ਪਾਕਿਸਤਾਨ ਵੱਲੋਂ ਮੋਦੀ ਨੂੰ ਐੱਸਸੀਓ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ
ਇਸਲਾਮਾਬਾਦ, 29 ਅਗਸਤ
ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਅਕਤੂਬਰ ’ਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੁਖੀਆਂ ਦੇ ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਨੇ ਅੱਜ ਇਹ ਜਾਣਕਾਰੀ ਦਿੱਤੀ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਹਫ਼ਤਾਵਾਰੀ ਪੱਤਰਕਾਰ ਸੰਮੇਲਨ ਦੌਰਾਨ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ 15-16 ਅਕਤੂਬਰ ਨੂੰ ਹੋਣ ਵਾਲੇ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਵੱਖ ਵੱਖ ਮੁਲਕਾਂ ਦੇ ਮੁਖੀਆਂ ਨੂੰ ਸੱਦੇ ਭੇਜੇ ਗਏ ਹਨ। ਖ਼ਬਰ ਅਨੁਸਾਰ, ‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਗਿਆ ਹੈ।’ ਬਲੋਚ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਪਹਿਲਾਂ ਹੀ ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ, ‘ਬਾਅਦ ’ਚ ਦੱਸਿਆ ਜਾਵੇਗਾ ਕਿ ਕਿਸ ਮੁਲਕ ਨੇ ਪੁਸ਼ਟੀ ਕੀਤੀ ਹੈ।’ ਐੱਸਸੀਓ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਦਾ ਪ੍ਰਭਾਵਸ਼ਾਲੀ ਆਰਥਿਕ ਤੇ ਸੁਰੱਖਿਆ ਸਮੂਹ ਹੈ। ਸੰਮੇਲਨ ਤੋਂ ਪਹਿਲਾਂ ਮੰਤਰੀ ਪੱਧਰੀ ਦੀ ਵਾਰਤਾ ਤੇ ਹੋਰ ਮੀਟਿੰਗਾਂ ਹੋਣਗੀਆਂ। -ਪੀਟੀਆਈ