ਪਾਕਿਸਤਾਨ ਦਾ ਸਰਹੱਦ ਪਾਰੋਂ ਅਤਿਵਾਦ ਸਫਲ ਨਹੀਂ ਹੋਵੇਗਾ: ਜੈਸ਼ੰਕਰ
ਨਿਊ ਯਾਰਕ, 28 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਅੱਜ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਪਾਰੋਂ ਅਤਿਵਾਦ ਦੀ ਨੀਤੀ ਕਦੇ ਵੀ ਸਫਲ ਨਹੀਂ ਹੋਵੇਗੀ। ਉਨ੍ਹਾਂ ‘ਕਰਮ’ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁਲਕ ਦੀਆਂ ਗਲਤ ਨੀਤੀਆਂ ਹਨ ਜੋ ਉਨ੍ਹਾਂ ਦੇ ਆਪਣੇ ਹੀ ਸਮਾਜ ਨੂੰ ਨਿਗਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਵਿਕਾਸ ਦੋਵੇਂ ਨਾਲ-ਨਾਲ ਚਲਦੇ ਹਨ। ਜੈਸ਼ੰਕਰ ਇੱਥੇ ਸੰਯੁਕਤ ਰਾਸ਼ਟਰ ਆਮ ਸਭਾ ’ਚ ਸੰਬੋਧਨ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮਸਲੇ ਤਾਂ ਹੀ ਸੁਲਝ ਸਕਦੇ ਹਨ ਜੇ ਪਾਕਿਸਤਾਨ ਗ਼ੈਰਕਾਨੂੰਨੀ ਢੰਗ ਨਾਲ ਦੱਬੇ ਭਾਰਤੀ ਇਲਾਕੇ ਖਾਲੀ ਕਰ ਦੇਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਯੂਐੱਨ ’ਚ ਜੰਮੂ ਕਸ਼ਮੀਰ ਦਾ ਰਾਗ ਮੁੜ ਅਲਾਪਦਿਆਂ ਕਿਹਾ ਸੀ ਕਿ ਭਾਰਤ ਨੂੰ ਧਾਰਾ 370 ਮਨਸੂਖ ਕਰਨ ਦਾ ਫ਼ੈਸਲਾ ਵਾਪਸ ਲੈ ਕੇ ਦੋਵਾਂ ਮੁਲਕਾਂ ਵਿਚਾਲੇ ਵਾਰਤਾ ਸ਼ੁਰੂ ਕਰਨੀ ਚਾਹੀਦੀ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਵਿਸ਼ੇ ਦੀ ਹਮਾਇਤ ਕਰਦਾ ਹੈ ਜੋ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਔਖੇ ਸਮੇਂ ’ਚ ਇਕੱਠੇ ਹੋਏ ਹਨ। ਦੁਨੀਆ ਨੇ ਅਜੇ ਵੀ ਕੋਵਿਡ ਮਹਾਮਾਰੀ ਤੋਂ ਉੱਭਰਨਾ ਹੈ। ਯੂਕਰੇਨ ਜੰਗ ਦਾ ਤੀਜਾ ਸਾਲ ਚੱਲ ਰਿਹਾ ਹੈ ਤੇ ਗਾਜ਼ਾ ’ਚ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੁਨੀਆ ਆਪਸੀ ਸੰਘਰਸ਼ਾਂ ’ਚ ਵੰਡੀ ਗਈ ਹੈ ਤੇ ਦੁਨੀਆ ਦਾ ਧਰੁਵੀਕਰਨ ਹੋ ਗਿਆ ਹੈ। ਅਜਿਹੇ ’ਚ ਗੱਲਬਾਤ ਤੇ ਸਮਝੌਤੇ ਬਹੁਤ ਮੁਸ਼ਕਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅਜਿਹਾ ਨਹੀਂ ਹੈ ਜਿਵੇਂ ਸੰਯੁਕਤ ਰਾਸ਼ਟਰ ਦੇ ਬਾਨੀ ਚਾਹੁੰਦੇ ਸਨ। -ਪੀਟੀਆਈ
‘ਆਲਮੀ ਦਹਿਸ਼ਤੀ ਘਟਨਾਵਾਂ ਵਿੱਚ ਪਾਕਿ ਦਾ ਹੱਥ ਰਿਹੈ’
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਪਾਕਿਸਤਾਨ ਨੂੰ ਖਰੀਆਂ- ਖਰੀਆਂ ਸੁਣਾਉਂਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਅਤਿਵਾਦੀ ਘਟਨਾਵਾਂ ਵਿੱਚ ਉਸ ਦਾ ਹੱਥ ਰਿਹਾ ਹੈ ਅਤੇ ਗੁਆਂਢੀ ਦੇਸ਼ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਖ਼ਿਲਾਫ਼ ਸਰਹੱਦ ਪਾਰ ਅਤਿਵਾਦ ਦੇ ਨਤੀਜੇ ਉਸ ਨੂੰ ਲਾਜ਼ਮੀ ਤੌਰ ’ਤੇ ਭੁਗਤਣੇ ਪੈਣਗੇ। ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਸੈਸ਼ਨ ਦੀ ਆਮ ਬਹਿਸ ਵਿੱਚ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਜ਼ੰਮੂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਦੀ ਪ੍ਰਤੀਕਿਰਿਆ ਵਿੱਚ ਆਪਣੇ ‘ਜਵਾਬ ਦੇਣ ਦੇ ਅਧਿਕਾਰ’ ਦਾ ਸ਼ੁੱਕਰਵਾਰ ਨੂੰ ਇਸਤੇਮਾਲ ਕੀਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪਹਿਲੀ ਸਕੱਤਰ ਭਾਵਿਕਾ ਮੰਗਲਾਨੰਦਨ ਨੇ ਭਾਰਤ ਦੇ ਜਵਾਬ ਦੇਣ ਦੇ ਅਧਿਕਾਰ ਤਹਿਤ ਕਿਹਾ, ‘ਇਸ ਜਨਰਲ ਅਸੈਂਬਲੀ ਨੇ ਅੱਜ ਸਵੇਰੇ ਅਫ਼ਸੋਸਨਾਕ ਢੰਗ ਨਾਲ ਇਕ ਹਾਸੋਹੀਣੀ ਘਟਨਾ ਦੇਖੀ। ਅਤਿਵਾਦ, ਨਸ਼ੀਲੇ ਪਦਾਰਥ ਦੇ ਕਾਰੋਬਾਰ ਅਤੇ ਕੌਮਾਂਤਰੀ ਅਪਰਾਧ ਲਈ ਦੁਨੀਆ ਭਰ ਵਿੱਚ ਪਛਾਣੇ ਜਾਂਦੇ ਅਤੇ ਫੌਜ ਵੱਲੋਂ ਚਲਾਏ ਜਾਂਦੇ ਇਕ ਦੇਸ਼ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।’ ਉਨ੍ਹਾਂ ਕਿਹਾ ਕਿ ਜਿਵੇਂ ਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਆਪਣੇ ਗੁਆਂਢੀਆਂ ਖ਼ਿਲਾਫ਼ ਹਥਿਆਰ ਵਜੋਂ ਸਰਹੱਦ ’ਤੇ ਅਤਿਵਾਦ ਦਾ ਲੰਬੇ ਸਮੇਂ ਤੋਂ ਇਸਤੇਮਾਲ ਕਰਦਾ ਰਿਹਾ ਹੈ। ਮੰਗਲਾਨੰਦਨ ਨੇ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਵੱਲੋਂ ਭਾਰਤ ’ਚ ਕੀਤੇ ਗਏ ਵੱਖ ਵੱਖ ਅਤਿਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘ਸੂਚੀ ਲੰਬੀ ਹੈ। ਅਜਿਹੇ ਦੇਸ਼ ਦਾ ਹਿੰਸਾ ਬਾਰੇ ਕਿਧਰੇ ਵੀ ਬੋਲਣਾ ਪੂਰੀ ਤਰ੍ਹਾਂ ਪਾਖੰਡ ਹੈ।’ -ਪੀਟੀਆਈ