For the best experience, open
https://m.punjabitribuneonline.com
on your mobile browser.
Advertisement

ਵੇਦਨਾ

10:03 AM Aug 20, 2020 IST
ਵੇਦਨਾ
Advertisement

ਐਂਟਨ ਚੈਖੋਵ

Advertisement

ਤ੍ਰਿਕਾਲਾਂ ਦਾ ਘੁਸਮੁਸਾ ਹੈ। ਸੰਘਣੀ ਸਿੱਲ੍ਹੀ ਬਰਫ ਭੁਆਂਟਣੀਆਂ ਪਾਉਂਦੀ ਹੁਣੇ ਹੁਣੇ ਜਗਾਈਆਂ ਬੱਤੀਆਂ ਦੇ ਗਿਰਦ ਇਕੱਠੀ ਹੋ ਰਹੀ ਹੈ ਅਤੇ ਇਸ ਦੀਆਂ ਨਰਮ ਪਰਤਾਂ ਛੱਤਾਂ, ਘੋੜਿਆਂ ਦੀਆਂ ਪਿੱਠਾਂ, ਲੋਕਾਂ ਦੇ ਮੋਢਿਆਂ ਅਤੇ ਟੋਪਾਂ ਉਪਰ ਪੈ ਰਹੀਆਂ ਹਨ। ਘੋੜਾ-ਬੱਘੀ ਦਾ ਚਾਲਕ ਆਇਓਨਾ ਪੋਟੇਪੋਵ ਬਰਫ਼ ਨਾਲ ਐਨ ਚਿੱਟਾ ਹੋਇਆ ਪਿਆ ਹੈ ਅਤੇ ਭੂਤ-ਪ੍ਰੇਤ ਲੱਗਦਾ ਹੈ। ਬੱਘੀ ਦੇ ਅੱਗੇ ਡਰਾਈਵਰ ਵਾਲੀ ਸੀਟ ਉਪਰ ਉਹ ਕੁੰਗੜ ਕੇ ਐਨਾ ਦੂਹਰਾ ਹੋਇਆ ਬੈਠਾ ਹੈ ਜਿੰਨਾ ਕੁ ਕੋਈ ਬੰਦਾ ਹੋ ਸਕਦਾ ਹੈ। ਬਿਲਕੁਲ ਵੀ ਨਹੀਂ ਹਿਲਦਾ। ਜੇ ਹਵਾ ਨਾਲ ਇਕੱਠੀ ਹੋਈ ਬਰਫ਼ ਦਾ ਪੂਰੇ ਦਾ ਪੂਰਾ ਢੇਰ ਵੀ ਉਸ ਉਪਰ ਡਿੱਗ ਪੈਂਦਾ ਤਾਂ ਵੀ ਸ਼ਾਇਦ ਉਹ ਇਸ ਨੂੰ ਛੰਡ ਕੇ ਪਰ੍ਹਾਂ ਨਾ ਸੁੱਟਦਾ। ਉਸ ਦਾ ਨਿੱਕਾ ਜਿਹਾ ਘੋੜਾ ਵੀ ਬਰਫ਼ ਨਾਲ ਸਫ਼ੈਦ ਹੋਇਆ ਹੈ।

Advertisement

ਆਇਓਨਾ ਅਤੇ ਉਸ ਦਾ ਨਿੱਕਾ ਜਿਹਾ ਘੋੜਾ ਕਾਫ਼ੀ ਦੇਰ ਤੋਂ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ। ਕਾਫ਼ੀ ਦੇਰ ਤੋਂ ਉਸ ਨੂੰ ਕੋਈ ਸਵਾਰੀ ਨਹੀਂ ਸੀ ਮਿਲੀ।

ਅਚਾਨਕ ਆਇਓਨਾ ਇਕ ਆਵਾਜ਼ ਸੁਣਦਾ ਹੈ, ‘ਬੱਘੀ ਵਾਲੇ, ਵਬਿੋਰਗ ਵੇ ਵੱਲ ਚੱਲਣੈ?’ ਅਇਓਨਾ ਛੜੱਪਾ ਮਾਰ ਕੇ ਖੜ੍ਹਦਾ ਹੈ ਅਤੇ ਆਪਣੀਆਂ ਬਰਫ਼ ਨਾਲ ਢਕੀਆਂ ਝਿੱਮਣੀਆਂ ਵਿਚੋਂ ਇਕ ਵੱਡੇ ਕੋਟ ਅਤੇ ਹੈਟ ਵਾਲੇ ਅਫ਼ਸਰ ਨੂੰ ਦੇਖਦਾ ਹੈ। ‘ਵਬਿੋਰਗ ਵੇ’, ਅਫ਼ਸਰ ਦੁਹਰਾਉਂਦਾ ਹੈ। ‘ਓਇ ਤੂੰ ਸੁੱਤੈਂ? ਸੁਣਿਆ ਨਹੀਂ ਵਬਿੋਰਗ ਵੇ?’ ਸਿਰ ਦੀ ਸੈਨਤ ਨਾਲ ਹਾਂ ਕਹਿੰਦਿਆਂ ਆਇਓਨਾ ਘੋੜੇ ਦੀਆਂ ਲਗਾਮਾਂ ਚੁੱਕਦਾ ਹੈ। ਅਫ਼ਸਰ ਬਰਫ਼ ’ਤੇ ਚੱਲਣ ਵਾਲੀ ਬੱਘੀ ਵਿਚ ਬੈਠ ਜਾਂਦਾ ਹੈ, ਬੱਘੀ ਚੱਲ ਪੈਂਦੀ ਹੈ।

ਚਲਦੇ ਸਾਰ ਘੁਸਮੁਸੇ ਵਿਚਲੀ ਭੀੜ ’ਚੋਂ ਚੀਕਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ, ‘ਓਇ ਬਾਘੜ-ਬਿੱਲਿਆ! ਕੀ ਕਰ ਰਿਹੈਂ? ਸ਼ੈਤਾਨ ਦੇ ਪੁੱਤਰਾ ਕਿਧਰ ਨੂੰ ਜਾ ਰਿਹੈਂ? ਸੱਜੇ ਚਲ ਸੱਜੇ।’ ਅਫ਼ਸਰ ਵੀ ਗੁੱਸੇ ਵਿਚ ਬੋਲਦਾ ਹੈ, ‘ਤੈਨੂੰ ਬੱਘੀ ਨਹੀਂ ਚਲਾਉਣੀ ਆਉਂਦੀ? ਸੱਜੇ ਰੱਖ ਸੱਜੇ।’ ਇਕ ਪ੍ਰਾਈਵੇਟ ਬੱਘੀ ਦਾ ਡਰਾਈਵਰ ਉਸ ਨੂੰ ਗਾਲਾਂ ਕੱਢਦਾ ਹੈ। ਇਕ ਰਾਹਗੀਰ ਉਸ ਵੱਲ ਕੌੜੀਆਂ ਅੱਖਾਂ ਨਾਲ ਤੱਕਦਾ ਹੈ। ਆਇਓਨਾ ਆਪਣੀ ਸੀਟ ’ਤੇ ਬੈਠਾ ਇਉਂ ਏਧਰ ਓਧਰ ਹੋ ਰਿਹਾ ਹੈ ਜਿਵੇਂ ਉਹ ਸੂਈਆਂ ਉਪਰ ਬੈਠਾ ਹੋਵੇ।

‘ਬੜੇ ਬਦਮਾਸ਼ ਨੇ ਸਾਰੇ। ਇਉਂ ਲੱਗਦੈ ਜਿਵੇਂ ਸਾਰਿਆਂ ਨੇ ਇਹ ਸਮਝੌਤਾ ਕਰ ਲਿਆ ਹੋਵੇ ਕਿ ਉਨ੍ਹਾਂ ਨੇ ਤੇਰੇ ਵਿਚ ਹੀ ਵੱਜਣੈ ਜਾਂ ਤੇਰੇ ਘੋੜੇ ਥੱਲੇ ਹੀ ਆਉਣੈ,’ ਅਫ਼ਸਰ ਨੇ ਮਜ਼ਾਕ ਕਰਦਿਆਂ ਕਿਹਾ। ਆਇਓਨਾ ਅਫ਼ਸਰ ਵੱਲ ਦੇਖਦਾ ਤੇ ਕੁਝ ਕਹਿਣਾ ਚਾਹੁੰਦਾ ਹੈ, ਪਰ ਮੂੰਹ ’ਚੋਂ ਸੁਰੜ ਸੁਰੜ ਦੀ ਆਵਾਜ਼ ਹੀ ਨਿਕਲਦੀ ਹੈ।

‘ਕੀ ਕਿਹੈ?’ ਅਫ਼ਸਰ ਨੇ ਪੁੱਛਿਆ। ਆਪਣੇ ਮੂੰਹ ’ਤੇ ਮੁਸਕਾਨ ਚਿਪਕਾ ਕੇ ਬੜੇ ਹੀ ਯਤਨ ਨਾਲ ਆਇਓਨਾ ਘੱਗੀ ਆਵਾਜ਼ ਨਾਲ ਕਹਿੰਦਾ ਹੈ, ‘ਮੇਰਾ ਸਪੁੱਤਰ, ਬਾਰਿਨ, ਇਸ ਹਫ਼ਤੇ ਚੱਲ ਵਸਿਆ।’ ‘ਹੂੰ…, ਕਿੱਦਾਂ ਮਰਿਆ?’ ਉਸ ਜਵਾਬ ਦਿੱਤਾ, ‘ਕੌਣ ਜਾਣਦੈ ਕਿੱਦਾਂ ਮਰਿਆ? ਡਾਕਟਰ ਕਹਿੰਦੇ ਸਨ ਕਿ ਤੇਜ਼ ਬੁਖ਼ਾਰ ਸੀ। ਤਿੰਨ ਦਿਨ ਹਸਪਤਾਲ ਰਿਹਾ ਤੇ ਫਿਰ ਮਰ ਗਿਆ। ਜੋ ਪ੍ਰਭੂ ਨੂੰ ਭਾਵੇ।’

‘ਸਾਹਮਣੇ ਦੇਖ, ਸ਼ੈਤਾਨਾ,’ ਹਨੇਰੇ ’ਚੋਂ ਆਵਾਜ਼ਾਂ ਆਈਆਂ। ‘ਓਇ ਬੁੱਢਿਆ ਕੁੱਤਿਆ! ਸੌਂ ਗਿਐਂ? ਆਪਣੀਆਂ ਅੱਖਾਂ ਤੋਂ ਕੰਮ ਲੈ।’

‘ਚਲ ਚਲ,’ ਅਫ਼ਸਰ ਨੇ ਕਿਹਾ, ‘ਵਰਨਾ ਕੱਲ੍ਹ ਤਕ ਉੱਥੇ ਨਹੀਂ ਪੁੱਜਾਂਗੇ। ਜ਼ਰਾ ਤੇਜ਼ ਚੱਲ।’

ਅਫ਼ਸਰ ਨੂੰ ਵਬਿੋਰਗ ਵੇ ਉਤਾਰ ਕੇ ਉਹ ਸਰਾਂ ਕੋਲ ਰੁਕ ਜਾਂਦਾ ਹੈ। ਸੀਟ ਉਪਰ ਫਿਰ ਦੂਹਰਾ ਹੋ ਕੇ ਬੈਠ, ਅਹਿੱਲ ਹੋ ਜਾਂਦਾ ਹੈ। ਕਾਫ਼ੀ ਦੇਰ ਬਾਅਦ ਪਟੜੀ ਉਪਰ ਚੀਂ ਚੀਂ ਕਰਦੇ ਰਬੜ ਦੇ ਬੂਟਾਂ ਵਾਲੇ, ਲੜਦੇ ਝਗੜਦੇ ਤਿੰਨ ਗੱਭਰੂ ਆਏ। ਦੋ ਜਣੇ ਲਮਢੀਂਗ ਤੇ ਪਤਲੇ-ਪਤੰਗ ਅਤੇ ਇਕ ਜਣਾ ਮਧਰਾ ਤੇ ਕੁਬੜਾ।

‘ਬੱਘੀ ਵਾਲੇ, ਪੁਲੀਸ ਬਰਿੱਜ ਚੱਲ,’ ਕੁਬੜੇ ਨੇ ਭਰੜਾਵੀਂ ਆਵਾਜ਼ ’ਚ ਕਿਹਾ। ‘ਤਿੰਨਾਂ ਦੇ ਦੋ ਧੇਲੇੇ।’ ਆਇਓਨਾ ਨੇ ਲਗਾਮ ਚੁੱਕੀ। ਤਿੰਨ ਸਵਾਰੀਆਂ ਦੇ ਦੋ ਧੇਲੇੇ ਬਹੁਤ ਘੱਟ ਕਿਰਾਇਆ ਸੀ, ਪਰ ਉਸ ਲਈ ਇਹ ਸਭ ਅਰਥਹੀਣ ਸੀ ਕਿ ਚਾਹੇ ਇਕ ਰੂਬਲ ਹੁੰਦਾ ਜਾਂ ਪੰਜ ਪੈਸੇ (ਕੋਪਕ)। ਉਸ ਲਈ ਤਾਂ ਬਸ ਸਵਾਰੀ ਹੋਣੀ ਚਾਹੀਦੀ ਹੈ। ਤਿੰਨੇ ਗੱਭਰੂ ਇਕ-ਦੂਜੇ ਨੂੰ ਧੱਕੇ ਮਾਰਦੇ, ਗਾਲ੍ਹਾਂ ਕੱਢਦੇ ਬੱਘੀ ਕੋਲ ਪਹੁੰਚੇ ਅਤੇ ਸਾਰੇ ਇਕੋ ਵੇਲੇ ਬੈਠਣ ਦੀ ਕੋਸ਼ਿਸ਼ ਕਰਨ ਲੱਗੇ। ਫਿਰ ਖਹਬਿੜਨ ਲੱਗੇ ਕਿ ਕਿਹੜੇ ਦੋ ਸੀਟ ਉਪਰ ਬੈਠਣਗੇ ਅਤੇ ਕਿਹੜਾ ਖੜ੍ਹਾ ਰਹੇਗਾ। ਕਾਫ਼ੀ ਗਾਲੀ-ਗਲੋਚ ਅਤੇ ਕਾਟੋ-ਕਲੇਸ਼ ਉਪਰੰਤ ਫ਼ੈਸਲਾ ਹੋਇਆ ਕਿ ਕੁੱਬਾ ਖੜ੍ਹੇਗਾ ਕਿਉਂਕਿ ਉਹ ਕੱਦ ਵਿਚ ਸਭ ਤੋਂ ਛੋਟਾ ਹੈ।

ਕੁੱਬੇ ਨੇ ਆਪਣੀ ਥਾਂ ਮਲਦਿਆਂ, ਆਇਓਨਾ ਦੇ ਮੌਰਾਂ ਕੋਲੋਂ ਟਣਕਾਵੀਂ ਆਵਾਜ਼ ਵਿਚ ਕਿਹਾ, ‘ਚਲ ਫਿਰ ਜ਼ਰਾ ਤੇਜ਼ ਤੇਜ਼।’ ‘ਵਾਲਦਾਰ ਬੁੱਢੇ! ਯਾਰ ਤੇਰੀ ਟੋਪੀ ਕਿਹੋ ਜਿਹੀ ਹੈ? ਇਤੋਂ ਭੈੜੀ ਪੂੁਰੇ ਪੀਟਰਜ਼ਬਰਗ ਵਿਚ ਨਹੀਂ ਹੋਣੀ…।’ ‘ਹੀ ਹੀ ਹੀ,’ ਆਇਓਨਾ ਨੇ ਫਿੱਕਾ ਹਾਸਾ ਹੱਸਦਿਆਂ ਕਿਹਾ। ‘ਤੇਜ਼ ਚਲ, ਇਸੇ ਚਾਲੇ ਸਾਰੇ ਰਾਹ ਚਲੇਂਗਾ? ਕੀ ਤੂੰ … ਦਿਆਂ ਤੇਰੀ ਧੌਣ ’ਤੇ ਇਕ?’ ਸਵਾਰੀ ਨੇ ਕਿਹਾ।

‘ਮੇਰਾ ਤਾਂ ਸਿਰ ਫਟਦਾ ਜਾ ਰਿਹੈ,’ ਇਕ ਲੰਬੂ ਬੋਲਿਆ। ਪਿਛਲੀ ਰਾਤ ਮੈਂ ਤੇ ਵਾਸਕਾ ਬਰਾਂਡੀ ਦੀਆਂ ਪੂਰੀਆਂ ਚਾਰ ਬੋਤਲਾਂ ਡਕਾਰ ਗਏ। ਦੋਵੇਂ ਫਿਰ ਝਗੜਣ ਲੱਗੇ ਤੇ ਫਿਰ ਕਿਸੇ ਨਡੇਜਡਾ ਪੈਟਰੋਨੋਵਾ ਨਾਂ ਦੀ ਲੜਕੀ ਬਾਰੇ ਯੱਕੜ ਮਾਰਨ ਲੱਗੇ।

‘ਹੀ ਹੀ,’ ਆਇਓਨਾ ਨੇ ਦੰਦੀਆਂ ਕੱਢੀਆਂ। ‘ਕਿੰਨੇ ਮੌਜੀ ਭਲੇਮਾਣਸ ਗੱਭਰੂ ਨੇ।’ ‘ਹਟ ਪਰ੍ਹੇ, ਢੱਠੇ ਖੂਹ ’ਚ ਪੈ,’ ਕੁਬੜੇ ਨੇ ਗੁੱਸੇ ਨਾਲ ਕਿਹਾ। ‘ਚਲੇਂਗਾ ਕਿ ਨਹੀਂ, ਬੁੱਢੀਏ ਬਲਾਏ? ਐਦਾਂ ਬੱਘੀ ਚਲਾਈਦੀ ਐ? ਰਤਾ ਚਾਬੁਕ ਵਰਤ। ਚੱਲ ਸ਼ੈਤਾਨਾਂ ਚਲ, ਜ਼ਰਾ ਘੋੜੇ ਦੇ ਜੜ।’ ਆਇਓਨਾ ਨੂੰ ਲੱਗਾ ਕਿ ਉਸ ਦੇ ਪਿਛਲੇ ਪਾਸੇ ਮਧਰਾ ਬੰਦਾ ਮਰੋੜੇ ਜਿਹੇ ਪਾ ਰਿਹਾ ਹੈ ਅਤੇ ਉਸ ਦੀ ਆਵਾਜ਼ ਵੀ ਗੁੱਸੇ ਨਾਲ ਕੰਬ ਰਹੀ ਹੈ। ਉਹ ਹਰ ਤਰ੍ਹਾਂ ਦੀ ਬੇਇੱਜ਼ਤੀ ਸਹਾਰੀ ਜਾ ਰਿਹਾ ਸੀ। ਲੋਕਾਂ ਨੂੰ ਦੇਖਦਾ ਹੈ ਅਤੇ ਹੌਲੀ ਹੌਲੀ ਉਸ ਦਾ ਇਕਲਾਪੇ ਵਾਲਾ ਅਹਿਸਾਸ ਉਸ ਨੂੰ ਛੱਡਦਾ ਜਾ ਰਿਹਾ ਹੈ। ਕੁੱਬਾ ਉਸ ਨੂੰ ਓਨਾ ਚਿਰ ਗਾਲ੍ਹਾਂ ਕੱਢੀ ਗਿਆ ਜਿੰਨਾ ਚਿਰ ਉਹ ਇਕ ਛੇ ਫੁੱਟ ਲੰਮੀ ਗਾਲ੍ਹ ਵਿਚ ਉਲਝ ਨਹੀਂ ਗਿਆ। ਕੁਝ ਇੰਤਜ਼ਾਰ ਉਪਰੰਤ ਆਇਓਨਾ ਉਨ੍ਹਾਂ ਨੂੰ ਕਹਿੰਦੈ, ‘ਮੇਰਾ ਪੁੱਤਰ ਇਸ ਹਫ਼ਤੇ ਮਰ ਗਿਆ।’ ‘ਆਪਾਂ ਸਾਰਿਆਂ ਨੇ ਮਰਨੈ,’ ਕੁੱਬੇ ਨੇ ਹਉਕਾ ਭਰਦਿਆਂ ਕਿਹਾ। ‘ਹੁਣ ਭਲੇਮਾਣਸਾ! ਤੇਜ਼ੀ ਫੜ ਤੇਜ਼ੀ। ਤੂੰ ਕਦੋਂ ਪਹੁੰਚਾਏਂਗਾ ਸਾਨੂੰ?’ ‘ਓਇ ਬੁੱਢੇ ਕੀੜੇ! ਸੁਣਦੈਂ? ਮੈਂ ਤੇਰੀ ਧੌਣ ਦੀਆਂ ਹੱਡੀਆਂ ਭੰਨ ਦੇਊਂ। ਜੇ ਤੇਰੇ ਵਰਗਿਆਂ ਨੂੰ ਜ਼ਰਾ ਪਿਆਰ ਨਾਲ ਪੇਸ਼ ਆਈਏ ਤਾਂ ਪੈਦਲ ਜਾਣਾ ਪਵੇਗਾ। ਸੁਣਦੈਂ ਬੁੱਢਿਆ?’

ਆਇਓਨਾ ਉਨ੍ਹਾਂ ਦੇ ਸ਼ਾਬਦਿਕ ਘਸੁੰਨਾਂ ਨੂੰ ਹੁਣ ਮਹਿਸੂਸ ਕਰਨ ਨਾਲੋਂ ਸੁਣ ਵਧੇਰੇ ਰਿਹਾ ਸੀ। ‘ਹੀ ਹੀ,’ ਉਹ ਹੱਸਦਾ ਹੈ। ‘ਮੌਜੀ ਗੱਭਰੂ, ਪ੍ਰਭੂ ਅਸ਼ੀਰਵਾਦ ਦੇਈ ਰੱਖੇ।’ ‘ਬੱਘੀ ਵਾਲੇ, ਤੂੰ ਵਿਆਹਿਆਂ?’ ਇਕ ਲੰਬੂ ਨੇ ਪੁੱਛਿਆ। ‘ਮੈਂ, ਹੀ ਹੀ। ਹੁਣ ਮੇਰੀ ਪਤਨੀ ’ਤੇ ਸਿੱਲ੍ਹੀ ਮਿੱਟੀ ਰਹਿ ਗਈ ਹੈ… ਮੇਰਾ ਮਤਲਬ ਕਬਰ। ਮੇਰਾ ਪੁੱਤਰ ਮਰ ਗਿਐ ਤੇ ਮੈਂ ਜਿਊਂਦਾਂ… ਕਮਾਲ ਦੀ ਗੱਲ ਹੈ। ਮੌਤ ਭੁਲੇਖੇ ਨਾਲ ਗ਼ਲਤ ਬੂਹੇ ’ਤੇ ਪੁੱਜ ਗਈ… ਮੈਨੂੰ ਆਉਣ ਦੀ ਬਜਾਏ ਮੇਰੇ ਪੁੱਤਰ ਨੂੰ ਆ ਗਈ…।’

ਆਇਓਨਾ ਇਹ ਦੱਸਣ ਲਈ ਕਿ ਉਸ ਦਾ ਪੁੱਤ ਕਿਵੇਂ ਮਰਿਆ ਉਨ੍ਹਾਂ ਵੱਲ ਮੁੜਦਾ ਹੈ, ਪਰ ਉਦੋਂ ਤੀਕ ਸਵਾਰੀਆਂ ਹੇਠਾਂ ਉਤਰ ਚੁੱਕੀਆਂ ਸਨ। ਇਕ ਵਾਰ ਫਿਰ ਉਹ ਇਕੱਲਾ ਅਤੇ ਖ਼ਾਮੋਸ਼ੀ ਦਾ ਘੇਰਿਆ ਹੋਇਆ ਹੈ। ਉਸ ਦਾ ਗ਼ਮ, ਜੋ ਕੁਝ ਸਮੇਂ ਲਈ ਘਟ ਗਿਆ ਸੀ, ਪਰਤ ਆਉਂਦਾ ਹੈ ਅਤੇ ਵਧੇਰੇ ਸ਼ਿੱਦਤ ਨਾਲ ਉਸ ਦਾ ਕਲੇਜਾ ਚੀਰਦਾ ਹੈ।

ਉਹ ਵਿਆਕੁਲ ਅਤੇ ਉਤਾਵਲੀ ਤੱਕਣੀ ਨਾਲ ਸੜਕ ਦੇ ਦੋਵੇਂ ਪਾਸੇ ਗੁਜ਼ਰ ਰਹੀ ਭੀੜ ਵਿਚੋਂ ਇਕ ਅਜਿਹਾ ਬੰਦਾ ਭਾਲਣ ਦੀ ਕੋਸ਼ਿਸ਼ ਕਰਦਾ ਹੈ ਜੋ ਉਸ ਦੀ ਗੱਲ ਸੁਣ ਸਕੇ। ਪਰ ਭੀੜ ਬਿਨਾਂ ਉਸ ਵੱਲ ਦੇਖੇ ਤੇ ਬਿਨਾਂ ਉਸ ਦਾ ਦੁੱਖ ਸਮਝੇ ਭੱਜੀ ਜਾ ਰਹੀ ਸੀ। ਪਰ ਪੀੜ ਤਾਂ ਅਸੀਮ ਸੀ। ਜੇ ਕਿਤੇ ਉਹਦਾ ਸੀਨਾ ਫਟ ਜਾਵੇ ਅਤੇ ਗ਼ਮ ਬਾਹਰ ਛਲਕ ਪਵੇ ਤਾਂ ਇਉਂ ਲੱਗਦਾ ਹੈ ਕਿ ਇਹ ਪੂਰੀ ਧਰਤੀ ਉਪਰ ਵਗ ਪਵੇਗਾ।

ਆਇਓਨਾ ਬੋਰੀਆਂ ਚੁੱਕੀ ਲਿਆਉਂਦਾ ਇਕ ਕੁਲੀ ਦੇਖਦਾ ਹੈ ਅਤੇ ਉਸ ਨਾਲ ਗੱਲ ਕਰਨ ਦਾ ਫ਼ੈਸਲਾ ਕਰਦਾ ਹੈ।

‘ਮਿੱਤਰਾ, ਭਲਾ ਟਾਈਮ ਕੀ ਹੋਇਐ?’ ਉਹ ਪੁੱਛਦਾ ਹੈ। ‘ਨੌਂ ਤੋਂ ਉਪਰ, ਇੱਥੇ ਕਿਉਂ ਖੜ੍ਹੈਂ? ਅੱਗੇ ਚੱਲ,’ ਕੁਲੀ ਨੇ ਕਿਹਾ। ਆਇਓਨਾ ਕੁਝ ਕਦਮ ਅੱਗੇ ਹੋ ਜਾਂਦਾ ਹੈ, ਫਿਰ ’ਕੱਠਾ ਹੋ ਕੇ ਬੈਠ ਜਾਂਦਾ ਹੈ ਅਤੇ ਆਪਣੇ ਆਪ ਨੂੰ ਆਪਣੇ ਦਰਦ ਦੇ ਹਵਾਲੇ ਕਰ ਦਿੰਦਾ ਹੈ। ਉਹ ਸਮਝ ਜਾਂਦਾ ਹੈ ਕਿ ਲੋਕਾਂ ਕੋਲੋਂ ਸਹਾਇਤਾ ਲੈਣ ਬਾਰੇ ਸੋਚਣ ਦਾ ਕੋਈ ਲਾਭ ਨਹੀਂ। ਜਲਦ ਹੀ ਉਹ ਆਪਣੇ ਆਪ ਨੂੰ ਸਿੱਧਾ ਕਰਦਾ ਹੈ, ਸਿਰ ਉਪਰ ਨੂੰ ਚੁੱਕਦਾ ਹੈ ਜਿਵੇਂ ਕਿ ਉਸ ਦੇ ਤਿੱਖੀ ਪੀੜ ਉਠੀ ਹੋਵੇ ਅਤੇ ਘੋੜੇ ਦੀ ਲਗਾਮ ਨੂੰ ਤੁਣਕਾ ਮਾਰਦਾ ਹੈ। ਦਰਦ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ। ‘ਅਸਤਬਲ ਚੱਲੀਏ,’ ਉਸ ਸੋਚਿਆ। ਅਤੇ ਨਿੱਕਾ ਘੋੜਾ ਜਿਵੇਂ ਸਮਝ ਗਿਆ ਹੋਵੇ, ਟੱਪ ਟੱਪ ਕਰਦਾ ਦੌੜਨ ਲੱਗ ਪਿਆ।

ਡੇਢ ਕੁ ਘੰਟੇ ਬਾਅਦ ਆਇਓਨਾ ਇਕ ਵੱਡੇ ਸਾਰੇ ਗੰਦੇ ਜਿਹੇ ਸਟੋਵ ਲਾਗੇ ਬੈਠਾ ਸੀ। ਥਾਂ ਥਾਂ ਲੋਕ ਸੁੱਤੇ ਪਏ ਸਨ।

‘ਮੈਂ ਤਾਂ ਅੱਜ ਆਪਣੇ ਖਾਣ ਜੋਗਾ ਦਾਣਾ-ਦੱਪਾ ਵੀ ਨਹੀਂ ਕਮਾ ਸਕਿਆ,’ ਉਹ ਸੋਚਦਾ ਹੈ।

ਇਕ ਕੋਨੇ ’ਚੋਂ ਇਕ ਗੱਭਰੂ ਬੱਘੀ ਚਾਲਕ ਸੁੱਤ-ਉਨੀਂਦੇ ’ਚ ਦੰਦ ਕਰੀਚਦਿਆਂ ਪਾਣੀ ਦੀ ਬਾਲਟੀ ਵੱਲ ਹੱਥ ਵਧਾਉਂਦਾ ਹੈ। ਆਇਓਨਾ ਉਸ ਨੂੰ ਪਾਣੀ ਫੜਾਉਂਦਾ ਤੇ ਕਹਿੰਦਾ ਹੈ, ‘ਸਾਥੀਆ, ਜ਼ਰਾ ਸੁਣ, ਤੈਨੂੰ ਪਤੈ ਮੇਰਾ ਪੁੱਤਰ ਮਰ ਗਿਐ… ਸੁਣਿਐਂ? ਇਸੇ ਹਫ਼ਤੇ। ਹਸਪਤਾਲ ਵਿਚ… ਬੜੀ ਲੰਬੀ ਕਹਾਣੀ ਹੈ।’ ਪਰ ਗੱਭਰੂ ਚਾਦਰ ’ਚ ਮੂੰਹ ਲੁਕਾ ਫਿਰ ਸੌਂ ਗਿਆ ਸੀ। ਬਜ਼ੁਰਗ ਹਉਕਾ ਭਰਦਾ ਅਤੇ ਆਪਣਾ ਸਿਰ ਖੁਰਕਦਾ ਹੈ। ਜਿੰਨਾ ਕੁ ਗੱਭਰੂ ਪਾਣੀ ਪੀਣਾ ਚਾਹੁੰਦਾ ਹੈ ਓਨਾ ਕੁ ਉਹ ਆਪਣੀ ਗੱਲ ਕਰਨੀ ਚਾਹੁੰਦਾ ਹੈ। ਉਸ ਦੇ ਪੁੱਤਰ ਮਰੇ ਨੁੂੰ ਇਕ ਹਫ਼ਤਾ ਹੋ ਜਾਣਾ ਹੈ, ਪਰ ਉਹ ਅਜੇ ਤਕ ਵੀ ਕਿਸੇ ਨਾਲ ਵੀ ਸਹੀ ਢੰਗ ਨਾਲ ਇਸ ਬਾਰੇ ਗੱਲ ਨਹੀਂ ਕਰ ਸਕਿਆ। ਇਹ ਦਾਸਤਾਂ ਤਾਂ ਬਹੁਤ ਹੀ ਹੌਲੀ ਹੌਲੀ ਅਤੇ ਧਿਆਨ ਨਾਲ ਸੁਣਾਉਣ ਵਾਲੀ ਹੈ ਕਿ ਕਿਵੇਂ ਉਸ ਦਾ ਪੁੱਤਰ ਬਿਮਾਰ ਪੈ ਗਿਆ, ਕਿਵੇਂ ਉਸ ਨੇ ਦੁੱਖ ਭੋਗਿਆ, ਮਰਨੋਂ ਪਹਿਲਾਂ ਉਸ ਨੇ ਕੀ ਕਿਹਾ, ਕਿਵੇਂ ਮਰਿਆ? ਉਸ ਦੇ ਜਨਾਜ਼ੇ ਦਾ ਵਿਸਥਾਰ ਵਿਚ ਵਰਨਣ ਕਰਨਾ ਅਤੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਵੇਂ ਹਸਪਤਾਲ ’ਚੋਂ ਉਸ ਦੇ ਕੱਪੜੇ ਲਿਆਉਣ ਲਈ ਜਾਣਾ ਪਿਆ। ਆਇਓਨਾ ਦੀ ਧੀ ਅਨੀਸੀਆ ਪਿੰਡ ਵਿਚ ਹੀ ਸੀ। ਉਹਦੇ ਬਾਰੇ ਵੀ ਗੱਲ ਕਰਨੀ ਬਣਦੀ ਹੈ। ਕੋਈ ਸੁਣੇ ਤਾਂ ਸਹੀ, ਉਸ ਦਾ ਮੂੰਹ ਟੱਡਿਆ ਰਹਿ ਜਾਏਗਾ ਅਤੇ ਉਹ ਹਉਕੇ ਭਰੇਗਾ, ਉਸ ਨਾਲ ਹਮਦਰਦੀ ਕਰੇਗਾ।

‘ਮੈਂ ਜਾ ਕੇ ਆਪਣੇ ਘੋੜੇ ਦੀ ਦੇਖਭਾਲ ਕਰਦਾ ਹਾਂ,’ ਆਇਓਨਾ ਨੇ ਸੋਚਿਆ, ‘ਬਥੇਰਾ ਸਮਾਂ ਹੈ ਅਜੇ ਸੌਣ ਲਈ।’

ਉਸ ਨੇ ਆਪਣਾ ਕੋਟ ਪਾਇਆ ਅਤੇ ਅਸਤਬਲ ਵਿਚ ਆਪਣੇ ਘੋੜੇ ਕੋਲ ਪਹੁੰਚ ਗਿਆ। ਉਹ ਮੱਕੀ, ਘਾਹ ਅਤੇ ਮੌਸਮ ਬਾਰੇ ਸੋਚਣ ਲੱਗ ਪਿਆ। ਜਦ ਉਹ ਇਕੱਲਾ ਹੁੰਦਾ ਹੈ ਤਾਂ ਉਸ ਵਿਚ ਆਪਣੇ ਪੁੱਤਰ ਬਾਰੇ ਸੋਚਣ ਦਾ ਹੌਸਲਾ ਨਹੀਂ ਹੁੰਦਾ, ਪਰ ਉਸ ਬਾਰੇ ਉਹ ਗੱਲ ਕਿਸੇ ਨਾਲ ਵੀ ਕਰ ਸਕਦਾ ਹੈ। ਪਰ ਉਸ ਬਾਰੇ ਸੋਚਣਾ, ਉਸ ਦੀ ਤਸਵੀਰ ਅੱਖੀਆਂ ਸਾਹਮਣੇ ਚਿਤਵਣੀ ਅਸਹਿ ਢੰਗ ਨਾਲ ਦਰਦਨਾਕ ਗੱਲ ਹੈ।

‘ਖ਼ੂਬ ਖਾ ਰਿਹੈਂ,’ ਆਇਓਨਾ ਨੇ ਘੋੜੇ ਦੀਆਂ ਚਮਕਦੀਆਂ ਅੱਖਾਂ ਵੱਲ ਤੱਕਦਿਆਂ ਉਸ ਨੂੰ ਪੁੱਛਿਆ। ‘ਸ਼ਾਬਾਸ਼! ਖਾਈ ਚਲ, ਚਾਹੇ ਆਪਾਂ ਅੱਜ ਆਪਣੇ ਦਾਣੇ ਨਹੀਂ ਕਮਾਏ, ਚਲੋ ਅੱਜ ਆਪਾਂ ਘਾਹ ਨਾਲ ਹੀ ਸਾਰਦੇ ਆਂ। ਹਾਂ, ਹੁਣ ਮੈਂ ਬੱਘੀ ਚਲਾਉਣ ਲਈ ਕਾਫ਼ੀ ਬੁੱਢਾ ਹੋ ਗਿਆ ਹਾਂ। ਮੇਰਾ ਬੇਟਾ ਚਲਾ ਸਕਦਾ ਸੀ, ਮੈਂ ਨਹੀਂ। ਉਹ ਅੱਵਲ ਦਰਜੇ ਦਾ ਬੱਘੀ ਚਾਲਕ ਸੀ। ਕਾਸ਼! ਉਹ ਜ਼ਿੰਦਾ ਹੁੰਦਾ।’

ਆਇਓਨਾ ਇਕ ਪਲ ਲਈ ਖ਼ਾਮੋਸ਼ ਹੁੰਦਾ ਹੈ। ਫਿਰ ਗੱਲ ਜਾਰੀ ਕਰਦਾ ਹੈ, ‘ਮੇਰੇ ਬੁੱਢੇ ਘੋੜੇ, ਗੱਲ ਐਦਾਂ ਏਂ ਬਈ, ਕੁਜ਼ਮਾ ਆਇਓਨਿਚ ਹੁਣ ਨਹੀਂ ਰਿਹਾ। ਸਾਨੂੰ ਜੀਣ ਲਈ ਛੱਡ ਗਿਆ, ਆਪ ਅਚਨਚੇਤੇ ਚਲਾ ਗਿਆ। ਇਉਂ ਕਹਿ ਲਈਏ ਕਿ ਤੇਰਾ ਇਕ ਬਛੇਰਾ/ਬਛੇਰੀ ਹੈ, ਤੂੁੰ ਉਸ ਦੀ ਮਾਂ ਹੈਂ ਤੇ ਅਚਾਨਕ ਬਛੇਰਾ/ਬਛੇਰੀ ਚਲਾ ਜਾਵੇ ਤੇ ਤੈਨੂੰ ਬਾਅਦ ਵਿਚ ਜੀਊਣ ਲਈ ਇਕੱਲਾ ਛੱਡ ਜਾਵੇ। ਇਹ ਤਾਂ ਉਦਾਸਕੁਨ ਹੋਵੇਗਾ ਨਾ, ਹੋਵੇਗਾ ਕਿ ਨਹੀਂ?’

ਨਿੱਕਾ ਘੋੜਾ ਚਿੱਥ ਚਿੱਥ ਖਾਂਈ ਜਾਂਦਾ ਹੈ, ਧਿਆਨ ਨਾਲ ਸੁਣਦਾ ਹੈ ਅਤੇ ਆਪਣੇ ਮਾਲਕ ਦੇ ਹੱਥਾਂ ਉਪਰ ਆਪਣਾ ਮੂੰਹ ਲਾ ਕੇ ਨਾਸਾਂ ’ਚੋਂ ਹਲਕਾ ਹਲਕਾ ਸਾਹ ਛੱਡਦਾ ਹੈ…।

ਆਇਓਨਾ ਕੋਲੋਂ ਹੁਣ ਆਪਣੀਆਂ ਭਾਵਨਾਵਾਂ ਸਾਂਭੀਆਂ ਨਾ ਗਈਆਂ ਅਤੇ ਉਹ ਨਿੱਕੇ ਘੋੜੇ ਨੂੰ ਸਾਰੀ ਕਹਾਣੀ ਸੁਣਾ ਦਿੰਦਾ ਹੈ।

ਅਨੁਵਾਦ: ਪ੍ਰੋ. ਜਸਵੰਤ ਸਿੰਘ ਗੰਡਮ
ਸੰਪਰਕ: 98766-55055

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement