ਝੋਨੇ ਦਾ ਝਾੜ: Punjab ਦੀ ਕਿਸਾਨੀ ਨੂੰ ਲੱਗੇਗਾ 3500 ਕਰੋੜ ਦਾ ਰਗੜਾ!
ਚਰਨਜੀਤ ਭੁੱਲਰ
ਚੰਡੀਗੜ੍ਹ, 18 ਨਵੰਬਰ
Punjab News: ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦਾ ਝਾੜ ਘਟਣ ਕਰਕੇ ਕਰੀਬ 3500 ਕਰੋੜ ਦਾ ਰਗੜਾ ਲੱਗਣ ਦਾ ਅਨੁਮਾਨ ਹੈ। ਇਕ ਪਾਸੇ ਕਿਸਾਨੀ ਨੂੰ ਵਿੱਤੀ ਸੱਟ ਵੱਜ ਰਹੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦਾ 185 ਲੱਖ ਟਨ ਝੋਨਾ ਖ਼ਰੀਦਣ ਦਾ ਟੀਚਾ ਵੀ ਪ੍ਰਭਾਵਿਤ ਹੋਵੇਗਾ। ਮੰਡੀਆਂ ਵਿੱਚ ਐਤਕੀਂ ਕਰੀਬ 170 ਲੱਖ ਟਨ ਝੋਨਾ ਹੀ ਪੁੱਜਣ ਦੀ ਉਮੀਦ ਹੈ ਕਿਉਂਕਿ ਭਾਰਤੀ ਖ਼ੁਰਾਕ ਨਿਗਮ ਫ਼ਸਲ ਦੇ ਝਾੜ ਵਿੱਚ ਪੰਜ ਤੋਂ ਸੱਤ ਫ਼ੀਸਦੀ ਦੀ ਗਿਰਾਵਟ ਦੀ ਗੱਲ ਆਖ ਰਹੀ ਹੈ। ਪੰਜਾਬ ਵਿੱਚ 30 ਨਵੰਬਰ ਨੂੰ ਝੋਨੇ ਦਾ ਫ਼ਸਲੀ ਖ਼ਰੀਦ ਸੀਜ਼ਨ ਖ਼ਤਮ ਹੋਣਾ ਹੈ।
ਭਾਰਤੀ ਖ਼ੁਰਾਕ ਨਿਗਮ ਅਤੇ ਰਾਜ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰਤ ਸੂਤਰ ਖ਼ਦਸ਼ਾ ਜ਼ਾਹਿਰ ਕਰ ਰਹੇ ਹਨ ਕਿ ਸੂਬੇ ਵਿੱਚੋਂ ਝੋਨੇ ਦੀ ਖ਼ਰੀਦ ਲਗਭਗ 170 ਲੱਖ ਟਨ ਹੋਵੇਗੀ। ਅੱਜ ਤੱਕ ਸੂਬੇ ਦੀਆਂ ਮੰਡੀਆਂ ਵਿੱਚ 162.78 ਲੱਖ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 159.60 ਲੱਖ ਟਨ ਦੀ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿੱਚ ਫ਼ਸਲ ਦੀ ਰੋਜ਼ਾਨਾ ਦੀ ਆਮਦ ਡੇਢ ਲੱਖ ਟਨ ਦੇ ਆਸ-ਪਾਸ ਰਹਿ ਗਈ ਹੈ।
ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀ ਆਖਦੇ ਹਨ ਕਿ ਰੋਜ਼ਾਨਾ ਆਮਦ ਦੇ ਲਿਹਾਜ਼ ਨਾਲ ਤਾਂ ਫ਼ਸਲ 170 ਲੱਖ ਐਮਟੀ ਦੇ ਆਸ-ਪਾਸ ਹੀ ਪੁੱਜੇਗੀ।
ਦੂਸਰੀ ਤਰਫ਼ ਖੇਤੀ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਝੋਨੇ ਦੇ ਝਾੜ ਦਾ ਜੋ ਫ਼ੀਲਡ ਵਿੱਚੋਂ ਅਨੁਮਾਨ ਆਇਆ ਹੈ, ਉਸ ਮੁਤਾਬਿਕ ਪ੍ਰਤੀ ਹੈਕਟੇਅਰ 68.78 ਕੁਇੰਟਲ ਹੈ ਜਦੋਂ ਕਿ ਪਿਛਲੇ ਵਰ੍ਹੇ 67.40 ਕੁਇੰਟਲ ਪ੍ਰਤੀ ਹੈਕਟੇਅਰ ਸੀ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਝਾੜ ਤਾਂ ਵਧਿਆ ਹੈ ਪ੍ਰੰਤੂ ਭਾਰਤੀ ਖ਼ੁਰਾਕ ਨਿਗਮ ਮੰਡੀਆਂ ਵਿੱਚ ਪੁੱਜੀ ਫ਼ਸਲ ਨੂੰ ਨਮੀ ਦੇ ਬਹਾਨੇ ਰੱਦ ਕਰ ਰਿਹਾ ਹੈ ਅਤੇ ਬਹਾਨਾ ਝਾੜ ਘਟਣ ਦਾ ਦਿੱਤਾ ਜਾ ਰਿਹਾ ਹੈ।
ਉੱਧਰ, ਵਿਰੋਧੀ ਧਿਰਾਂ ਨੇ ਵੀ ਜ਼ਿਮਨੀ ਚੋਣਾਂ ਵਿੱਚ ਕਿਸਾਨਾਂ ਦੀ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਖਰੀਦੇ ਜਾਣ ਨੂੰ ਸਿਆਸੀ ਮੁੱਦਾ ਬਣਾਈ ਰੱਖਿਆ। ਦੇਖਿਆ ਜਾਵੇ ਤਾਂ 15 ਲੱਖ ਐੱਮਟੀ ਫ਼ਸਲ ਘਟਣ ਦੇ ਲਿਹਾਜ਼ ਨਾਲ ਕਿਸਾਨਾਂ ਨੂੰ ਸਰਕਾਰੀ ਭਾਅ ਵਜੋਂ 3480 ਕਰੋੜ ਰੁਪਏ ਘੱਟ ਮਿਲਣਗੇ। ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀ ਆਖਦੇ ਹਨ ਕਿ ਜੇਕਰ ਪੰਜਾਬ ’ਚੋਂ ਝੋਨੇ ਦੀ ਖ਼ਰੀਦ ਦੀ ਮਾਤਰਾ ਮਿੱਥੇ ਟੀਚੇ ਤੋਂ 15 ਲੱਖ ਟਨ ਘਟ ਜਾਂਦੀ ਹੈ ਤਾਂ ਪੰਜਾਬ ਤੋਂ ਕੇਂਦਰੀ ਪੂਲ ਵਿੱਚ ਜਾਣ ਵਾਲੇ ਚੌਲਾਂ ਦੀ ਮਾਤਰਾ ਵੀ 110 ਲੱਖ ਟਨ ਰਹਿ ਜਾਵੇਗੀ।
ਜਾਣਕਾਰੀ ਅਨੁਸਾਰ 1 ਨਵੰਬਰ ਤੱਕ ਦੇਸ਼ ਦੇ ਸਟਾਕ ਵਿੱਚ 326 ਲੱਖ ਟਨ ਚੌਲ ਸਨ ਅਤੇ ਪੰਜਾਬ ਦੇ ਅਨਾਜ ਭੰਡਾਰਾਂ ਵਿੱਚ 113 ਲੱਖ ਟਨ ਚੌਲ ਮੌਜੂਦ ਹਨ। ਖ਼ਰੀਦ ਸੀਜ਼ਨ ਦੌਰਾਨ ਫ਼ਸਲੀ ਭੰਡਾਰਨ ਦਾ ਮੁੱਦਾ ਵੀ ਬਣਿਆ ਰਿਹਾ। ਕੇਂਦਰ ’ਤੇ ਇਲਜ਼ਾਮ ਲੱਗੇ ਕਿ ਪੰਜਾਬ ਚੋਂ ਅਨਾਜ ਦੀ ਮੂਵਮੈਂਟ ਨਹੀਂ ਕੀਤੀ ਜਾ ਰਹੀ ਹੈ।
ਪੰਜਾਬ ਵਿੱਚੋਂ ਰੋਜ਼ਾਨਾ ਔਸਤਨ 15 ਤੋਂ 20 ਰੈਕ ਜਾ ਰਹੇ ਨੇ ਦੂਜੇ ਸੂਬਿਆਂ ਨੂੰ: ਸ਼੍ਰੀਨਿਵਾਸਨ
ਭਾਰਤੀ ਖ਼ੁਰਾਕ ਨਿਗਮ ਦੇ ਖੇਤਰੀ ਜਨਰਲ ਮੈਨੇਜਰ ਬੀ.ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ ਰੋਜ਼ਾਨਾ ਔਸਤਨ 15 ਤੋਂ 20 ਰੈਕ ਰੋਜ਼ਾਨਾ ਦੂਸਰੇ ਸੂਬਿਆਂ ਨੂੰ ਜਾ ਰਹੇ ਹਨ ਅਤੇ ਜਦੋਂ ਅਕਤੂਬਰ ਵਿੱਚ ਸੀਜ਼ਨ ਸ਼ੁਰੂ ਹੋਇਆ ਸੀ ਤਾਂ ਮੌਜੂਦਾ ਚੌਲਾਂ ਨੂੰ ਭੰਡਾਰ ਕਰਨ ਵਾਸਤੇ ਪੰਜ ਲੱਖ ਟਨ ਦੀ ਸਪੇਸ ਸੀ। ਅਕਤੂਬਰ ਤੋਂ ਹੁਣ ਤੱਕ 20 ਲੱਖ ਟਨ ਫ਼ਸਲ ਦੀ ਮੂਵਮੈਂਟ ਹੋ ਚੁੱਕੀ ਹੈ ਅਤੇ ਮਾਰਚ 2025 ਤੱਕ 90 ਲੱਖ ਟਨ ਚੌਲਾਂ ਦੇ ਭੰਡਾਰਨ ਵਾਸਤੇ ਜਗ੍ਹਾ ਉਪਲਬਧ ਕਰਾ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਹੁਣ ਝੋਨਾ ਘੱਟ ਹੈ ਜਦੋਂ ਕਿ ਸ਼ੈੱਲਰ ਮਾਲਕਾਂ ਦੀ ਮੰਗ ਜ਼ਿਆਦਾ ਵਧ ਗਈ ਹੈ। ਹੁਣ ਤੱਕ 4872 ਮਿੱਲਰਾਂ ਨੇ ਝੋਨਾ ਲੈਣ ਦੀ ਸਹਿਮਤੀ ਦਿੱਤੀ ਅਤੇ 4840 ਮਿੱਲਾਂ ਨੂੰ ਝੋਨਾ ਅਲਾਟ ਕੀਤਾ ਗਿਆ ਹੈ। ਸ਼ੈਲਰ ਮਾਲਕਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਚੌਲ ਐਤਕੀਂ 67 ਕਿੱਲੋ ਤੋਂ ਘੱਟ ਨਿਕਲਣਗੇ।