ਪਾਕਿ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਡਾਕਟਰੀ ਇਲਾਜ ਲਈ ਲੰਡਨ ਰਵਾਨਾ
ਲਾਹੌਰ, 25 ਅਕਤੂਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ (74) ਸਿਹਤ ਦੇ ਇਲਾਜ ਲਈ ਅੱਜ ਲੰਡਨ ਲਈ ਰਵਾਨਾ ਹੋ ਗਏ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਸੁਪਰੀਮੋ ਲੰਡਨ ਤੋਂ ਚਾਰ ਸਾਲ ਦੀ ਸਵੈ ਜਲਾਵਤਨੀ ਮਗਰੋਂ ਪਾਕਿਸਤਾਨ ਪਰਤਣ ਦੇ ਸਾਲ ਬਾਅਦ ਬਰਤਾਨੀਆ ਦਾ ਦੌਰਾ ਕਰ ਰਹੇ ਹਨ। ਪੀਐੱਮਐੱਲ-ਐੱਨ ਅਨੁਸਾਰ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਉੱਚ ਸੁਰੱਖਿਆ ਪ੍ਰਬੰਧਾਂ ਹੇਠ ਆਪਣੇ ਜਾਤੀ ਉਮਰਾ ਨਿਵਾਸ ਤੋਂ ਲਾਹੌਰ ਹਵਾਈ ਅੱਡੇ ’ਤੇ ਪੁੱਜੇ ਅਤੇ ਦੁਬਈ ਦੇ ਰਸਤੇ ਵਿਦੇਸ਼ੀ ਏਅਰਲਾਈਨ ਰਾਹੀਂ ਲੰਡਨ ਲਈ ਰਵਾਨਾ ਹੋਏ। ਪਾਰਟੀ ਨੇ ਕਿਹਾ, ‘‘ਉਹ ਇੱਕ ਦਿਨ ਦੁਬਈ ਰਹਿਣਗੇ ਅਤੇ ਲੰਡਨ ਦੀ ਆਪਣੀ ਯਾਤਰਾ ਜਾਰੀ ਰੱਖਣਗੇ। ਇਸ ਮਗਰੋਂ ਉਹ ਅਮਰੀਕਾ ਵੀ ਜਾ ਸਕਦੇ ਹਨ।’’ ਨਵਾਜ਼ ਲੰਡਨ ਵਿੱਚ ਆਪਣੇ ਪੁੱਤਰਾਂ ਨਾਲ ਸਮਾਂ ਬਿਤਾਉਣਗੇ ਅਤੇ ਡਾਕਟਰੀ ਇਲਾਜ ਕਰਵਾਉਣਗੇ। ਸਮਾਅ ਟੀਵੀ ਅਨੁਸਾਰ ਉਨ੍ਹਾਂ ਦੇ ਉੱਥੇ ਕੁੱਝ ਅਹਿਮ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਨਵਾਜ਼ ਸ਼ਰੀਫ਼ ਦੀ ਧੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਵੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਲੰਡਨ ਦੀ ਯਾਤਰਾ ਕਰੇਗੀ। ਨਵਾਜ਼ ਸ਼ਰੀਫ਼ ਅਕਤੂਬਰ, 2023 ਵਿੱਚ ਯੂਕੇ ਵਿੱਚ ਚਾਰ ਸਾਲ ਦੀ ਸਵੈ ਜਲਾਵਤਨੀ ਮਗਰੋਂ ਦੇਸ਼ ਪਰਤੇ ਸੀ। -ਪੀਟੀਆਈ