ਫ਼ਲਸਤੀਨ ਦੀ ਅੱਖੀਂ ਡਿੱਠੀ ਦਰਦ ਕਹਾਣੀ
ਅਮੋਲਕ ਸਿੰਘ
ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਸਦਾ ਆਈ ਡਬਲਿਊਏ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰਸਟ ਬਰਮਿੰਘਮ ਦੀ ਆਗੂ ਟੀਮ ਦਾ ਕਾਰਕੁਨ ਅਵਤਾਰ ਅਟਵਾਲ ਜੂਨ 2003 ਵਿਚ ਆਪਣੇ ਸਾਥੀ ਰਾਜਿੰਦਰ ਕਲੇਰ ਸਮੇਤ ਫ਼ਲਸਤੀਨ ਦੀ ਹਾਲਤ ਦਾ ਜਾਇਜ਼ਾ ਲੈਣ ਗਿਆ ਸੀ। ਅਮਰੀਕੀ ਥਾਪੜਾ ਪ੍ਰਾਪਤ ਇਜ਼ਰਾਈਲ ਨੇ ਫ਼ਲਸਤੀਨੀਆਂ ਨੂੰ ਕਿਵੇਂ ਜ਼ਹਾਲਤ ਅਤੇ ਵਹਿਸ਼ੀਆਨਾ ਜਬਰ ਜ਼ੁਲਮ ਦੇ ਤੰਦੂਰ ਵਿਚ ਲੂਹ ਰੱਖਿਆ ਸੀ, ਉਸ ਦਾ ਅੱਖੀਂ ਡਿੱਠਾ ਹਾਲ ਉਨ੍ਹਾਂ ਦੀ ਜ਼ਬਾਨੀ ਸੁਣ ਕੇ ਅਨੁਭਵ ਹੋ ਜਾਂਦਾ ਹੈ ਕਿ ਜਿਸ ਫ਼ਲਸਤੀਨ ਦੀ ਹਾਲਤ 21 ਸਾਲ ਪਹਿਲਾਂ ਕਾਲਜੇ ਰੁੱਗ ਭਰਦੀ ਸੀ, ਉਸ ਦਾ ਦ੍ਰਿਸ਼ ਅੱਜ ਕਿੰਨਾ ਭਿਆਨਕ ਹੋਵੇਗਾ। ਇਹ ਪ੍ਰਮਾਣ ਵੀ ਮਿਲ ਜਾਂਦਾ ਹੈ ਕਿ ਜ਼ੁਲਮ ਅਤੇ ਉਜਾੜੇ ਦੀ ਜੋ ਇੰਤਹਾ ਅੱਜ ਦੁਨੀਆ ਸਾਹਵੇਂ ਹੈ, ਇਹ ਕੋਈ ਅਚਨਚੇਤੀ ਘਟਨਾ ਨਹੀਂ; ਫ਼ਲਸਤੀਨ ਦੇ ਪਿੰਡੇ ’ਤੇ ਕਹਿਰ ਦੇ ਇਹ ਪਹਾੜ ਪੌਣੀ ਸਦੀ ਤੋਂ ਢਹਿ ਰਹੇ ਹਨ। ਇਨ੍ਹਾਂ ਯੋਜਨਾਬੱਧ, ਲਗਾਤਾਰ ਹਮਲਿਆਂ ਦਾ ਮਕਸਦ ਫ਼ਲਸਤੀਨ ਅਤੇ ਨਾਲ ਲੱਗਦੇ ਖੇਤਰਾਂ ਉਪਰ ਜੱਫਾ਼ ਮਾਰ ਕੇ ਕੁਦਰਤੀ ਖਜ਼ਾਨੇ ਹਥਿਆਉਣਾ ਅਤੇ ਪੱਕਾ ਅੱਡਾ ਬਣਾਉਣਾ ਹੈ। ਇਸ ਲਈ ਅਮਰੀਕੀ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਦੇ ਮਨਸੂਬੇ ਸਮਝਣਾ ਜ਼ਰੂਰੀ ਹੈ।
ਅਵਤਾਰ ਅਟਵਾਲ ਦੱਸਦੇ ਹਨ: ਇੰਗਲੈਂਡ ਤੋਂ ਆਪਣੇ ਬ੍ਰਿਟਿਸ਼ ਪਾਸਪੋਰਟ ਨਾਲ ਫ਼ਲਸਤੀਨ ਗਿਆ ਸੀ ਤਾਂ ਵੀ ਬਿਨਾਂ ਵਜ੍ਹਾ ਜ਼ਲੀਲ ਕੀਤਾ ਗਿਆ। ਤਲ ਅਵੀਵ ਹਵਾਈ ਅੱਡੇ ’ਤੇ ਅਨੇਕ ਸਵਾਲਾਂ ਦੀ ਵਾਛੜ ਹੋਈ। ਰਾਜਧਾਨੀ ਯੇਰੂਸ਼ਲਮ ਤੋਂ ਰਮੱਲਾ ਤੱਕ ਪੁੱਜਣ ਲਈ ਲੰਮੀਆਂ ਤਫ਼ਤੀਸ਼ੀ ਕਾਰਵਾਈਆਂ ਵਿਚੀਂ ਗੁਜ਼ਰਦਿਆਂ 5 ਘੰਟੇ ਲੱਗੇ; ਉਂਝ ਇਹ 20 ਮਿੰਟ ਦਾ ਸਫ਼ਰ ਹੈ। ਕਦਮ ਕਦਮ ’ਤੇ ਨਾਕਾਬੰਦੀ। ਹਜ਼ਾਰਾਂ ਨਾਕਿਆਂ ਵਿਚੀਂ ਗੁਜ਼ਰਨਾ ਪਿਆ।... ਹਰ ਘਰ ਹਰ ਗਲੀ ਨੂੰ ਇੱਕ ਦੂਜੇ ਤੋਂ ਵੱਖ ਕਰਨ ਲਈ ਕੰਧਾਂ, ਕੰਡਿਆਲੀਆਂ ਤਾਰਾਂ ਅਤੇ ਨਾਕਿਆਂ ਦੀ ਖੱਜਲ ਖੁਆਰੀ ਬੇਸ਼ੁਮਾਰ ਮਾਨਸਿਕ ਪੀੜਾ ਦਿੰਦੀ ਸੀ। ਇੱਕ ਦੁਕਾਨਦਾਰ ਨੇ ਦੱਸਿਆ, “ਮੇਰਾ ਪਰਿਵਾਰ ਦੁਕਾਨ ਤੋਂ ਇੱਕ ਕਿਲੋਮੀਟਰ ਦੇ ਘੇਰੇ ’ਚ ਹੀ ਰਹਿੰਦਾ ਪਰ ਸਾਨੂੰ ਆਪੋ ’ਚ ਮਿਲਿਆਂ 3 ਸਾਲ ਬੀਤ ਗਏ।”
ਸਾਡੇ ਅੱਗੇ ਦੋ ਔਰਤਾਂ ਕਤਾਰ ਵਿਚ ਖੜ੍ਹੀਆਂ ਸਨ, ਉਨ੍ਹਾਂ ਨੂੰ ਰੱਜ ਕੇ ਖ਼ੁਆਰ ਕੀਤਾ। ਉਨ੍ਹਾਂ ਕਿਸੇ ਪਰਿਵਾਰਕ ਜੀਅ ਦੇ ਵਿਆਹ ਜਾਣਾ ਸੀ। ਉਹ ਹੰਭ ਹਾਰ ਕੇ ਸ਼ਾਮੀ ਆਪਣੇ ਘਰ ਵਾਪਸ ਮੁੜਨ ਲਈ ਮ਼ਜਬੂਰ ਕਰ ਦਿੱਤੀਆਂ। ਹਰ ਚੈੱਕ ਪੋਸਟ ਚਾਰ ਪੰਜ ਸੌ ਗਜ਼ ਲੰਮੀ ਸੀ, ਅੱਧ ਵਿਚ ਟਾਵਰ। ਹਰ ਕਦਮ ’ਤੇ ਤੁਹਾਡੇ ਵੱਲ ਆਟੋਮੈਟਿਕ ਹਥਿਆਰ ਸੇਧੇ ਜਾਂਦੇ। ਕੋਈ ਕਾਰ ਨਹੀਂ ਜਾ ਸਕਦੀ। ਪ੍ਰੇਸ਼ਾਨੀਆਂ ਦਾ ਆਲਮ ਇਹ ਕਿ ਕਈ ਵਾਰ ਤਫ਼ਤੀਸ਼ੀ ਕਤਾਰਾਂ ਵਿਚ ਖੱਜਲ ਹੁੰਦੀਆਂ ਔਰਤਾਂ ਨੇ ਉੱਥੇ ਹੀ ਬੱਚਿਆਂ ਨੂੰ ਜਨਮ ਦਿੱਤਾ।
ਫ਼ਲਸਤੀਨ ਦੇ ਬਸਿ਼ੰਦਿਆਂ ਨੂੰ ਆਪਣੇ ਹੀ ਘਰ ਜਾਣ ਲਈ ਇਜ਼ਰਾਈਲ ਨੇ ਕਾਰਡ ਜਾਰੀ ਕੀਤੇ ਹੋਏ ਹਨ, ਫਿਰ ਵੀ ਫ਼ਲਸਤੀਨੀਆਂ ਨੂੰ ਨਾਕਿਆਂ ਉਪਰ ਕੁੱਟ-ਮਾਰ ਅਤੇ ਕਈ ਵਾਰ ਗੋਲੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਅਕਸਰ ਬੰਦ ਕਰ ਦਿੱਤੀ ਜਾਂਦੀ ਹੈ। ਇੱਕ ਬੰਨੇ ਫ਼ਲਸਤੀਨੀਆਂ ਨੂੰ ਆਪਣੇ ਹੀ ਘਰਾਂ/ਦੇਸ਼ ਵਿਚੋਂ ਉਜਾੜਿਆ ਜਾ ਰਿਹਾ, ਦੂਜੇ ਬੰਨੇ ਯਹੂਦੀ ਬਾਹਰੋਂ ਲਿਆ ਕੇ ਬਿਠਾਏ ਜਾ ਰਹੇ। ਫ਼ਲਸਤੀਨੀਆਂ ਕੋਲੋਂ ਆਪਣੀ ਹੀ ਧਰਤੀ ’ਚੋਂ ਪਾਣੀ ਲੈਣ ਦਾ ਹੱਕ ਵੀ ਖੋਹ ਲਿਆ ਹੈ।
ਰਮੱਲਾ ਪਹੁੰਚ ਕੇ ਉਨ੍ਹਾਂ ਦੇ ਗਾਈਡ ਵਿਲੀਅਮਜ਼ ਨੇ ਚਿਤਾਵਨੀ ਦਿੱਤੀ ਕਿ ਤੁਸੀਂ ਫੌਜੀਆਂ ਨਾਲ਼ ਕੋਈ ਸਵਾਲ ਜਵਾਬ ਨਹੀਂ ਕਰਨਾ; ਫੌਜੀਆਂ ਕੋਲ਼ ਕਿਸੇ ਨੂੰ ਵੀ ਗੋਲੀ ਮਾਰਨ ਦੇ ਹੱਕ ਹਨ। ਅਸੀਂ ਜਿੱਧਰ ਵੀ ਨਜ਼ਰ ਮਾਰੀ, ਤਬਾਹੀ ਦਾ ਮੰਜ਼ਰ ਸੀ। ਟੁੱਟੀਆਂ ਸੜਕਾਂ, ਸੜੀਆਂ ਗੱਡੀਆਂ, ਖੰਡਰ ਬਣੇ ਘਰ ਰਾਤਾਂ ਦੀ ਨੀਂਦ ਉਡਾ ਦਿੰਦੇ ਹਨ। ਜਿੱਥੇ ਅਸੀਂ ਰੁਕੇ, ਉੱਥੋਂ ਵੀਹ ਕੁ ਗਜ਼ ਦੀ ਦੂਰੀ ’ਤੇ ਗੋਲੇ ਡਿਗਦੇ ਰਹੇ। ਇੱਕ ਮਕਾਨ ਦੀ ਉਪਰਲੀ ਮੰਜਿ਼ਲ ’ਤੇ ਪਰਿਵਾਰ ਟੈਲੀਵਿਜ਼ਨ ਦੇਖ ਰਿਹਾ ਸੀ, ਉਸ ਨੂੰ ਉਪਰੋਂ ਸੜਕ ’ਤੇ ਸੁੱਟ ਦਿੱਤਾ। ਫੌਜ ਦੀਆਂ ਗੱਡੀਆਂ ਦੇ ਨਾਲ ਨਾਲ ਸਪੀਕਰਾਂ ਤੋਂ ਚਿਤਾਵਨੀ ਦਿੱਤੀ ਜਾ ਰਹੀ ਸੀ- “ਟੈਂਕਾਂ ਤੋਂ 200 ਗਜ਼ ਦੀ ਦੂਰੀ ’ਤੇ ਰਹਿ ਕੇ ਚੱਲਣਾ ਹੈ... ਉਲੰਘਣਾ ਕਰਨ ’ਤੇ ਗੋਲੀ ਮਾਰੀ ਜਾ ਸਕਦੀ ਹੈ।” ਪਲਾਂ ਵਿਚ ਕਰਫਿਊ ਲਗਾ ਦੇਣਾ ਆਮ ਜਿਹੀ ਗੱਲ ਹੈ। ਫ਼ਲਸਤੀਨ ਦਾ ਇੱਕ ਵੀ ਪਰਿਵਾਰ ਅਜਿਹਾ ਨਹੀਂ ਬਚਿਆ ਜਿਸ ਦਾ ਘੱਟੋ-ਘੱਟ ਇੱਕ ਜੀਅ ਮਾਰਿਆ ਨਾ ਗਿਆ ਹੋਵੇ। ਹਰ ਘਰ ਨੇ ਆਪਣੇ ਵਿਛੜੇ ਪਿਆਰਿਆਂ ਦੇ ਲਹੂ ਨਾਲ ਗੜੁੱਚ ਕੱਪੜੇ, ਤਸਵੀਰਾਂ, ਹੋਰ ਨਿਸ਼ਾਨੀਆਂ ਸੰਭਾਲ ਰੱਖੀਆਂ ਹਨ; ਹਰ ਇਕ ਨੂੰ ਇਹ ਵੀ ਪਤਾ ਹੈ ਕਿ ਅਗਲਾ ਸਾਹ ਆਵੇ ਕਿ ਨਾ ਆਵੇ। ਜਿੱਥੇ ਜਿ਼ੰਦਗੀ ਦਾ ਦੂਜਾ ਨਾਂ ਸੰਘਰਸ਼ ਹੈ। ਅਸੀਂ ਜਿੱਧਰ ਵੀ ਨਜ਼ਰ ਮਾਰੀ, ਫ਼ਲਸਤੀਨੀ ਜੁਝਾਰੂਆਂ ਨੂੰ ਪਿੱਠ ਪਿੱਛੇ ਹੱਥ ਬੰਨ੍ਹ ਕੇ ਨੂੜਿਆ ਦੇਖਿਆ। ਫ਼ਲਸਤੀਨੀਆਂ ਦਾ ਤਣਿਆਂ ਮੁੱਕਾ ਜੂਝਦੀ ਜਿ਼ੰਦਗੀ ਦਾ ਪ੍ਰਤੀਕ ਹੈ। ਟੈਂਕਾਂ ਦਾ ਟਾਕਰਾ ਕਰਨ ਵਾਲੇ ਫ਼ਲਸਤੀਨੀਆਂ ਦੇ ਹੱਥਾਂ ਵਿਚ ਰੋੜੇ ਵੱਟੇ ਹਨ। ਉਨ੍ਹਾਂ ਕੋਲ ਜਿ਼ੰਦਗੀ ਦਾ ਖ਼ੂਬਸੂਰਤ ਸੁਫ਼ਨਾ ਹੈ।...
ਅੱਜ ਫ਼ਲਸਤੀਨ ਮਲਬੇ ਦੇ ਢੇਰ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਖਾਧ ਖੁਰਾਕ, ਦਵਾਈਆਂ, ਬਿਜਲੀ, ਪਾਣੀ, ਘਰ, ਸਕੂਲ, ਹਸਪਤਾਲ, ਸੰਚਾਰ ਅਤੇ ਆਵਾਜਾਈ ਸਮੇਤ ਸਭ ਕੁਝ ਤੋਂ ਲੋਕਾਂ ਨੂੰ ਵਿਰਵੇ ਕਰ ਦਿੱਤਾ ਹੈ। ਉਨ੍ਹਾਂ ਦੇ ਸਾਹਮਣੇ ਮਾਰੂ ਹਥਿਆਰਾਂ ਨਾਲ ਤਬਾਹੀ ਮਚਾ ਰਹੀਆਂ ਇਜ਼ਰਾਇਲੀ ਫ਼ੌਜਾਂ ਹਨ। ਅਸਮਾਨ ਤੋਂ ਬਾਰੂਦੀ ਵਰਖਾ ਹੋ ਰਹੀ ਹੈ। ਫ਼ਲਸਤੀਨੀਆਂ ਦਾ ਮੁਕੰਮਲ ਨਸਲਘਾਤ ਕਰਨ ਲਈ ਚੌਤਰਫੇ ਹੱਲੇ ਬੋਲੇ ਜਾ ਰਹੇ ਹਨ। ਬੱਚਿਆਂ, ਔਰਤਾਂ, ਪੱਤਰਕਾਰਾਂ, ਫੋਟੋਗਰਾਫਰਾਂ, ਲੇਖਕਾਂ ਅਤੇ ਇਤਿਹਾਸਕਾਰਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸੂਰਤ ’ਚ ਵੀ ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਸਮੇਤ ਦੁਨੀਆ ਭਰ ਦੇ ਸਾਮਰਾਜੀ ਕਾਰਪੋਰੇਟ ਘਰਾਣੇ, ਉਨ੍ਹਾਂ ਦੀਆਂ ਹਕੂਮਤਾਂ ਅਤੇ ਉਨ੍ਹਾਂ ਦੀ ਡੰਡੌਤ ਬੰਦਨਾ ’ਚ ਗ਼ਲਤਾਨ ਵੱਖ ਵੱਖ ਮੁਲਕਾਂ ਦੇ ਹੁਕਮਰਾਨ ਕਿਸੇ ਨਾ ਕਿਸੇ ਰੂਪ ਵਿਚ ਧਾੜਵੀ ਇਜ਼ਰਾਈਲ ਦੀ ਪਿੱਠ ਥਾਪੜ ਰਹੇ ਹਨ।
7 ਅਕਤੂਬਰ (2023) ਤੋਂ ਗਾਜ਼ਾ ਪੱਟੀ ਉਪਰ ਬਾਰੂਦ ਦੀ ਵਰਖਾ ਹੋ ਰਹੀ ਹੈ। ਜੇਸੀਬੀ ਮਸ਼ੀਨਾਂ ਮੋਏ ਫੁੱਲਾਂ ਦੀ ਪਨੀਰੀ ਨੂੰ ਸਮੂਹਿਕ ਰੂਪ ਵਿਚ ਸਪੁਰਦ -ਏ-ਖਾ਼ਕ ਕਰ ਰਹੀਆਂ ਹਨ। ਅੰਬਰੋਂ ਉੱਚੇ, ਸਮੁੰਦਰੋਂ ਡੂੰਘੇ ਵੈਣ ਕੁੱਲ ਦੁਨੀਆ ਦੇ ਲੋਕਾਂ ਨੂੰ ਹਲੂਣ ਰਹੇ ਹਨ। ਸੰਸਾਰ ਭਰ ਅੰਦਰ ਦੋ ਧਿਰਾਂ ਵਿਚਕਾਰ ਸਪੱਸ਼ਟ ਨਿਸ਼ਾਨਦੇਹੀ ਹੋਈ ਹੈ। ਲੋਕਾਂ ਦੀ ਆਵਾਜ਼ ਫ਼ਲਸਤੀਨੀਆਂ ਨਾਲ਼ ਹੈ ਅਤੇ ਜੋਕਾਂ ਅਮਰੀਕੀ ਇਜ਼ਰਾਇਲੀ ਧਾੜਵੀਆਂ ਨਾਲ਼ ਹਨ। ਦੁਨੀਆ ਦੇ ਕੋਨੇ ਕੋਨੇ ਤੋਂ ਫ਼ਲਸਤੀਨੀਆਂ ਦੇ ਹੱਕ ਵਿਚ ਆਵਾਜ਼ ਉੱਠੀ ਹੈ ਅਤੇ ਅਮਰੀਕਾ ਤੇ ਇਜ਼ਰਾਈਲ ਅੰਦਰ ਵੀ ਲੋਕ ਰੋਹ ਸੜਕਾਂ ’ਤੇ ਉਮੜਿਆ ਹੈ।
ਫ਼ਲਸਤੀਨੀ ਹਰ ਸਾਹ ਨਾਲ ਆਪਣੇ ਮਾਰੇ ਗਏ ਪੱਤਰਕਾਰਾਂ, ਫੋਟੋਗਰਾਫਰਾਂ, ਕਵੀਆਂ, ਬੁੱਧੀਜੀਵੀਆਂ ਅਤੇ ਸਮਾਜਿਕ, ਸਭਿਆਚਾਰਕ ਤੇ ਜਮਹੂਰੀ ਹੱਕਾਂ ਦੇ ਕਾਮਿਆਂ ਦੀ ਘਾਲਣਾ ਨੂੰ ਸਿਜਦਾ ਕਰਦੇ ਹਨ। ਉਹ ਅਮਰੀਕਾ ਦੀ ਉਸ ਜਾਂਬਾਜ਼ ਸੰਗਰਾਮਣ ਰਾਚੇਲ ਕੌਰੀਏ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਨ ਜਿਸ ਨੇ ਅਮਰੀਕੀ ਹੁਕਮਰਾਨਾਂ ਨੂੰ ਵੀ ਇਹ ਦੱਸ ਦਿੱਤਾ ਸੀ ਕਿ ਅਮਰੀਕਾ ਦੇ ਜਾਗਦੀ ਜ਼ਮੀਰ ਵਾਲੇ ਲੋਕ ਤੁਹਾਡੇ ਹੱਥਾਂ ’ਚ ਫੜੇ ਖਿਡੌਣੇ ਨਹੀਂ। ਜਦੋਂ ਇਜ਼ਰਾਈਲ ਦੇ ਬੁਲਡੋਜ਼ਰ ਫ਼ਲਸਤੀਨੀਆਂ ਦੇ ਘਰ ਢਾਹ ਰਹੇ ਸੀ ਤਾਂ ਰਾਚੇਲ ਕੌਰੀਆ ਬੁਲਡੋਜ਼ਰ ਅੱਗੇ ਖੜ੍ਹੀ ਰਹੀ। ਉਸ ਦੇ ਜਿਸਮ ਉਪਰ ਬੁਲਡੋਜ਼ਰ ਚਾੜ੍ਹ ਦਿੱਤਾ ਗਿਆ।
ਅਜਿਹੀ ਕਰੂਰਤਾ ਦੇ ਬਾਵਜੂਦ ਟੈਂਕਾਂ ਅੱਗੇ ਬੱਚਿਆਂ ਦੇ ਹੱਥਾਂ ਵਿਚ ਫੜੀਆਂ ਗੁਲੇਲਾਂ ਨਾਬਰੀ, ਸਿਦਕ ਅਤੇ ਸੰਗਰਾਮ ਦੀਆਂ ਲਾਮਿਸਾਲ ਉਦਾਹਰਨਾਂ ਹਨ। ਫ਼ਲਸਤੀਨ ਦੇ ਪਰ ਕੁਤਰ ਕੇ, ਗਲ਼ ਦਬਾ ਕੇ ਗੋਡਿਆਂ ਪਰਨੇ ਕਰਨ ਦੇ ਮਨਸੂਬਿਆਂ ਨੂੰ ਧੂੜ ’ਚ ਮਿਲਾ ਰਹੇ ਫ਼ਲਸਤੀਨੀ ਇਹ ਦਰਸਾ ਰਹੇ ਹਨ ਕਿ ਆਜ਼ਾਦੀ ਅਤੇ ਮੁਕਤੀ ਲਈ ਜੂਝਦੀਆਂ ਲਹਿਰਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਸੰਪਰਕ: 98778-68710