ਨਾਇਡੂ, ਮਿਥੁਨ, ਊਸ਼ਾ ਉਥੁਪ ਅਤੇ ਨਿਰਮਲ ਰਿਸ਼ੀ ਨੂੰ ਪਦਮ ਪੁਰਸਕਾਰ
ਨਵੀਂ ਦਿੱਲੀ, 22 ਅਪਰੈਲ
ਸਾਬਕਾ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਅਤੇ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਇਕ ਰਸਮੀ ਸਮਾਰੋਹ ਦੌਰਾਨ ਇਹ ਪੁਰਸਕਾਰ ਪ੍ਰਦਾਨ ਕੀਤੇ।
ਪ੍ਰਸਿੱਧ ਭਰਤਨਾਟਿਅਮ ਡਾਂਸਰ ਪਦਮ ਸੁਬਰਾਮਣੀਅਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਅਭਿਨੇਤਾ ਮਿਥੁਨ ਚੱਕਰਵਰਤੀ, ਗਾਇਕ ਊਸ਼ਾ ਉਥੁਪ, ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ ਅਤੇ ਸਨਅਤਕਾਰ ਸੀਤਾਰਾਮ ਜਿੰਦਲ ਨੂੰ ਪਦਮ ਭੂਸ਼ਣ, ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਪਦਮ ਪੁਰਸਕਾਰ, ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ ਜਿਸ ਨੂੰ ਤਿੰਨ ਸ਼੍ਰੇਣੀਆਂ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ੍ਰੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ ਜਾਂ ਗਤੀਵਿਧੀਆਂ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ।
ਪਦਮ ਵਿਭੂਸ਼ਣ ਬੇਮਿਸਾਲ ਅਤੇ ਵਿਲੱਖਣ ਸੇਵਾ ਲਈ, ਉੱਚ ਪੱਧਰੀ ਸੇਵਾ ਲਈ ਪਦਮ ਭੂਸ਼ਣ ਅਤੇ ਕਿਸੇ ਵੀ ਖੇਤਰ ਵਿੱਚ ਵਿਲੱਖਣ ਸੇਵਾ ਲਈ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। 2024 ਲਈ ਰਾਸ਼ਟਰਪਤੀ ਨੇ 132 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸੂਚੀ ਵਿੱਚ ਪੰਜ ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 110 ਪਦਮਸ੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਜੇਤੂਆਂ ਵਿੱਚੋਂ 30 ਔਰਤਾਂ ਹਨ ਅਤੇ ਸੂਚੀ ਵਿੱਚ ਵਿਦੇਸ਼ੀ/ ਐਨਆਰਆਈ/ਪੀਆਈਓ/ਓਸੀਆਈ ਦੀ ਸ਼੍ਰੇਣੀ ਦੇ ਅੱਠ ਲੋਕ ਅਤੇ 9 ਮਰਨ ਉਪਰੰਤ ਪੁਰਸਕਾਰ ਪ੍ਰਾਪਤ ਕਰਨ ਵਾਲੇ ਵੀ ਸ਼ਾਮਲ ਹਨ। -ਪੀਟੀਆਈ