PAK ATTACK ਪਾਕਿਸਤਾਨ: ਬਲੋਚਿਸਤਾਨ ਵਿੱਚ ਸੁਰੱਖਿਆ ਚੈੱਕ ਪੋਸਟ ’ਤੇ ਹਮਲੇ ’ਚ ਸੱਤ ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ
ਕਰਾਚੀ, 16 ਨਵੰਬਰ
ਪਾਕਿਸਤਾਨ ਦੇ ਗੜਬੜ ਵਾਲੇ ਪ੍ਰਾਂਤ ਬਲੋਚਿਸਤਾਨ ਵਿੱਚ ਇਕ ਸੁਰੱਖਿਆ ਚੈੱਕ ਪੋਸਟ ’ਤੇ ਹੋਏ ਜਾਨਲੇਵਾ ਹਮਲੇ ਵਿੱਚ ਸੁਰੱਖਿਆ ਮੁਲਾਜ਼ਮਾਂ ਸਣੇ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਅਤੇ 10 ਹੋਰਾਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਹਮਲੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸੇ ਦੌਰਾਨ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਇੰਟਰਨੈੱਟ ਸੇਵਾਵਾਂ ਠੱਪ ਹੋਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ।
ਜੀਓ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਬਲੋਚਿਸਤਾਨ ਪ੍ਰਾਂਤ ਦੇ ਕਲਾਤ ਜ਼ਿਲ੍ਹੇ ਵਿੱਚ ਹੋਏ ਇਕ ਹਮਲੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਨਾ ਤਾਂ ਪ੍ਰਾਂਤ ਦੀ ਸਰਕਾਰ ਅਤੇ ਨਾ ਹੀ ਕਿਸੇ ਏਜੰਸੀ ਦੇ ਕਿਸੇ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਕੋਈ ਬਿਆਨ ਜਾਰੀ ਕੀਤਾ ਸੀ।
ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀਟੀਏ) ਨੇ ਪੁਸ਼ਟੀ ਕੀਤੀ ਕਿ ਬਲੋਚਿਸਤਾਨ ਦੇ ਕੁਝ ਇਲਾਕਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਆਰਜ਼ੀ ਤੌਰ ’ਤੇ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਇਸ ਦੇ ਪਿੱਛੇ ਦਾ ਕਾਰਨ ਹਾਲ ਵਿੱਚ ਅਤਿਵਾਦੀ ਹਮਲਿਆਂ ’ਚ ਹੋਏ ਵਾਧੇ ਦਰਮਿਆਨ ਆਮ ਲੋਕਾਂ ਦੀ ਸੁਰੱਖਿਆ ਦੱਸਿਆ। ਪੀਟੀਏ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਇਹ ਫੈਸਲਾ ਸਬੰਧਤ ਅਥਾਰਿਟੀਜ਼ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਿਆ ਗਿਆ ਹੈ ਅਤੇ ਇਹ ਫੈਸਲਾ ਇਨ੍ਹਾਂ ਇਲਾਕਿਆਂ ਵਿੱਚ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਾਗੂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸੰਘੀ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸੀਨ ਨਕਵੀ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਮਲੇ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਵੱਖਵਾਦੀ ਜਥੇਬੰਦੀਆਂ ਨੇ ਹਾਲ ਦੇ ਦਿਨਾਂ ਵਿੱਚ ਬਲੋਚਿਸਤਾਨ ਵਿੱਚ ਹਮਲੇ ਵਧਾ ਦਿੱਤੇ ਹਨ। ਪਿਛਲੇ ਹਫ਼ਤੇ ਪ੍ਰਾਂਤ ਵਿੱਚ ਕੁਇਟਾ ਰੇਲਵੇ ਸਟੇਸ਼ਨ ’ਤੇ ਹੋਏ ਇਕ ਫਿਦਾਇਨੀ ਹਮਲੇ ਵਿੱਚ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। -ਪੀਟੀਆਈ