰਾਨ ਕਾਂਗਰੀ ਆਗੂਆਂ ਵੱਲੋਂ ਡੀਐੱਸਪੀ ਪੀਐੱਸ ਗਰੇਵਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਰਘਵੀਰ ਸਿੰਘ ਸੈਣੀ, ਬੰਟੀ ਠੇਕੇਦਾਰ, ਵਕੀਲ ਮੁਛਾਲ ਤੇ ਰਿੰਕੂ ਸੈਣੀ ਆਦਿ ਮੌਜੂਦ ਸਨ।
ਅਮਰਗੜ੍ਹ ਵਿੱਚ ਕਾਂਗਰਸ ਦੀ ਧੜੇਬੰਦੀ ਜੱਗ ਜ਼ਾਹਿਰ ਹੋਈ
ਅਮਰਗੜ੍ਹ (ਰਾਜਿੰਦਰ ਜੈਦਕਾ): ਕਾਂਗਰਸ ਪਾਰਟੀ ਵਿੱਚ ਅੱਜ ਧੜੇਬੰਦੀ ਉਦੋਂ ਜ਼ਾਹਿਰ ਹੋ ਗਈ ਜਦੋਂ ਡੀਐੱਸਪੀ ਦਫ਼ਤਰ ਅੱਗੇ ਧਰਨੇ ਉਪਰੰਤ ਪਾਰਟੀ ਵਰਕਰਾਂ ਨੇ ਡੀਐੱਸਪੀ ਨੂੰ ਦੋ ਵਾਰ ਮੰਗ ਪੱਤਰ ਦੇ ਦਿੱਤਾ। ਕਾਂਗਰਸ ਵਰਕਰਾਂ ਨੇ ਥਾਣੇ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਨੀਅਰ ਆਗੂ ਗੁਰਜੋਤ ਸਿੰਘ ਢੀਂਡਸਾ, ਸੀਨਅਰ ਆਗੂ ਜਗਰੂਪ ਸਿੰਘ ਬਿੱਟੂ ਜਲਾਲਗੜ੍ਹ, ਕਿਸਾਨ ਆਗੂ ਭੁਪਿੰਦਰ ਸਿੰਘ ਲਾਂਗੜੀਆਂ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਤੇ ਬਲਾਕ ਪ੍ਰਧਾਨ ਲਾਲ ਸਿੰਘ ਤੋਲੇਵਾਲ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਕਾਨੂੰਨ ਦੀ ਵਿਗੜ ਰਹੀ ਵਿਵਸਥਾ ਸਬੰਧੀ ਇੱਕ ਮੰਗ ਪੱਤਰ ਸੀਨੀਅਰ ਆਗੂ ਗੁਰਜੋਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਡੀਐੱਸਪੀ ਨੂੰ ਦਿੱਤਾ ਗਿਆ। ਇਸ ਉਪਰੰਤ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨੇ ਪਹੁੰਚ ਕੇ ਡੀਐੱਸਪੀ ਨੂੰ ਦੁਬਾਰਾ ਮੰਗ ਪੱਤਰ ਦਿੱਤਾ ਜਿਸ ਉਪਰੰਤ ਕੁਝ ਕਾਂਗਰਸ ਆਗੂ ਇਹ ਕਹਿਦੇ ਸੁਣਾਈ ਦਿੱਤੇ ਕਿ ਹੁਣ ਮੁੜ ਮੰਗ ਦੇਣ ਦੀ ਕੀ ਲੋੜ ਸੀ।