For the best experience, open
https://m.punjabitribuneonline.com
on your mobile browser.
Advertisement

ਚੜਿਆ ਸੋਧਣਿ ਧਰਤਿ ਲੋਕਾਈ

07:53 AM Nov 14, 2024 IST
ਚੜਿਆ ਸੋਧਣਿ ਧਰਤਿ ਲੋਕਾਈ
Advertisement

ਰਬਾਬ

ਮਨਜੀਤ ਪਾਲ ਸਿੰਘ

Advertisement

ਕਾਇਨਾਤ ਦੇ ਸੀਸ ’ਤੇ, ਕਿੰਝ ਆਪਣੀ ਰੂਹ ਦੀ ਰਬਾਬ ਧਰੀਏ?
ਉਲ਼ਝੇ ਪਏ ਨੇ ਤਾਰ, ਕਿੰਝ ਸੁਰ ਹੋ, ਸ਼ਬਦ ਦੀ ਪਰਵਾਜ਼ ਭਰੀਏ?

Advertisement

ਸੰਨਾਟਿਆਂ ਦੇ ਪੰਜਿਆਂ ’ਚ ਬੇਵੱਸ, ਮੌਨ ਹੈ ਇਹ ਚੌਗਿਰਦਾ
ਕਿੰਝ ਕੰਠ ਨੂੰ ਸਹਿਲਾਈਏ, ਤੇ ਬੁੱਲ੍ਹਾਂ ’ਤੇ ਕੋਈ ਆਵਾਜ਼ ਧਰੀਏ?

ਗਹਿਰ ਗੰਭੀਰ ਬਹੁਤ ਹੈ, ਮੇਰੇ ਮੁਰਸ਼ਦ ਦੇ ਸ਼ਬਦਾਂ ਦੀ ਵੇਈਂ
ਫੜੀਏ ਕਿੰਝ ਲਹਿਰ ਇਹਦੀ ਕੋਈ, ਤੇ ਠਿੱਲ੍ਹਣ ਦਾ ਆਗਾਜ਼ ਕਰੀਏ?

ਪਾਰ ਅਰਸ਼ਾਂ ਤੋਂ ਹੈ ਆਈ, ਧੁਨ ਜੋ ਅੱਖਰਾਂ ਦਾ ਧਾਰ ਕੇ ਰੂਪ
ਧੜਕੀਏ ਕਿੰਝ ਇਹਦੀ ਸੁਰ-ਤਾਲ ਵਿੱਚ, ਤੇ ਜੀਣ-ਮਰਨ ਦਾ ਰਿਆਜ਼ ਕਰੀਏ?

ਮੁੜ੍ਹਕੇ-ਭਿੱਜੇ ਮੁੱਖ ’ਤੇ ਜੋ ਹੁਣ, ਫਣ ਫੈਲਾਅ ਛਾਵਾਂ ਨਹੀਂ ਕਰਦਾ
ਰਹੇ ਫੁੰਕਾਰਦਾ ਸਦਾ ਜ਼ਿਹਨ ਅੰਦਰ, ਕਿੰਝ ਉਹ ਜ਼ਹਿਰੀ ਨਾਗ ਫੜੀਏ?

ਬਾਬੇ ਅੰਨਦਾਤੇ ਦੇ ਹਲ਼ ਵਾਂਗ, ਕਿੰਝ ਪਾਈਏ ਰੂਹ ’ਤੇ ਕੋਈ ਸਿਆੜ
ਕਿੰਝ ਬੀਜੀਏ ਸ਼ਬਦ ਦੀ ਤਰੰਗ ਕੋਈ, ਤੇ ਆਪਣੇ ਆਪੇ ਦੀ ਵਾਗ ਫੜੀਏ?
ਸੰਪਰਕ: 96467-13135
* * *

ਮੇਰਾ ਨਾਨਕ

ਜਗਤਾਰ ਗਰੇਵਾਲ ‘ਸਕਰੌਦੀ’

ਕੌਣ ਦੱਸੇ ਤੂੰ ਕੀਹਦਾ ਨਾਨਕ
ਕੌਣ ਹੈ ਏਥੇ ਤੇਰਾ ਨਾਨਕ?

ਕੌਣ ਹੈ ਤੇਰੀ ਮੰਨਦਾ ਸੁਣਦਾ?
ਤੱਕਿਆ ਚਾਰ ਚੁਫ਼ੇਰਾ ਨਾਨਕ।

ਤੂੰ ਸੀ ਜਿੰਨਾ ਚਾਨਣ ਕੀਤਾ
ਉਹਤੋਂ ਵੱਧ ਹਨੇਰਾ ਨਾਨਕ।

ਏਥੇ ਰਹਿ ਗਈ ਮੈਂ ਤੇ ਮੇਰਾ
ਤੂੰ ਹੀ ਸੀ ਬਸ ਤੇਰਾ ਨਾਨਕ।

ਉਂਝ ਰੌਲਾ ਪੈਂਦਾ ਰੋਜ਼ ਸੁਣੀਂਦਾ
ਮੇਰਾ ਨਾਨਕ ਮੇਰਾ ਨਾਨਕ।
ਸੰਪਰਕ: 94630-36033
* * *

ਤੇਰਾ ਤੇਰਾ ਤੋਲੇ ਜੀ

ਦੀਪਿਕਾ ਅਰੋੜਾ

ਜਦ ਪਾਪ ਦੀ ਗਠੜੀ ਭਾਰੀ ਸੀ
ਚਹੁੰ ਪਾਸੀਂ ਹਨੇਰਾ ਛਾਇਆ ਸੀ
ਉਹ ਅੰਬਰੀਂ ਉੱਗਿਆ ਬਣ ਸੂਰਜ
ਜੱਗ ਚਾਨਣ ਨਾਲ ਰੁਸ਼ਨਾਇਆ ਸੀ।

ਉਹ ਸੰਤ ਸੀ ਸੱਚੇ ਸੌਦੇ ਦਾ
ਪਰਉਪਕਾਰ ਦਾ ਉਹ ਹਾਮੀ
ਉਸ ਤੋੜਿਆ ਵਹਿਮਾਂ ਭਰਮਾਂ ਨੂੰ
ਉਹਦੀ ਸਿੱਖਿਆ ਸਿੱਧੀ ਤੇ ਸਾਦੀ।

ਉਸ ਭਾਲ ਨਹੀਂ ਕੀਤੀ ਜੰਗਲਾਂ
ਉਹਦਾ ਯਾਰ ਤਾਂ ਕਣ-ਕਣ ਵਸਦਾ ਸੀ
ਹਰ ਦਿਲ ’ਚ ਨੂਰ ਖ਼ੁਦਾਈ ਦਾ
ਹਰ ਚਿਹਰੇ ਹੀ ਰੱਬ ਦਿਸਦਾ ਸੀ।

ਉੱਚਾ ਉਹ ਮਜ਼ਹਬ ਜ਼ਾਤਾਂ ਤੋਂ
ਵੱਖਰੀ ਹੀ ਸੋਚ ਉਹ ਰੱਖਦਾ ਸੀ
ਉਹ ਬਖ਼ਸ਼ਣਹਾਰ ਸੀ ਭੁੱਲਿਆਂ ਦਾ
ਸਭ ਵਿੱਚ ਚੰਗਆਈਆਂ ਲੱਭਦਾ ਸੀ।

ਉਹਦਾ ਤੋਲ ਅਨੋਖਾ ਦੁਨੀਆ ਤੋਂ
ਉਹ ‘ਤੇਰਾ ਤੇਰਾ’ ਤੋਲੇ ਜੀ
ਉਸਦੇ ਅਲਫ਼ਾਜ਼ ਨਾ, ‘ਮੈਂ’ ਕਿਧਰੇ
ਬਸ ‘ਤੇਰਾ ਤੇਰਾ’ ਬੋਲੇ ਜੀ।

ਭੁੱਲੇ ਭਟਕੇ ਸਭ ਲੋਕਾਂ ਨੂੰ
ਉਸ ਸਿੱਧੇ ਰਾਹੀਂ ਪਾਇਆ ਸੀ
ਧਰਤੀ ’ਤੇ ਧਾਰ ਮਨੁੱਖੀ ਜਾਮਾ
ਉਹ ਰੱਬ ਸੱਚਾ ਹੀ ਆਇਆ ਸੀ।
ਈ-ਮੇਲ: deepikaarora739a@gmail.com
* * *

ਕਦੋਂ ਆਵੇਂਗਾ?

ਗੁਰਤੇਜ ਸਿੰਘ ਖੁਡਾਲ

ਆ ਜਾ ਮੁੜ ਕੇ ਮਾਂ ਤ੍ਰਿਪਤਾ ਦੇ ਪੁੱਤਰਾ,
ਅੱਜ ਲੋੜ ਹੈ ਤੇਰੀ ਇਸ ਜਹਾਨ ਅੰਦਰ।

ਕਾਮ, ਕ੍ਰੋਧ, ਅਹੰਕਾਰ ਫਿਰੇ ਬੇਕਾਬੂ ਹੋਇਆ,
ਅੱਗ ਮਚਾਈ ਹੈ ਇਸਨੇ ਸੰਸਾਰ ਅੰਦਰ।
ਠੱਗ ਚੋਰ ਬਲਾਤਕਾਰੀ ਹਿੱਕਾਂ ਤਾਣ ਤੁਰਦੇ,
ਸੱਚਾ ਬੰਦਾ ਦਿਨ ਕੱਟ ਰਿਹਾ ਵੜ ਵੜ ਅੰਦਰ।

ਪਾਖੰਡੀ, ਚੋਰ, ਵਿਹਲੜ ਲੋਕ ਬਣੇ ਰੱਬ ਬੈਠੇ,
ਲੁੱਟਦੇ ਧੀਆਂ ਭੈਣਾਂ ਨੂੰ ਆਪਣੇ ਡੇਰਿਆਂ ਅੰਦਰ।
ਬਾਬਾ ਭੁੱਲਦੇ ਜਾਂਦੇ ਨੇ ਲੋਕ ਸੋਚ ਤੇ ਮੱਤ ਤੇਰੀ,
ਤੂੰ ਵੰਡਿਆ ਗਿਆਨ ਸੀ ਜੋ ਸੰਸਾਰ ਅੰਦਰ।

ਹਰ ਪਾਸੇ ਬੇਈਮਾਨੀ, ਰਿਸ਼ਵਤਖੋਰੀ ਦਾ ਬੋਲਬਾਲਾ,
ਪੁੱਛੇ ਹੱਕ ਸੱਚ ਨੂੰ ਨਾ ਕੋਈ ਇਸ ਜਹਾਨ ਅੰਦਰ।
ਕਦੋਂ ਆਵੇਂਗਾ ਜਹਾਨ ਬਾਬਾ ਨਾਨਕ ਮੁੜ ਕੇ,
ਉਡੀਕ ਰਹੀ ਹੈ ਲੋਕਾਈ ਸਾਰੇ ਸੰਸਾਰ ਅੰਦਰ।
ਸੰਪਰਕ: 94641-29118
* * *

ਕੈਦ ਕੀਤੇ ਸਿਧਾਂਤ

ਜਸਵੰਤ ਗਿੱਲ ਸਮਾਲਸਰ

ਹੇ ਬਾਬਾ ਨਾਨਕ!
ਤੇਰਾ ਕਿਰਤ ਕਰੋ
ਵੰਡ ਛਕੋ ਦਾ ਸਿਧਾਂਤ
ਅੱਜਕੱਲ੍ਹ ਗਰਮੀਆਂ ਵਿੱਚ
ਏ.ਸੀ. ਦੀ ਠੰਢੀ ਹਵਾ ਖਾਂਦਾ ਹੈ
ਠੰਢ ਨਾ ਲੱਗ ਜਾਏ
ਇਸ ਲਈ
ਸਰਦੀਆਂ ਆਉਣ ਤੋਂ ਪਹਿਲਾਂ ਹੀ
ਕਰ ਦਿੱਤਾ ਜਾਂਦਾ
ਮਖ਼ਮਲੀ ਗੱਦੇ ਤੇ ਰਜਾਈ ਦਾ ਪ੍ਰਬੰਧ।

ਅਸੀਂ ਨਹੀਂ ਚਾਹੁੰਦੇ ਤੇਰੇ ਵਾਂਗ
ਤੇਰੇ ਸਿਧਾਂਤਾਂ ਤੇ ਵਿਚਾਰਾਂ ਨੂੰ
ਘਰ-ਘਰ ਤੱਕ ਪਹੁੰਚਾਉਣਾ।

ਸਾਨੂੰ ਤਾਂ ਡਰ ਰਹਿੰਦਾ
ਕਿਤੇ ਕੋਈ ਚੋਰੀ ਨਾ ਕਰ ਲਵੇ
ਤੇਰੀ ਸੋਚ ਨੂੰ
ਏਸੇ ਲਈ
ਚਾਰੇ ਦਿਸ਼ਾਵਾਂ ਦੀ ਯਾਤਰਾ ਕਰਨ ਵਾਲੇ ਨੂੰ
ਕੈਦ ਕਰ ਦਿੱਤਾ
ਵੱਡੇ-ਵੱਡੇ ਜਿੰਦਰਿਆਂ
ਤੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ।

ਸਾਨੂੰ ਤਾਂ
ਇਹ ਵੀ ਡਰ ਰਹਿੰਦਾ
ਜੇ ਤੇਰੇ ਵਿਚਾਰ
ਆਮ ਲੋਕਾਂ ਤੱਕ ਪਹੁੰਚ ਗਏ
ਫਿਰ ਇਹ ਗੋਲਕਾਂ ਤੇਰਾ
ਭਰ ਭਰ ਨਾ ਡੁੱਲ੍ਹਣੀਆਂ
ਉਹੋ ਜਿਹੀਆਂ ਦੁਕਾਨਾਂ ਬੰਦ ਹੋ ਜਾਣੀਆਂ
ਜੋ ਅਸੀਂ ਨੌਵੇਂ ਗੁਰੂ ਸਮੇਂ ਲਾਈਆਂ ਸਨ
ਤੇ ਹੁਣ ਧੜੱਲੇ ਨਾਲ ਚੱਲ ਰਹੀਆਂ ਨੇ
ਇਸ ਦਾ ਕਾਰਨ
ਤੇਰੇ ਸਿਧਾਤਾਂ ਨੂੰ ਦਿੱਤੀ
ਉਮਰ ਕੈਦ ਹੀ ਹੈ।

ਹੁਣ ਅਸੀਂ
ਗੁਰੂ ਕੀ ਗੋਲਕ ਨੂੰ
ਗ਼ਰੀਬ ਦਾ ਮੂੰਹ ਨਹੀਂ ਰਹਿਣ ਦਿੱਤਾ
ਸਗੋਂ ਉਸ ਨੂੰ
ਚਿੱਟੇ ਕੁੜਤਿਆਂ ਦੇ
ਗੀਝੇ ਵਿੱਚ ਪਾ ਲਿਆ ਹੈ
ਇਹ ਤਾਂ ਹੀ ਭਰਦੇ ਨੇ
ਜੇ ਅਸੀਂ ਲੋਕਾਂ ਨੂੰ
ਤੇਰੇ ਸਿਧਾਤਾਂ ਤੋਂ ਦੂਰ ਰੱਖਦੇ ਹਾਂ

ਇਸ ਲਈ ਜ਼ਰੂਰੀ ਹੈ
ਨਵੇਂ-ਨਵੇਂ ਅੰਧਵਿਸ਼ਵਾਸ ਪੈਦਾ ਕਰ ਕੇ
ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ
ਫਸਾ ਕੇ ਰੱਖਣਾ।
ਪਰ ਅਸੀਂ
ਏਨੇ ਵੀ ਜ਼ਾਲਮ ਨਹੀਂ ਹਾਂ
ਤੇਰੀ ਸੋਚ ਨੂੰ ਉਡਾਰੀ ਭਰਨ ਲਈ
ਦਿੱਤੇ ਹੋਏ ਨੇ ਦੋ ਵਕਤ
ਉਦੋਂ ਪਾਠੀ ਸਾਹਿਬਾਨ
ਸਪੀਕਰ ਦੀ ਆਵਾਜ਼ ਉੱਚੀ ਕਰ
ਤੇਰੀ ਸੋਚ ਨੂੰ ਭਰਨ ਲੱਗਦੇ ਨੇ
ਉਨ੍ਹਾਂ ਲੋਕਾਂ ਦੇ ਕੰਨਾਂ ਵਿੱਚ
ਜੋ ਆਪਣੇ ਕੰਮੀਂ ਧੰਦੀਂ ਲੱਗੇ
ਗੁਰਦੁਆਰੇ ’ਚੋਂ ਆਈ
ਪਹਿਲੀ ਆਵਾਜ਼ ਸੁਣ ਕੇ ਹੀ
ਟੇਕਣ ਲੱਗ ਪੈਂਦੇ ਨੇ
ਤੇਰੀ ਫੋਟੋ ਨੂੰ ਮੱਥੇ
ਫਿਰ ਤੇਰੇ ਵਿਚਾਰ ਗੁਆਚ ਜਾਂਦੇ ਨੇ
ਸਪੀਕਰਾਂ ਦੇ ਸ਼ੋਰ ਸ਼ਰਾਬੇ ਵਿੱਚ।
ਸੰਪਰਕ: 97804-51878
* * *

ਮਿਹਰ ਕਰੋ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।
ਸੱਚ ਦੀ ਰਾਹ ਤੋਂ ਭਟਕ ਨਾ ਜਾਵਾਂ ਮੈਂ ਅਣਜਾਣ ਹਾਂ ਰਾਹੀ

ਚਾਰੇ ਪਾਸੇ ਸਤਿਗੁਰ ਹੋਵੇ ਬਾਣੀ ਦਾ ਪਸਾਰਾ,
ਦੀਨ-ਦੁਖੀ ਦਾ ਮੇਰੇ ਦਾਤਾ ਬਣੇ ਰਹੋ ਸਹਾਰਾ,
ਤੇਰਾ ਭਾਣਾ ਮਿੱਠਾ ਕਰਕੇ ਮੰਨਾਂ ਹੁਕਮ ਇਲਾਹੀ,
ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।

ਹਾਂ ਇਨਸਾਨੀ ਜੀਵ ਮੇਰੇ ਤੋਂ ਲੱਖ ਹੋ ਜਾਵਣ ਭੁੱਲਾਂ,
ਮਨ ਦੇ ਤਾਬੇ ਹੋ ਨਾ ਵਸਤਾਂ ਤੇ ਪੈਸੇ ’ਤੇ ਡੁੱਲਾਂ,
ਬਾਂਹ ਮੇਰੀ ਨੂੰ ਫੜ ਕੇ ਦਾਤਾ ਆਪ ਟਪਾ ਦਿਓ ਖਾਈ,
ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।

ਭਵਸਾਗਰ ਦੇ ਵਿੱਚ ਕਦੇ ਨਾ ਤਰਦਾ ਜਾਂਦਾ ਡੋਲਾਂ,
ਤੇਰੀ ਬਖ਼ਸ਼ੀ ਜਿਹਵਾ ਦੇ ਨਾਲ ਸ਼ੁਕਰ-ਸ਼ੁਕਰ ਹੀ ਬੋਲਾਂ,
ਹੱਕ-ਸੱਚ ਦੀ ਓਟ ਤੇਰੀ ਨਾਲ ਲੜਦਾ ਰਹਾਂ ਲੜਾਈ,
ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।

ਲਾਲਚ ਦੇ ਵੱਸ ਪੈ ਕੇ ਅੱਜ ਦਾ ਕੀ ਕੁਝ ਕਰਦਾ ਬੰਦਾ,
ਬਸ ਪੈਸੇ ਦੀ ਖ਼ਾਤਰ ਕਰ ਜਾਏ ਬੰਦਾ ਹਰ ਇੱਕ ਧੰਦਾ,
ਮਾਰਗ ਦਰਸ਼ਨ ਕਰੇ ਸਦ ਮੇਰਾ ਧੁਰ ਕੀ ਬਾਣੀ ਆਈ,
ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।

ਗੁਰਪੁਰਬ ਦੇ ਮੌਕੇ ਦਰ ਤੋਂ ਖ਼ੈਰ ਮੈਂ ਸਭ ਦੀ ਚਾਹਵਾਂ,
ਸਾਹ-ਸਾਹ ਦੇ ਨਾਲ ਮੇਰੇ ਸਤਿਗੁਰ ਭੁੱਲਾਂ ਨੂੰ ਬਖ਼ਸ਼ਾਵਾਂ,
‘ਪਾਰਸ’ ਗਲ ਵਿੱਚ ਪੱਲਾ ਪਾ ਕੇ ਝੋਲੀ ਖੜ੍ਹਾ ਫੈਲਾਈ,
ਗੁਰੂ ਨਾਨਕ ਜੀ ਮਿਹਰ ਕਰੋ ਤੇ ਅੰਗ-ਸੰਗ ਹੋਵੋ ਸਹਾਈ।
ਸੰਪਰਕ: 99888-11681
* * *

ਹੋਕਾ ਨਾਨਕ ਲਾਇਆ ਸੀ

ਕਰਨੈਲ ਅਟਵਾਲ

ਕਿਰਤ ਕਰੋ ਨਾਮ ਜਪੋ ਦਾ ਹੋਕਾ ਨਾਨਕ ਲਾਇਆ ਸੀ।
ਵੰਡ ਕੇ ਛਕੋ ਸਭਨਾਂ ਨੂੰ ਇਹ ਬਾਬਾ ਤੈਂ ਸਮਝਾਇਆ ਸੀ।

ਇਹ ਦੁਨੀਆ ਨੇ ਹਾਲੇ ਤੇਰੀ ਇੱਕ ਨਾ ਮੰਨੀ ਬਾਬਾ ਨਾਨਕ।
ਤੇਰੇ ਸਿਧਾਤਾਂ ਦੀ ਜੀਕਣ ਅੜ ਜਾਂਦੀ ਭੰਨੀ ਬਾਬਾ ਨਾਨਕ।
ਆਪ ਜੀ ਕੁੱਲ ਲੋਕਾਈ ਨੂੰ ਸਿੱਧੇ ਰਸਤੇ ਪਾਇਆ ਸੀ।
ਕਿਰਤ ਕਰੋ ਨਾਮ ਜਪੋ...

ਪਵਨ ਗੁਰੂ ਨੂੰ ਰੱਜ-ਰੱਜ ਕੇ ਕੀਤਾ ਹੈ ਪਲੀਤ ਬਾਬਾ।
ਪਾਣੀ ਪਿਤਾ ਨੂੰ ਨਹੀਂ ਬਣਾਇਆ ਕਿਸੇ ਵੀ ਮੀਤ ਬਾਬਾ।
ਧਰਤੀ ਨੂੰ ਮਾਤਾ ਕਹਿ ਆਪ ਨੇ ਤਾਂ ਵਡਿਆਇਆ ਸੀ।
ਕਿਰਤ ਕਰੋ ਨਾਮ ਜਪੋ...

ਅੱਜ ਫਿਰ ਸੱਜਣ ਠੱਗਾਂ ਥਾਂ-ਥਾਂ ’ਤੇ ਡੇਰੇ ਲਾਏ ਨੇ।
ਮਾਰ-ਮਾਰ ਕੇ ਮਿੱਠੀਆਂ ਗੱਲਾਂ ਲੋਕ ਜਾਲ ’ਚ ਫਸਾਏ ਨੇ।
ਗਿਆਨ ਦੀ ਨਾ ਗੱਲ ਕਰਨ, ਜੋ ਆਪ ਨੇ ਸਮਝਾਇਆ ਸੀ।
ਕਿਰਤ ਕਰੋ ਨਾਮ ਜਪੋ...

ਮੁੜ ਫੇਰਾ ਪਾ ਬਾਬਾ ‘ਕਣਕਵਾਲੀਆ’ ਕਰੇ ਅਰਜ਼ੋਈ।
ਰੁਲਦੀ ਫਿਰੇ ਦੁਨੀਆ ਬਾਬਾ ਨਾ ਮਿਲੇ ਕਿਤੇ ਵੀ ਢੋਈ।
ਲੁੱਟ ਜਾਂਦੇ ਰਾਜੇ, ਆਪ ਨੇ ਮੱਥਾ ਬਾਬਰ ਤਾਈਂ ਲਾਇਆ ਸੀ।
ਕਿਰਤ ਕਰੋ ਨਾਮ ਜਪੋ...।
ਸੰਪਰਕ: 75082-75052
* * *

ਨਾਨਕ ਨੂੰ ਪੁਕਾਰ

ਗੋਗੀ ਜ਼ੀਰਾ

ਆ ਬਾਬਾ ਆ ਬਾਬਾ,
ਮੁੜ ਦੁਨੀਆ ਭਲੀ ਵਸਾ ਬਾਬਾ,
ਆ ਬਾਬਾ ਆ ਬਾਬਾ।

ਜਿੱਥੇ ਹੱਕ ਸੱਚ ਦੀ ਕਦਰ ਹੁੰਦੀ ਸੀ,
ਹਰ ਇੱਕ ’ਤੇ ਤੇਰੀ ਨਦਰ ਹੁੰਦੀ ਸੀ,
ਅੱਜ ਹੋਈ ਪਈ ਠਾਹ-ਠਾਹ ਬਾਬਾ,
ਆ ਬਾਬਾ ਆ ਬਾਬਾ...

ਹੁਣ ਥਾਂ-ਥਾਂ ’ਤੇ ਪੈਂਦੇ ਪੰਗੇ ਨੇ,
ਨਿੱਤ ਹੁੰਦੇ ਰਹਿੰਦੇ ਦੰਗੇ ਨੇ,
ਕਲਯੁਗੀ ਬਾਬਰ ਸਮਝਾ ਬਾਬਾ,
ਆ ਬਾਬਾ ਆ ਬਾਬਾ...

ਧਰਮਾਂ ਦੇ ਪੈ ਗਏ ਰੌਲੇ ਨੇ,
ਹਾਕਮ ਹੋ ਗਏ ਅੰਨ੍ਹੇ ਬੋਲੇ ਨੇ,
ਇਨ੍ਹਾਂ ਨੂੰ ਧੁਨ ਰਬਾਬ ਸੁਣਾ ਬਾਬਾ,
ਆ ਬਾਬਾ ਆ ਬਾਬਾ...

ਬਾਣੀ ਤੇਰੀ ਤਾਂ ਪੜ੍ਹਦੇ ਹਾਂ,
ਪਰ ਚੌਧਰ ਪਿੱਛੇ ਲੜਦੇ ਹਾਂ,
ਅਸੀਂ ਉਲਟੇ ਫੜ ਲਏ ਰਾਹ ਬਾਬਾ,
ਆ ਬਾਬਾ ਆ ਬਾਬਾ...

ਸੁਣ ਕੇ ਸਾਡੀ ਪੁਕਾਰ ਤੂੰ,
ਜੱਗ ਨੂੰ ਫੇਰ ਦੇ ਤਾਰ ਤੂੰ,
ਬਣ ਸਾਡਾ ਮਲਾਹ ਬਾਬਾ,
ਆ ਬਾਬਾ ਆ ਬਾਬਾ,
ਮੁੜ ਦੁਨੀਆ ਭਲੀ ਵਸਾ ਬਾਬਾ।
ਸੰਪਰਕ: 97811-36240
* * *

ਧੰਨ ਨਾਨਕ ਤੇਰੀ ਵੱਡੀ ਕਮਾਈ

ਬੂਟਾ ਸਿੰਘ ਗੁਲਾਮੀ ਵਾਲਾ

ਜੱਗ ਤੋਂ ਦੂਰ ਹਨੇਰਾ ਹੋਇਆ,
ਹਰ ਪਾਸੇ ਸਵੇਰਾ ਹੋਇਆ
ਪਹਿਰ ਬਰਫ਼ ਦੇ ਵਾਂਗੂ ਠਰਿਆ
ਤਾਰੇ ਛੁਪੇ ਤੇ ਸੂਰਜ ਚੜ੍ਹਿਆ
ਵਿੱਚ ਤਲਵੰਡੀ ਜਨਮ ਲਿਆ,
ਤੇ ਹੋ ਗਈ ਸੀ ਰੁਸ਼ਨਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਮਾਂ ਤ੍ਰਿਪਤਾ ਦੀਆਂ ਅੱਖਾਂ ਦਾ ਤਾਰਾ,
ਨਾਨਕੀ ਭੈਣ ਦਾ ਵੀਰ ਪਿਆਰਾ
ਖ਼ੁਸ਼ੀਆਂ ਦੇ ਸੀ ਸਾਜ ਵੱਜ ਗਏ
ਧਰਤੀ ਮਾਂ ਨੂੰ ਭਾਗ ਲੱਗ ਗਏ
ਪਿਤਾ ਕਾਲੂ ਦੀ ਜੱਗ ’ਤੇ ਆ ਕੇ
ਤੁਸਾਂ ਨੇ ਕੁੱਲ ਵਧਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਪਾਂਧੇ ਨੂੰ ਤੁਸੀਂ ਆਪ ਪੜ੍ਹਾਇਆ
ਨਾ ਹੀ ਗਲ਼ ਜਨੇਊ ਪਾਇਆ
ਵੱਖਰਾ ਸੀ ਇੱਕ ਰਾਹ ਅਪਣਾਇਆ
ਹੋਕਾ ਇੱਕ ਓਅੰਕਾਰ ਦਾ ਲਾਇਆ
ਭਗਤੀ ਦੇ ਵਿੱਚ ਲੀਨ ਹੋ ਕੇ,
ਕੀਤੀ ਬੜੀ ਪੜ੍ਹਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਵੀਹ ਰੁਪਏ ਦਾ ਲੰਗਰ ਲਾਇਆ,
ਸਾਧੂਆਂ ਤਾਈਂ ਆਣ ਛਕਾਇਆ
ਬੜੀਆਂ ਸੀ ਅਸੀਸਾਂ ਲਈਆਂ
ਪਰ ਬਾਪੂ ਕੋਲੋਂ ਝਿੜਕਾਂ ਪਈਆਂ
ਸੱਚਾ ਸੌਦਾ ਕਰਕੇ ਬਾਬਾ,
ਕੀਤੀ ਸਫਲ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਮਲਿਕ ਭਾਗੋ ਨੂੰ ਬਹਿ ਸਮਝਾਇਆ
ਭਾਈ ਲਾਲੋ ਨੂੰ ਗਲ਼ ਨਾਲ ਲਾਇਆ
ਵੰਡ ਛਕਣ ਤੇ ਕਿਰਤ ਕਰਨ ਦੀ
ਗ਼ਰੀਬਾਂ ਦਾ ਪੇਟ ਭਰਨ ਦੀ
ਮਿਹਨਤ ਹੱਥੀਂ ਆਪ ਕਰਨ ਦੀ
ਆਵਾਜ਼ ਸੀ ਖ਼ੁਦ ਲਗਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਕੌਤਕ ਸੀ ਇੱਕ ਆਪ ਰਚਾਇਆ
ਮਰਦਾਨੇ ਨੂੰ ਜਦੋਂ ਬਚਾਇਆ
ਆਪੇ ਜੰਗਲਾਂ ਵੱਲ ਤੋਰਿਆ

ਕੌਡੇ ਦਾ ਹੰਕਾਰ ਤੋੜਿਆ
ਭੁੱਲੇ ਭਟਕੇ ਲੋਕਾਂ ਤਾਈ,
ਬਹਿ ਕੇ ਗੱਲ ਸਮਝਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...

ਉਦਾਸੀ ਦੀ ਵੀ ਰੀਤ ਚਲਾਈ
ਧੁਰ ਦਰਗਾਹ ਤੋਂ ਬਾਣੀ ਆਈ
ਪੜ੍ਹ ਗੁਰਬਾਣੀ ਤਰਦੇ ਸਾਰੇ
ਹੁੰਦੇ ਸਭ ਦੇ ਪਾਰ ਉਤਾਰੇ
ਕੀਰਤਨ ਕਰ ਗੁਰਬਾਣੀ ਦਾ,
ਤੁਸਾਂ ਸੁੱਤੀ ਕੌਮ ਜਗਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ...

ਹੱਕ ਸੱਚ ਦਾ ਹੋਕਾ ਲਾਇਆ
ਕਿਰਤ ਕਰਨ ਦਾ ਰਾਹ ਵਿਖਾਇਆ
ਅੰਧ-ਵਿਸ਼ਵਾਸ ਦੇ ਵਿੱਚੋਂ ਕੱਢਿਆ
ਪਾਖੰਡਾਂ ਦਾ ਵੀ ਜੂੜ ਸੀ ਵੱਢਿਆ
ਸੱਜਣ ਵਰਗੇ ਠੱਗ ਸੀ ਜਿਹੜੇ
ਕਰਦੇ ਸੀ ਲੁੱਟ ਲੁਟਾਈ
ਧੰਨ ਨਾਨਕ ਤੇਰੀ ਵੱਡੀ ਕਮਾਈ...
ਸੰਪਰਕ: 94171-97395
* * *

ਜੀਵਨ ਵਿੱਚ ਚਾਨਣ ਭਰਦਾ ਏ

ਰਵਿੰਦਰ ਧਨੇਠਾ

ਜਿਉਂ ਸੂਰਜ ਧਰਤੀ ’ਤੇ ਚਾਨਣ ਕਰਦਾ ਏ
ਇਉਂ ਨਾਨਕ ਜੀਵਨ ਵਿੱਚ ਚਾਨਣ ਭਰਦਾ ਏ

ਰੂਹਾਨੀ ਬਾਣੀ ਨਾਲ ਜਦ ਸੰਵਾਦ ਕਰੇ
ਨਾਨਕ ਪੱਥਰ ਦਿਲ ਵੀ ਪਿਘਲਾ ਧਰਦਾ ਏ

ਇਨਸਾਨੀਅਤ ਦਾ ਰਹਿਬਰ ਬਾਬਾ ਨਾਨਕ
ਮਜ਼ਲੂਮਾਂ ਨਾਲ ਮੋਢਾ ਲਾ ਕੇ ਖੜ੍ਹਦਾ ਏ

ਬਾਬਰ ਨੂੰ ਜਾਬਰ ਕਹਿ ਲਲਕਾਰੇ ਨਾਨਕ
ਸੱਚ ਦਾ ਸੂਰਜ ਨੇਰ੍ਹੇ ਤੋਂ ਨਾ ਡਰਦਾ ਏ

ਨਾਨਕ ਦੀਆਂ ਤਸਵੀਰਾਂ ਤਾਂ ਬਸ ਬਿੰਬ ਨੇ
ਰੂਹਾਨੀ ਰੰਗ ਤਾਂ ਬਾਣੀ ਤੋਂ ਚੜ੍ਹਦਾ ਏ

ਜੀਵਨ ’ਚੋਂ ਅਗਿਆਨ ਹਨੇਰਾ ਮਿਟ ਜਾਂਦਾ
ਜਿਹੜਾ ਦਿਲ ਲਾ ਗੁਰਬਾਣੀ ਪੜ੍ਹਦਾ ਏ
ਸੰਪਰਕ: 97799-34404
* * *

ਸੱਚ ਦਾ ਸੌਦਾ

ਜਸਵੀਰ ਕਲਿਆਣ

ਬਾਬੇ ਨਾਨਕ ਦੀ ਹੱਟੀ ’ਤੇ
ਤੇਰਾ-ਤੇਰਾ ਤੁਲਦਾ ਸੀ।
ਮੂੰਹ ਨਾਨਕ ਦੀ ਗੋਲਕ ਦਾ,
ਵੱਲ ਗ਼ਰੀਬਾਂ ਖੁੱਲ੍ਹਦਾ ਸੀ।

ਕਿਹਾ ਨੀਵਿਆਂ ਵਸਦਾ ਰੱਬ ਉਨ੍ਹਾਂ,
ਨਹੀਂ ਉੱਚਿਆਂ ਦੇ ਵੱਲ ਤੱਕੀ ਦਾ।
ਸੱਚ ਦਾ ਸੌਦਾ ਤੁਲਦਾ ਸੀ,
ਗੁਰੂ ਨਾਨਕ ਨਾਮ ਦੀ ਹੱਟੀ ਦਾ।

ਮੇਰਾ ਨਾਨਕ ਪਰਉਪਕਾਰੀ ਸੀ,
ਸੱਚ ਦਾ ਉਹ ਵਪਾਰੀ ਸੀ,
ਉਨ੍ਹਾਂ ਸਭ ਦੇ ਭਲੇ ਦੀ ਗੱਲ ਆਖੀ,
ਕਿਹਾ ਖ਼ੁਦ ਨੂੰ ਸਭ ਵਿੱਚ ਰੱਖੀ ਦਾ।
ਸੱਚ ਦਾ ਸੌਦਾ ਤੁਲਦਾ ਸੀ...

ਹੰਕਾਰ ਤੋੜਿਆ ਭਾਗੋ ਦਾ,
ਖਾਣਾ ਹੱਕ ਦਾ ਸਮਝਾਇਆ ਏ,
ਭਾਈ ਲਾਲੋ ਦੀ ਰੋਟੀ ’ਚੋਂ,
ਉਨ੍ਹਾਂ ਦੁੱਧ ਨਿਰੋਲ ਦਿਖਾਇਆ ਏ।
ਕਿਹਾ ਕਿਰਤ ਕਰੋ ਤੇ ਨਾਮ ਜਪੋ,
ਤੇ ਵੰਡ ਕੇ ਖਾਣਾ ਦੱਸੀਦਾ।
ਸੱਚ ਦਾ ਸੌਦਾ ਤੁਲਦਾ ਸੀ
ਗੁਰੂ ਨਾਨਕ ਨਾਮ ਦੀ ਹੱਟੀ ਦਾ।

ਭਰ ਝੋਲੀਆਂ ਲੈ ਕੇ ਜਾਂਦਾ ਸੀ,
ਜੋ ਵੀ ਚੱਲਕੇ ਆਇਆ ਸੀ,
ਕਰਦਾ ਗੁਰੂ ਦੂਰ ਭੁਲੇਖੇ ਸੀ,
ਜਿਨ੍ਹਾਂ ਨੇ ਕੂੜ ਫੈਲਾਇਆ ਸੀ।
ਕਿਹਾ ਸਭ ਇੱਥੇ ਹੀ ਰਹਿ ਜਾਣਾ,
ਕਿਉਂ ਧਨ ਪਾਪਾਂ ਵਾਲੀ ਖੱਟੀਦਾ।
ਸੱਚ ਦਾ ਸੌਦਾ ਤੁਲਦਾ ਸੀ,
ਗੁਰੂ ਨਾਨਕ ਨਾਮ ਦੀ ਹੱਟੀ ਦਾ।

ਉਹ ਰੰਗ ਵਿੱਚ ਰੰਗਿਆ ਜਾਂਦਾ ਸੀ,
ਜੋ ਵੀ ਦਰ ਤੇਰੇ ’ਤੇ ਆਇਆ ਸੀ,
ਜਾਤ-ਪਾਤ ਤੇ ਊਚ-ਨੀਚ,
ਗੁਰੂ ਨਾਨਕ, ਭਰਮ ਮਿਟਾਇਆ ਸੀ,
ਕਿਹਾ ਨੀਚਾ ਅੰਦਰਿ ਨੀਚ ਜਾਤਿ,
ਜਿੱਥੇ ਰੱਬ ਵਸਦਾ ਦੱਸੀਦਾ।
ਸੱਚ ਦਾ ਸੌਦਾ ਤੁਲਦਾ ਸੀ,
ਗੁਰੂ ਨਾਨਕ ਨਾਮ ਦੀ ਹੱਟੀ ਦਾ।

ਕਿਹਾ ਸੱਜਣਾ ਸੱਜਣ ਰਹਿ ਬਣ ਕੇ,
ਕਿਉਂ ਰਾਹ ਬੁਰਿਆਂ ’ਤੇ ਤੁਰਿਆ ਏਂ,
ਇਹ ਧੋਤੇ ਜਾਣਗੇ ਪਾਪ ਨਹੀਂ,
ਕਿਉਂ ਕੁੰਡ ਨਰਕਾਂ ਦੇ ਮੁੜਿਆ ਏਂ।
‘ਜਸਵੀਰ’ ਭੁੱਲੇ ਭਟਕੇ ਰਾਹੀਆਂ ਨੂੰ,
ਨਹੀਂ ਸੱਜਣ ਬਣਕੇ ਲੁੱਟੀ ਦਾ।

ਸੱਚ ਦਾ ਸੌਦਾ ਤੁਲਦਾ ਸੀ,
ਗੁਰੂ ਨਾਨਕ ਨਾਮ ਦੀ ਹੱਟੀ ਦਾ।
ਸੰਪਰਕ: 94173-12101
* * *

Advertisement
Author Image

joginder kumar

View all posts

Advertisement