ਪਾਕਿਸਤਾਨ: ਅਗਵਾ ਹਿੰਦੂ ਲੜਕੀ ਕਰਾਚੀ ਤੋਂ ਬਰਾਮਦ
ਕਰਾਚੀ, 11 ਜੂਨ
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਫਗਾਨ ਪਸ਼ਤੂਨ ਪਰਿਵਾਰ ਵੱਲੋਂ ਕਥਿਤ ਤੌਰ ‘ਤੇ ਅਗਵਾ ਕੀਤੀ ਲੜਕੀ ਨੂੰ ਕਰਾਚੀ ਦੀ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁਲੀਸ ਮੁਤਾਬਕ ਇਸ ਪਰਿਵਾਰ ਵੱਲੋਂ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਸ ਦਾ ਵਿਆਹ ਇੱਕ ਮੁਸਲਿਮ ਵਿਅਕਤੀ ਨਾਲ ਕਰਵਾਇਆ ਗਿਆ ਸੀ। ਪੁਲੀਸ ਅਧਿਕਾਰੀ ਸਈਦ ਸਲੀਮ ਸ਼ਾਹ ਨੇ ਦੱਸਿਆ ਕਿ ਰਵੀਨਾ ਮੇਘਵਾਲ ਨੂੰ ਦੱਖਣੀ ਸਿੰਧ ਵਿੱਚ ਟੰਡੋ ਅੱਲ੍ਹਾਯਾਰ ਦੇ ਸੰਜਾਰ ਚੰਗ ਖੇਤਰ ਤੋਂ ਅਗਵਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਸਿੰਧ ਪ੍ਰਾਂਤ ਵਿੱਚ ਘੱਟ ਗਿਣਤੀ ਵਰਗ ਲਈ ਆਵਾਜ਼ ਉਠਾਉਣ ਵਾਲੀ ਸੰਸਥਾ ਪਾਕਿਸਤਾਨ ਦਹਿਰਾਵਰ ਇਤਿਹਾਦ (ਪੀਡੀਆਈ) ਨੇ ਲੜਕੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਟੀਮ ਨੂੰ ਕਰਾਚੀ ਭੇਜਿਆ ਗਿਆ ਤੇ ਉੱਥੋਂ ਲੜਕੀ ਨੂੰ ਮੀਰਪੁਰ ਖਾਸ ਲਿਆਂਦਾ ਗਿਆ ਹੈ। ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਗਵਾ ਕਰਨ ਵਾਲੇ ਅਫਗਾਨ ਪਸ਼ਤੂਨ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਕੇ ਜਾਮੋ ਖਾਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੀੜਤਾ ਤੇ ਮੁਲਜ਼ਮਾਂ ਨੂੰ ਟੰਡੋ ਅੱਲ੍ਹਾਯਾਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜਾਮੋ ਖਾਨ ਤੇ ਉਸ ਦੇ ਵਕੀਲਾਂ ਨੇ ਵਿਆਹ ਦਾ ਸਰਟੀਫਿਕੇਟ ਦਿਖਾਇਆ ਪਰ ਜਦੋਂ ਜਾਮੋ ਨੂੰ ਕੌਮੀ ਪਛਾਣ ਪੱਤਰ ਪੇਸ਼ ਕਰਨ ਲਈ ਕਿਹਾ ਗਿਆ ਤਾਂ ਪਤਾ ਲੱਗਾ ਕਿ ਉਸ ਕੋਲ ਅਫਗਾਨਿਸਤਾਨ ਦਾ ਪਛਾਣ ਪੱਤਰ ਹੈ। ਜੱਜ ਨੇ ਪੀੜਤਾ ਨੂੰ ਮੈਡੀਕਲ ਜਾਂਚ ਤੋਂ ਬਾਅਦ ਆਸ਼ਰਮ ਭੇਜਣ ਦਾ ਨਿਰਦੇਸ਼ ਦਿੱਤਾ ਤੇ ਲੜਕੀ ਦੇ ਬਿਆਨ ਬਾਅਦ ਵਿੱਚ ਦਰਜ ਕਰਨ ਲਈ ਕਿਹਾ ਹੈ। -ਪੀਟੀਆਈ