ਪਾਕਿਸਤਾਨ: ਆਰਥਿਕ ਬਦਹਾਲੀ ’ਚੋਂ ਉਗਮੀਆਂ ਉਮੀਦ ਦੀਆਂ ਕਰੂੰਬਲਾਂ
ਬੜੀਆਂ ਮੁਸੀਬਤਾਂ ਨਾਲ ਜੂਝਣਾ ਪਿਆ ਪਾਕਿਸਤਾਨ ਨੂੰ 2023 ਦੌਰਾਨ। ਰਾਜਸੀ ਅਸਥਿਰਤਾ ਅੰਤਾਂ ਦੀ ਰਹੀ। ਕੇਂਦਰ ਅਤੇ ਤਿੰਨ ਸੂਬਿਆਂ ਵਿਚ ਸਰਕਾਰਾਂ ਬਦਲੀਆਂ। ਸਾਬਕਾ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਨੂੰ ਜੇਲ੍ਹ ਜਾਣਾ ਪਿਆ; ਇਕ ਨਹੀਂ, ਢਾਈ ਦਰਜਨ ਕੇਸਾਂ ਵਿਚ। ਜ਼ਮਾਨਤਾਂ ਤੇ ਰਿਹਾਈਆਂ ਦੇ ਅਦਾਲਤੀ ਹੁਕਮਾਂ ਦੇ ਬਾਵਜੂਦ ਉਹ ਅਜੇ ਵੀ ਜੇਲ੍ਹ ਵਿਚ ਹਨ। ਹਰ ਨਵੇਂ ਅਦਾਲਤੀ ਹੁਕਮ ਤੋਂ ਪਹਿਲਾਂ ਕਿਸੇ ਪੁਰਾਣੇ ਕੇਸ ਦੀ ਅਪੀਲ ਜਾਂ ਚੁੱਪ-ਚੁਪੀਤਿਆਂ ਠੋਕੇ ਗਏ ਕਿਸੇ ਹੋਰ ਨਵੇਂ ਕੇਸ ਤਹਿਤ ਨਵੇਂ ਹਿਰਾਸਤੀ ਫ਼ਰਮਾਨ ਪਹਿਲਾਂ ਤੋਂ ਤਿਆਰ ਪਏ ਹੁੰਦੇ ਹਨ। ਮਰਕਜ਼ ਅਤੇ ਸੂਬਿਆਂ ਵਿਚ ਭਾਵੇਂ ਨਿਗਰਾਨ ਸਰਕਾਰਾਂ ਹਨ ਪਰ ਉਨ੍ਹਾਂ ਦੀਆਂ ਲਗਾਮਾਂ ਤਾਂ ਫ਼ੌਜ ਦੇ ਹੱਥ ਹਨ। ਫ਼ੌਜ ਇਮਰਾਨ ਨਾਲ ਰਿਆਇਤ ਵਰਤਣ ਦੇ ਜ਼ਰਾ ਵੀ ਰੌਂਅ ਵਿਚ ਨਹੀਂ। ਇਸੇ ਲਈ ਲਾਹੌਰ ਤੇ ਮੀਆਂਵਾਲੀ ਕੌਮੀ ਅਸੈਂਬਲੀ ਹਲਕਿਆਂ ਤੋਂ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਉਨ੍ਹਾਂ ਦੇ ਡਿਪਟੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀ ਇਹੋ ਭਾਣਾ ਵਰਤ ਰਿਹਾ ਹੈ। ਜਦੋਂ ਤਕ ਉਮਰ ਅਤਾ ਬੰਦਿਆਲ ਪਾਕਿਸਤਾਨ ਦੇ ਚੀਫ ਜਸਟਿਸ ਸਨ, ਸੁਪਰੀਮ ਕੋਰਟ ਦੇ ਬਹੁਤੇ ਜੱਜ ਇਮਰਾਨ ਉੱਤੇ ਮਿਹਰਬਾਨ ਸਨ। ਕਾਜ਼ੀ ਫ਼ੈਜ਼ ਈਸਾ ਦੇ ਸਤੰਬਰ ਮਹੀਨੇ ਚੀਫ ਜਸਟਿਸ ਬਣਨ ਤੋਂ ਬਾਅਦ ਮਿਹਰਬਾਨ ਜੱਜਾਂ ਦਾ ਰੁਖ਼ ਵੀ ਬਦਲ ਗਿਆ ਹੈ। ਉਹ ਇਮਰਾਨ ਦੇ ਵਕੀਲਾਂ, ਖਾਸ ਕਰ ਕੇ ਐਤਜ਼ਾਜ਼ ਅਹਿਸਨ ਵਰਗੇ ਨਾਮਵਰਾਂ ਨੂੰ ਹੁਣ ਦੁਲਾਰਦੇ ਨਹੀਂ, ਸਖ਼ਤ ਸਵਾਲ ਪੁੱਛਦੇ ਹਨ ਅਤੇ ਬਹੁਤੀ ਵਾਰ ਸਿੰਗਲ ਜੱਜ ਦੇ ਫੈਸਲਿਆਂ ਵਾਲੇ ਮੁਕੱਦਮੇ ਵੀ ‘ਬਿਹਤਰ ਸੁਣਵਾਈ’ ਲਈ ਵਡੇਰੇ ਬੈਂਚਾਂ ਦੇ ਸਪੁਰਦ ਕਰ ਰਹੇ ਹਨ। ਅਜਿਹੇ ਹਾਲਾਤ ਵਿਚ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਇ-ਇਨਸਾਫ (ਪੀਟੀਆਈ) ਜੇਕਰ ਖੇਰੂੰ ਖੇਰੂੰ ਹੋ ਗਈ ਹੈ ਤਾਂ ਇਹ ਕੋਈ ਅਨਹੋਣੀ ਗੱਲ ਨਹੀਂ।
ਰਾਜਸੀ ਅਸਥਿਰਤਾ ਪਾਕਿਸਤਾਨ ਵਾਸਤੇ ਕੋਈ ਨਵਾਂ ਰੁਝਾਨ ਨਹੀਂ। ਮੁਲਕ ਆਪਣੀ ਹੁਣ ਤੱਕ ਦੀ ਅਉਧ ਦੇ 76 ਵਰ੍ਹਿਆਂ ਵਿਚੋਂ 57 ਵਰ੍ਹਿਆਂ ਦੌਰਾਨ ਇਸ ਅਸਥਿਰਤਾ ਨਾਲ ਲਗਾਤਾਰ ਜੂਝਦਾ ਆਇਆ ਹੈ। ਫ਼ੌਜੀ ਹੁਕਮਰਾਨਾਂ ਤੇ ਤਾਨਾਸ਼ਾਹਾਂ ਦੇ ਰਾਜ ਕਾਲ ਦੌਰਾਨ ਵੀ। ਇਸ ਤੋਂ ਉਲਟ ਆਰਥਿਕ ਅਸਥਿਰਤਾ ਨੇ ਜਿਸ ਤਰ੍ਹਾਂ 2023 ਦੌਰਾਨ ਪਾਕਿਸਤਾਨ ਨੂੰ ਝੰਬਿਆ, ਉਹ ਆਪਣੇ ਆਪ ਵਿਚ ਅਨਹੋਣੀ ਹੈ। ਖਪਤਕਾਰੀ ਵਸਤਾਂ ਦੀ ਮਹਿੰਗਾਈ ਦਰ 58 ਹਫ਼ਤਿਆਂ ਤੋਂ 40 ਫ਼ੀਸਦੀ ਤੋਂ ਵੱਧ ਰਹਿਣੀ ਪਾਕਿਸਤਾਨੀਆਂ ਲਈ ਨਵਾਂ ਅਨੁਭਵ ਹੈ। ਇਸ ਨੇ ਆਮ ਆਦਮੀ ਉੱਤੇ ਬਹੁਤ ਮਾਰ ਕੀਤੀ ਹੈ। ਵਿਸ਼ਵ ਬੈਂਕ ਦੇ ਤਾਜ਼ਾਤਰੀਨ ਜਾਇਜ਼ੇ ਮੁਤਾਬਕ 2023 ਦੌਰਾਨ 39.4 ਫੀਸਦ ਪਾਕਿਸਤਾਨੀ ਗਰੀਬੀ ਰੇਖਾ ਤੋਂ ਹੇਠਾਂ ਸਨ। ਇਨ੍ਹਾਂ ਵਿਚੋਂ 1.25 ਕਰੋੜ ਅਜਿਹੇ ਸਨ ਜਿਨ੍ਹਾਂ ਨੂੰ ਦਿਨ ਵਿਚ ਇਕ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ। ਭੁੱਖਮਰੀ ਬਾਰੇ ਆਲਮੀ ਸੂਚਕ ਅੰਕ (ਗਲੋਬਲ ਹੰਗਰ ਇੰਡੈਕਸ-ਜੀਐੱਚਆਈ) ਅਨੁਸਾਰ ਪਾਕਿਸਤਾਨ ਇਸ ਵੇਲੇ ਇਸ ਸੂਚਕ ਅੰਕ ਦੇ ਆਖ਼ਿਰੀ 10 ਮੁਲਕਾਂ ਵਿਚ ਸ਼ੁਮਾਰ ਹੈ। ਪਿਛਲੇ 76 ਵਰ੍ਹਿਆਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਇਹ ਖੁਨਾਮੀ ਖੱਟੀ ਹੈ।
ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਵਿਚ 30 ਦਸੰਬਰ ਨੂੰ ਪ੍ਰਕਾਸ਼ਿਤ ਮਜ਼ਮੂਨ ਮੁਤਾਬਕ ਪਾਕਿਸਤਾਨ 2023 ਦੌਰਾਨ ਤਿੰਨ ਵਾਰ ਕੌਮਾਂਤਰੀ ਮਾਲੀ ਫੰਡ (ਆਈਐੱਮਐੱਫ) ਦੇ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨ ਦੀ ਨਾਕਾਮੀ ਤੋਂ ਵਾਲ ਵਾਲ ਬਚਿਆ; ਜਾਂ ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਚੀਨ ਨੇ ਐਨ ਆਖ਼ਿਰੀ ਪਲਾਂ ਵਿਚ ਬਚਾਇਆ। ਅਜਿਹਾ ਕਰਦਿਆਂ ਚੀਨ ਨੇ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਪਾਕਿਸਤਾਨ ਨੂੰ 5 ਅਰਬ ਡਾਲਰਾਂ ਦਾ ਹੋਰ ਦੇਣਦਾਰ ਬਣਾ ਦਿੱਤਾ। ਇਸ ਸਮੇਂ ਚੀਨ ਪਾਕਿਸਤਾਨ ਦਾ ਸਭ ਤੋਂ ਵੱਡਾ ਲਹਿਣੇਦਾਰ ਹੈ। ਉਸ ਵੱਲੋਂ ਪਿਛਲੇ ਇਕ ਦਹਾਕੇ ਦੌਰਾਨ ਪਾਕਿਸਤਾਨ ਨੂੰ ਦਿੱਤੇ ਕਰਜ਼ੇ ਦੀ ਕੁੱਲ ਰਕਮ, ਕੌਮਾਂਤਰੀ ਏਜੰਸੀਆਂ ਦੇ ਦਿੱਤੇ ਕਰਜ਼ੇ ਤੋਂ 41.27 ਫੀਸਦ ਵੱਧ ਹੈ। ਉਸ ਦੀਆਂ ਦਿੱਤੀਆਂ ਰਕਮਾਂ ਗਰਾਂਟਾਂ ਦੇ ਰੂਪ ਵਿਚ ਨਹੀਂ, ਵਿਆਜ ’ਤੇ ਹਨ ਅਤੇ ਵਿਆਜ 13 ਤੋਂ 18 ਫ਼ੀਸਦੀ ਸਾਲਾਨਾ ਹੈ। ਚੀਨ ਤੋਂ ਬਾਅਦ ਸਾਊਦੀ ਅਰਬ ਪਾਕਿਸਤਾਨ ਲਈ ਸਭ ਤੋਂ ਵੱਡਾ ਦਾਨੀ ਹੈ ਪਰ ਉਸ ਦੇ ਦਾਨ ਕਰਜ਼ੇ ਮਿਕਦਾਰ ਪੱਖੋਂ ਚੀਨ ਦੇ ਕਰਜ਼ੇ ਦਾ ਇਕ ਚੌਥਾਈ ਹੈ। ਹਾਲਤ ਇਸ ਸਮੇਂ ਇਹ ਹੈ ਕਿ ਪਾਕਿਸਤਾਨ ਦੇ ਕੁੱਲ ਕੌਮੀ ਮਾਲੀਏ ਦਾ 57 ਫੀਸਦ ਹਿੱਸਾ ਕਰਜ਼ ਦੀਆਂ ਕਿਸ਼ਤਾਂ ਤਾਰਨ ਉੱਤੇ ਖਰਚ ਹੋ ਰਿਹਾ ਹੈ।
ਅਜਿਹੇ ਮਾਯੂਸਕੁਨ ਆਲਮ ਵਿਚ ਵੀ ਜੇਕਰ ਪਾਕਿਸਤਾਨੀ ਅਵਾਮ ਆਪਣੇ ਹੁਕਮਰਾਨਾਂ, ਆਪਣੇ ਦਾਨਿਸ਼ਵਰਾਂ ਤੇ ਆਪਣੇ ਆਪ ਉੱਤੇ ਹੱਸ ਲੈਂਦੀ ਹੈ ਤਾਂ ਇਹ ਜ਼ਿੰਦਾਦਿਲੀ ਦੀ ਨਿਸ਼ਾਨੀ ਹੈ। ਇਸੇ ਜ਼ਿੰਦਾਦਿਲੀ ਵਿਚੋਂ ਆਸਵੰਦੀ ਵੀ ਉੱਗਣ ਲੱਗੀ ਹੈ। ਪਿਛਲੇ ਇਕ ਦਹਾਕੇ ਤੋਂ ਨਿਘਾਰ ਵੱਲ ਜਾ ਰਹੇ ਜ਼ਰਾਇਤੀ ਸੈਕਟਰ ਨੇ ਹੁਣ ਆਪਣੀ ਤਕਦੀਰ ਨੂੰ ਨਵਾਂ ਮੋੜ ਦਿੱਤਾ ਹੈ। 2023 ਦੌਰਾਨ ਕੁਦਰਤ ਮਿਹਰਬਾਨ ਰਹੀ। ਨਰਮੇ ਦੀ ਫ਼ਸਲ ਭਰਪੂਰ ਹੋਈ, ਅਨੁਮਾਨਾਂ ਨਾਲੋਂ ਕਿਤੇ ਜ਼ਿਆਦਾ। ਬਰਾਮਦ ਤੇਜ਼ੀ ਨਾਲ ਵਧੀ। ਝੋਨੇ ਦੀ ਫ਼ਸਲ ਵੀ ਉਮੀਦਾਂ ਨਾਲੋਂ ਵੱਧ ਰਹੀ। ਹੁਣ ਕਣਕ ਦੀ ਪੈਦਾਵਾਰ ਵੀ ਚੰਗੀ ਰਹਿਣ ਦੀ ਆਸ ਹੈ। ਜੇਕਰ ਇਹ ਖੁਸ਼ਗਵਾਰੀ ਬਣੀ ਰਹਿੰਦੀ ਹੈ ਤਾਂ ਮੁਲਕ ਨੂੰ ਇਸ ਨਵੇਂ ਵਰ੍ਹੇ ਯੂਕਰੇਨ ਜਾਂ ਰੂਸ ਤੋਂ ਕਣਕ ਦੀ ਦਰਾਮਦ ਲਈ ਮਜਬੂਰ ਨਹੀਂ ਹੋਣਾ ਪਵੇਗਾ।
ਗੁੰਮਸ਼ੁਦਗੀਆਂ ਤੇ ਨਾਇਨਸਾਫ਼ੀਆਂ
ਸਿਆਸੀ ਵਿਰੋਧੀਆਂ, ਇਨਸਾਨੀ ਹੱਕਾਂ ਦੇ ਰਾਖਿਆਂ ਅਤੇ ਮੀਡੀਆ ਕਰਮੀਆਂ ਨੂੰ ਗਾਇਬ ਕੀਤੇ ਜਾਣ ਦਾ ਸਿਲਸਿਲਾ ਪਾਕਿਸਤਾਨ ਵਿਚ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੁਲਕ ਦਾ ਇਕ ਵੀ ਹਿੱਸਾ ਅਜਿਹਾ ਨਹੀਂ ਜਿੱਥੇ ਸਰਕਾਰੀ ਏਜੰਸੀਆਂ ਜਾਂ ਇੰਤਹਾਪਸੰਦ ਗਰੁੱਪਾਂ ਵੱਲੋਂ ਅਗਵਾ ਜਾਂ ਨਾਜਾਇਜ਼ ਨਜ਼ਰਬੰਦੀਆਂ ਵਰਗੀਆਂ ਵਾਰਦਾਤਾਂ ਨਾ ਵਾਪਰੀਆਂ ਹੋਣ। ਗ਼ੈਰ-ਸਰਕਾਰੀ ਸਵੈ-ਸੇਵੀ ਸੰਸਥਾ ‘ਡਿਫੈਂਸ ਆਫ ਹਿਊਮਨ ਰਾਈਟਸ’ (ਡੀਐੱਚਆਰ) ਦੀ ਰਿਪੋਰਟ ਅਨੁਸਾਰ 2004 ਤੋਂ ਹੁਣ ਤਕ ਪਾਕਿਸਤਾਨ ਵਿਚ (ਸਰਕਾਰੀ ਰਿਕਾਰਡਾਂ ਮੁਤਾਬਕ) 3,120 ਬੰਦੇ ਗਾਇਬ ਕੀਤੇ ਗਏ। ਇਨ੍ਹਾਂ ਵਿਚ 51 ਦਾ ਅਜਿਹਾ ਹਸ਼ਰ 2023 ਦੇ ਪਹਿਲੇ ਗਿਆਰਾਂ ਮਹੀਨਿਆਂ ਦੌਰਾਨ ਹੋਇਆ। 3120 ਕੇਸਾਂ ਵਿਚੋਂ 595 ਦੀ ਰਿਹਾਈ ਸੰਭਵ ਹੋਈ, 246 ਲੱਭ ਲਏ ਗਏ ਅਤੇ 88 ਬੰਦੇ ਝੂਠੇ ਮੁਕਾਬਲਿਆਂ ਜਾਂ ਹਿਰਾਸਤ ਦੌਰਾਨ ਮਾਰ ਦਿੱਤੇ ਗਏ। ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਅੰਦਰਲੇ ਸਾਰੇ ਅੰਕੜੇ ਨਿਰੋਲ ਪੁਲੀਸ ਜਾਂ ਅਦਾਲਤੀ ਰਿਕਾਰਡਾਂ ਉੱਤੇ ਆਧਾਰਿਤ ਹਨ। ਗ਼ੈਰ-ਸਰਕਾਰੀ ਅੰਕੜੇ ਸਰਕਾਰੀ ਅੰਕੜਿਆਂ ਨਾਲੋਂ ਵੀ ਵੱਧ ਹੌਲਨਾਕ ਤਸਵੀਰ ਪੇਸ਼ ਕਰਦੇ ਹਨ।
ਡੀਐੱਚਆਰ ਦੀ ਚੇਅਰਪਰਸਨ ਅਮੀਨਾ ਮਸੂਦ ਜੰਜੂਆ ਨੇ ਇਸਲਾਮਾਬਾਦ ਵਿਚ ਮੀਡੀਆ ਕਾਨਫਰੰਸ ਦੌਰਾਨ ਦੱਸਿਆ ਕਿ ਗੁੰਮਸ਼ੁਦਗੀਆਂ ਦੇ ਸਭ ਤੋਂ ਵੱਧ ਮਾਮਲੇ ਖ਼ੇਬਰ ਪਖ਼ਤੂਨਖ਼ਵਾ ਸੂਬੇ ਵਿਚ ਹੋਏ। ਉੱਥੇ 1091 ਬੰਦੇ ਗਾਇਬ ਕੀਤੇ ਗਏ; ਇਨ੍ਹਾਂ ਵਿਚੋਂ 121 ਦੀ ਰਿਹਾਈ ਸੰਭਵ ਹੋਈ, 151 ਲੱਭ ਲਏ ਗਏੇ, 792 ਅਜੇ ਵੀ ਲਾਪਤਾ ਹਨ ਅਤੇ 27 ਦੀਆਂ ਲਾਸ਼ਾਂ ਲੱਭੀਆਂ। ਸਭ ਤੋਂ ਘੱਟ 222 ਮਾਮਲੇ ਸੂਬਾ ਸਿੰਧ ਵਿਚ ਵਾਪਰੇ। ਉੱਥੇ 70 ਬੰਦਿਆਂ ਦੀ ਰਿਹਾਈ ਮੁਮਕਿਨ ਬਣਾ ਲਈ ਗਈ, ਅੱਠ ਹੋਰ ਦਾ ਵੀ ਥਹੁ-ਪਤਾ ਮਿਲ ਗਿਆ ਅਤੇ 10 ਬੰਦਿਆਂ ਦੀਆਂ ਲਾਸ਼ਾਂ ਮਿਲੀਆਂ। ਸਭ ਤੋਂ ਤਾਜ਼ਾਤਰੀਨ ਵਾਰਦਾਤ ਦੋ ਦਿਨ ਪਹਿਲਾਂ ਲਾਹੌਰ ਵਿਚ ਪੀਟੀਆਈ ਆਗੂ ਉਸਮਾਨ ਡਾਰ ਦੇ ਭਰਾ ਉਮਰ ਡਾਰ ਨੂੰ ਅਗਵਾ ਕੀਤੇ ਜਾਣ ਦੇ ਰੂਪ ਵਿਚ ਵਾਪਰੀ। ਉਸ ਦੀ ਮਾਂ ਨੇ ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫ਼ੈਜ਼ ਈਸਾ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਦਖ਼ਲ ਦੇ ਕੇ ਉਮਰ ਦੀ ਰਿਹਾਈ ਸੰਭਵ ਬਣਾਉਣ। ਦੂਜੇ ਪਾਸੇ ਲਾਹੌਰ ਦੇ ਪੁਲੀਸ ਕਮਿਸ਼ਨਰ ਨੇ ਇਸ ਮਾਮਲੇ ਵਿਚ ਪੁਲੀਸ ਦਾ ਕੋਈ ਹੱਥ ਨਾ ਹੋਣ ਦਾ ਦਾਅਵਾ ਕੀਤਾ ਹੈ। ਉਧਰ, ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਬਾਰੇ ਪਟੀਸ਼ਨ ਮੁੱਢਲੀ ਸੁਣਵਾਈ ਵਾਸਤੇ ਮਨਜ਼ੂਰ ਕਰ ਲਈ ਹੈ। ਅਜਿਹੀ ਪੇਸ਼ਕਦਮੀ ਦੇ ਬਾਵਜੂਦ ਡੀਐੱਚਆਰ ਉਮਰ ਦੀ ਫੌਰੀ ਰਿਹਾਈ ਦੀ ਬਹੁਤੀ ਆਸਵੰਦ ਨਹੀਂ।
ਅਦਬੀ ਪੇਸ਼ਕਦਮੀਆਂ ਤੇ ਪ੍ਰਾਪਤੀਆਂ
ਦੋ ਪਾਕਿਸਤਾਨੀ ਲੇਖਿਕਾਵਾਂ ਸਾਲ 2023 ਦੌਰਾਨ ਅਦਬੀ ਆਲਮ ਵਿਚ ਆਪਣੀਆਂ ਪ੍ਰਾਪਤੀਆਂ ਕਾਰਨ ਚਰਚਾ ਵਿਚ ਰਹੀਆਂ। ਇਹ ਸਨ: ਆਇਸ਼ਾ ਸਈਦ ਤੇ ਸਬੀਨਾ ਖ਼ਾਨ। ਦੋਵੇਂ ਪਰਵਾਸੀ ਹਨ ਤੇ ਅੰਗਰੇਜ਼ੀ ਵਿਚ ਲਿਖਦੀਆਂ ਹਨ। ਇਨ੍ਹਾਂ ਦੇ ਨਾਵਲਾਂ ‘ਫੋਰਟੀ ਵਰਡਜ਼ ਆਫ ਲਵ’ (ਪਿਆਰ ਦੇ 40 ਸ਼ਬਦ) ਅਤੇ ‘ਵ੍ਹਟ ਏ ਦੇਸੀ ਗਰਲ ਵਾਂਟਸ’ (ਦੇਸੀ ਕੁੜੀ ਕੀ ਚਾਹੁੰਦੀ ਏ) ਨੂੰ ਬ੍ਰਿਟੇਨ ਤੇ ਪਾਕਿਸਤਾਨ ਵਿਚ ਇਨਾਮ-ਸਨਮਾਨ ਵੀ ਮਿਲੇ ਅਤੇ ਤਾਰੀਫ਼ ਵੀ ਭਰਵੀਂ ਹਾਸਲ ਹੋਈ। ਦੋਵੇਂ ਨਾਵਲ ਵਿਸ਼ਾ-ਵਸਤੂ ਪੱਖੋਂ ਭਾਰਤ ਨਾਲ ਵੀ ਜੁੜੇ ਹਨ, ਇਸ ਲਈ ਸਿੰਧ ਯੂਨੀਵਰਸਿਟੀ ਦੇ ਹਿੰਦੀ ਅਧਿਐਨ ਵਿਭਾਗ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕਰ ਕੇ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਰਾਹੀਂ ਪ੍ਰਕਾਸ਼ਿਤ ਕਰਵਾਉਣ ਦਾ ਇਕਰਾਰਨਾਮਾ ਲੇਖਿਕਾਵਾਂ ਨਾਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਵਲਾਂ ਨੂੰ ਭਾਰਤ ਵਿਚ ਚੰਗਾ ਹੁੰਗਾਰਾ ਮਿਲੇਗਾ ਅਤੇ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਦੀਆਂ ਪ੍ਰਕਾਸ਼ਨਾਵਾਂ ਹੋਣ ਸਦਕਾ ਇਨ੍ਹਾਂ ਦੀ ਭਾਰਤ ਵਿਚ ਵਿਕਰੀ ਦੇ ਰਾਹ ‘ਚ ਅੜਿੱਕੇ ਵੀ ਨਹੀਂ ਖੜ੍ਹੇ ਹੋਣਗੇ। ਆਇਸ਼ਾ ਦੇ ਨਾਵਲ ‘ਫੋਰਟੀ ਵਰਡਜ਼ ਆਫ ਲਵ’ ਦੇ ਮੁੱਖ ਕਿਰਦਾਰ ਯਾਸ ਤੇ ਰਾਫ਼ ਹਨ। ਯਾਸ ਪਾਕਿਸਤਾਨੀ ਅੱਲ੍ਹੜ ਕੁੜੀ ਹੈ। ਰਾਫ਼ ਪਰਵਾਸੀ ਪਾਕਿਸਤਾਨੀ ਹੈ ਜਿਸ ਦੇ ਰਿਸ਼ਤੇਦਾਰ ਭਾਰਤੀ ਵੀ ਹਨ। ਇਹ ਨਾਵਲ ਪਰਵਾਸੀਆਂ ਤੇ ਸ਼ਰਨਾਰਥੀਆਂ ਦੀਆਂ ਦੁਸ਼ਵਾਰੀਆਂ ਦਾ ਬਿਆਨ ਵੀ ਹੈ ਅਤੇ ਪਾਕਿਸਤਾਨੀ ਸਮਾਜ ਵਿਚਲੇ ਅੰਤਰ-ਵਿਰੋਧਾਂ ਦਾ ਵੀ।
ਸਬੀਨਾ ਖ਼ਾਨ ਦਾ ਨਾਵਲ ਮਿਹਰ ਨਾਮ ਦੀ ਪਰਵਾਸੀ ਕੁੜੀ ਦੀ ਭਾਰਤ ਫੇਰੀ (ਉਹ ਵੀ ਆਪਣੇ ਪਿਤਾ ਦੇ ਵਿਆਹ ‘ਚ ਸ਼ਰੀਕ ਹੋਣ ਲਈ) ਤੇ ਉਸ ਨਾਲ
ਜੁੜੀਆਂ ਯਾਦਾਂ ਦਾ ਬਿਰਤਾਂਤ ਹੈ। ਬੜਾ ਗੁੰਦਵਾਂ ਤੇ ਖ਼ੂਬਸੂਰਤ ਹੈ ਇਹ ਬਿਰਤਾਂਤ। ਜ਼ਰਾ ਵੀ ਫਿਲਮੀ ਨਹੀਂ ਬਲਕਿ ਪੂਰਾ ਇਲਮੀ।
-ਸੁਰਿੰਦਰ ਸਿੰਘ ਤੇਜ