ਪਾਕਿਸਤਾਨ: ਮੰਦਰਾਂ ਵਿੱਚ ਸੁਰੱਖਿਆ ਸਬੰਧੀ ਅਲਰਟ ਜਾਰੀ
ਕਰਾਚੀ, 18 ਜੁਲਾਈ
ਪਾਕਿਸਤਾਨ ਵਿੱਚ ਪਿਛਲੇ ਹਫ਼ਤੇ ਕੁਝ ਡਾਕੂਆਂ ਵੱਲੋਂ ਹਿੰਦੂ ਮੰਦਰ ’ਤੇ ਕੀਤੇ ਹਮਲੇ ਮਗਰੋਂ ਸਿੰਧ ਪ੍ਰਾਂਤ ਵਿੱਚ ਪੁਲੀਸ ਅਧਿਕਾਰੀਆਂ ਨੇ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ਇੱਕ ਖ਼ਬਰ ਏਜੰਸੀ ਮੁਤਾਬਕ ਸਿੰਧ ਪੁਲੀਸ ਦੇ ਮੁਖੀ ਗੁਲਾਮ ਨਬੀ ਮੇਮਨ ਨੇ ਪ੍ਰਾਂਤ ਵਿੱਚ ਪੈਂਦੇ ਮੰਦਰਾਂ ’ਚ ਉੱਚ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਪੁਲੀਸ ਮੁਲਾਜ਼ਮ ਪ੍ਰਸ਼ਾਸਕੀ ਪੱਧਰ ’ਤੇ ਸੁਰੱਖਿਆ ਡਿਊਟੀ ਨਿਭਾਉਣਗੇ ਜਦਕਿ ਸੁਰੱਖਿਆ ਲਈ ਤਾਇਨਾਤ ਇਨ੍ਹਾਂ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਲਈ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸਿੰਧ ਦੇ ਆਈਜੀਪੀ ਸ੍ਰੀ ਮੇਮਨ ਨੇ ਹਿੰਦੂ ਭਾਈਚਾਰੇ ਨੂੰ ਮੰਦਰਾਂ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਂਤ ਵਿੱਚ ਘੱਟ ਗਿਣਤੀਆਂ ਤੇ ਹੋਰ ਵਰਗਾਂ ਦੀ ਰਾਖੀ ਪੁਲੀਸ ਦੀ ਜ਼ਿੰਮੇਵਾਰੀ ਹੈ। ਦੂਜੇ ਪਾਸੇ, ਕਾਸ਼ਮੋਰ-ਕੰਧਕੋਟ ਪੁਲੀਸ ਨੇ ਹਿੰਦੂ ਭਾਈਚਾਰੇ ਦੇ ਮੰਦਰ ’ਤੇ ਹੋਏ ਹਮਲੇ ਸਬੰਧੀ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਘੌਸਪੁਰ ਪੁਲੀਸ ਸਟੇਸ਼ਨ ਵਿੱਚ ਪਾਕਿਸਤਾਨ ਸਰਕਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ। -ਪੀਟੀਆਈ