ਝੋਨੇ ਦੀ ਕਾਸ਼ਤ ਅਤੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ
ਬੂਟਾ ਸਿੰਘ ਢਿੱਲੋਂ*/ਰਣਵੀਰ ਸਿੰਘ ਗਿੱਲ**
ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿੱਚ 1998 ਤੋਂ 2018 ਦੌਰਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਔਸਤਨ ਸਾਲਾਨਾ ਦਰ 0.53 ਮੀਟਰ ਸੀ। ਕੁਝ ਕੇਂਦਰੀ ਜ਼ਿਲ੍ਹਿਆਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੈ ਜਿੱਥੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੀ ਦਰ 1.0 ਮੀਟਰ ਪ੍ਰਤੀ ਸਾਲ ਤੋਂ ਵੀ ਵੱਧ ਹੈ। ਕੌਮੀ ਅਤੇ ਵਿਸ਼ਵ ਪੱਧਰ ’ਤੇ ਵਾਤਾਵਰਨ ਸਬੰਧੀ ਚਿੰਤਾਵਾਂ ਦੇ ਸੰਦਰਭ ਵਿੱਚ ਪਰਾਲੀ ਦਾ ਪ੍ਰਬੰਧਨ ਵੀ ਮਹੱਤਵਪੂਰਨ ਮੁੱਦਾ ਬਣ ਗਿਆ ਹੈ।
ਇਸ ਤੋਂ ਇਲਾਵਾ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਵਧ ਰਹੇ ਪ੍ਰਭਾਵਾਂ ਲਈ ਵੀ ਢੁੱਕਵੇਂ ਪ੍ਰਬੰਧਾਂ ਦੀ ਲੋੜ ਹੈ। ਪਿਛਲੇ ਸਾਲਾਂ ਦੌਰਾਨ ਵਿਗਿਆਨੀਆਂ ਨੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾਉਣ ’ਤੇ ਜ਼ੋਰ ਦਿੱਤਾ ਹੈ ਪਰ ਝੋਨੇ ਦੀ ਯਕੀਨੀ ਫ਼ਸਲ, ਅਨੁਕੂਲ ਨੀਤੀਆਂ ਅਤੇ ਮਸ਼ੀਨੀਕਰਨ ਦੀ ਸਹੂਲਤ ਕਾਰਨ ਇਹ ਸਾਉਣੀ ਦੀ ਮੁੱਖ ਫ਼ਸਲ ਬਣ ਗਈ ਹੈ; ਹਾਲਾਂਕਿ ਝੋਨੇ ਹੇਠ ਰਕਬਾ ਘਟਾਉਣ ਲਈ ਯਤਨ ਜ਼ਰੂਰੀ ਹਨ ਪਰ ਉਪਰੋਕਤ ਚਿੰਤਾਵਾਂ ਦੇ ਹੱਲ ਦੇ ਤੌਰ ’ਤੇ ਝੋਨੇ ਦੀ ਬਿਜਾਈ/ਲੁਆਈ ਢੁੱਕਵੇਂ ਸਮੇਂ ’ਤੇ ਕਰਨ ਨਾਲ ਕਾਫ਼ੀ ਮਦਦ ਮਿਲ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਸ਼ੁਰੂ ਤੋਂ ਹੀ ਝੋਨੇ ਦੀਆਂ ਜ਼ਿਆਦਾ ਪੈਦਾਵਾਰ ਦੇਣ ਵਾਲੀਆਂ ਕਿਸਮਾਂ ਦੇ ਵਿਕਸਿਤ ਕਰਨ ਦੇ ਨਾਲ-ਨਾਲ ਮੇਲ ਖਾਂਦੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਦੇ ਨਾਲ-ਨਾਲ ਆਪਣੀ ਖੋਜ ’ਤੇ ਆਧਾਰਤ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਸਬੰਧ ਵਿੱਚ ਨੀਤੀਗਤ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ।
ਝੋਨੇ ਦੀ ਲੁਆਈ ਦਾ ਸਮਾਂ ਅਤੇ ਪਾਣੀ ਦੀ ਲੋੜ: ਝੋਨੇ ਦੀ ਪਾਣੀ ਦੀ ਲੋੜ ਮੁੱਖ ਤੌਰ ’ਤੇ ਲੁਆਈ ਦੇ ਸਮੇਂ ’ਤੇ ਨਿਰਭਰ ਕਰਦੀ ਹੈ। ਝੋਨੇ ਦੀ ਅਗੇਤੀ ਲੁਆਈ ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਵਧਾਉਂਦੀ ਹੈ ਕਿਉਂਕਿ ਇਸ ਸਮੇ ਦੌਰਾਨ ਕੋਈ ਬਾਰਸ਼ ਨਾ ਹੋਣ ਕਾਰਨ ਵਾਸ਼ਪੀਕਰਨ ਦੀ ਦਰ ਜ਼ਿਆਦਾ ਹੁੰਦੀ ਹੈ। ਪੰਜਾਬ ਦੇ ਵੱਖ-ਵੱਖ ਝੋਨਾ ਪੈਦਾ ਕਰਨ ਵਾਲੇ ਮੌਸਮੀ ਜ਼ੋਨਾਂ ਵਿੱਚ ਔਸਤ ਸਾਲਾਨਾ ਵਰਖਾ 350 ਤੋਂ 700 ਮਿਲੀਮੀਟਰ ਤੱਕ ਹੁੰਦੀ ਹੈ; ਕਿਸਮਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਝੋਨੇ ਦੀ ਪਾਣੀ ਦੀ ਲੋੜ 1200 ਤੋਂ 1500 ਮਿਲੀਮੀਟਰ ਤੱਕ ਹੁੰਦੀ ਹੈ। ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟਾਉਣ ਲਈ, ਝੋਨੇ ਦੀ ਲੁਆਈ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਕਰਨਾ ਮਹੱਤਵਪੂਰਨ ਕਦਮ ਹੈ ਅਤੇ ਇਸ ਲਈ ਲੁਆਈ ਦੀ ਮਿਤੀ ਨਿਯਮਤ ਕਰਨ ਵਾਲੀਆਂ ਨੀਤੀਆਂ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਇਸ ਸੰਦਰਭ ਵਿੱਚ ਪੀਏਯੂ ਵਿੱਚ ਕੀਤੀ ਖੋਜ ਦੇ ਆਧਾਰ ’ਤੇ ਪੰਜਾਬ ਸਰਕਾਰ ਨੇ 2008 ਵਿੱਚ ਆਰਡੀਨੈਂਸ ਅਤੇ 2009 ਵਿੱਚ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬਸੋਇਲ ਵਾਟਰ ਐਕਟ ਜਾਰੀ ਕੀਤਾ ਜਿਸ ਵਿੱਚ ਨਰਸਰੀ ਦੀ ਬਿਜਾਈ/ਲੁਆਈ ਨੂੰ 10 ਮਈ/ਜੂਨ 10 ਤੋਂ ਪਹਿਲਾਂ ਨਾ ਕਰਨ ਦੀ ਨੀਤੀ ਬਣਾਈ ਗਈ। ਇਸ ਐਕਟ ਨੂੰ 2014 ਵਿੱਚ ਸੋਧ ਕੇ ਬਿਜਾਈ/ਲੁਆਈ ਦੀ ਮਿਤੀ 15 ਮਈ/15 ਜੂਨ ਨਿਸ਼ਚਿਤ ਕੀਤੀ ਗਈ।
ਜ਼ਿਕਰਜੋਗ ਹੈ ਕਿ ਇਸ ਬਦਲਾਅ ਨਾਲ ਝਾੜ ਵਿੱਚ ਕੋਈ ਕਮੀ ਨਹੀਂ ਆਈ ਸਗੋਂ 2016 ਅਤੇ 2017 ਵਿੱਚ ਰਿਕਾਰਡ ਝਾੜ ਦੇਖਿਆ ਗਿਆ। ਇਨ੍ਹਾਂ ਸਾਲਾਂ ਦੌਰਾਨ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਉਪਲੱਬਧਤਾ ਨਾਲ ਬਿਜਾਈ/ਲੁਆਈ ਦੀ ਸ਼ੁਰੂਆਤੀ ਤਾਰੀਖ਼ ਮੌਨਸੂਨ ਦੀ ਸ਼ੁਰੂਆਤ ਦੇ ਹੋਰ ਨੇੜੇ ਕਰਨ ਦਾ ਮੌਕਾ ਮਿਲਿਆ ਅਤੇ 2018 ਦੌਰਾਨ ਬਿਜਾਈ/ਲੁਆਈ ਦੀ ਮਿਤੀ 20 ਮਈ/20 ਜੂਨ ਤਬਦੀਲ ਕਰ ਦਿੱਤੀ ਗਈ। ਇਹ ਮੁੱਖ ਤੌਰ ’ਤੇ ਅਗਾਂਹਵਧੂ ਕਿਸਾਨਾਂ ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਉਤਸ਼ਾਹ ਨਾਲ ਅਪਣਾਏ ਜਾਣ ਨਾਲ ਹੀ ਸੰਭਵ ਹੋ ਸਕਿਆ। ਇਸ ਐਕਟ ਦੇ ਪ੍ਰਭਾਵੀ ਅਮਲ ਰਾਹੀਂ ਅਨੁਮਾਨ ਦਰਸਾਉਂਦੇ ਹਨ ਕਿ ਪਾਣੀ ਦੇ ਪੱਧਰ ਵਿੱਚ ਗਿਰਾਵਟ ਨੂੰ ਇੱਕ ਹੱਦ ਤੱਕ ਰੋਕ ਲਿਆ ਗਿਆ ਹੈ ਪਰ ਹੋਰ ਉਪਾਅ ਜ਼ਰੂਰੀ ਹਨ।
ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਐਕਟ ਦੀ ਪੂਰਤੀ ਕਰਦੀਆਂ ਹਨ ਅਤੇ ਪਰਾਲੀ ਪ੍ਰਬੰਧ ਲਈ ਲੋੜੀਂਦਾ ਸਮਾਂ ਪ੍ਰਦਾਨ ਕਰਦੀਆਂ ਹਨ: ਪੀਏਯੂ ਦੇ ਖੋਜ ਤਜਰਬਿਆਂ ਅਤੇ ਕਿਸਾਨ ਭਾਗੀਦਾਰੀ ਸਰਵੇਖਣਾਂ ਦੇ ਅੰਕੜੇ ਸਪੱਸ਼ਟ ਤੌਰ ’ਤੇ ਦੱਸਦੇ ਹਨ ਕਿ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ 5-9 ਸਿੰਜਾਈਆਂ ਘੱਟ ਚਾਹੀਦੀਆਂ ਹਨ ਅਤੇ ਖਾਦਾਂ, ਕੀਟਨਾਸ਼ਕਾਂ ਆਦਿ ਦੀ ਲੋੜ ਵੀ ਘੱਟ ਹੁੰਦੀ ਹੈ। ਪਿਛਲੇ 10 ਸਾਲਾਂ ਵਿੱਚ ਪੀਏਯੂ ਨੇ ਘੱਟ ਤੋਂ ਦਰਮਿਆਨੀ ਮਿਆਦ ਵਾਲੀਆਂ ਝੋਨੇ ਦੀਆਂ ਇੱਕ ਦਰਜਨ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਕਿਸਮਾਂ ਨੂੰ ਵਿਆਪਕ ਪੱਧਰ ’ਤੇ ਅਪਣਾਉਣ ਨਾਲ ਨਾ ਸਿਰਫ਼ ਉਤਪਾਦਨ ਵਧਿਆ ਹੈ ਬਲਕਿ ਉਤਪਾਦਕਤਾ ਅਤੇ ਕੇਂਦਰੀ ਝੋਨਾ ਪੂਲ ਵਿੱਚ ਯੋਗਦਾਨ ਵਿੱਚ ਵੀ ਰਿਕਾਰਡ ਕਾਇਮ ਕੀਤੇ ਹਨ। ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਵਾਲੀਆਂ ਕਿਸਮਾਂ (ਜਿਵੇਂ ਪੀਆਰ 121, 131) ਦਾ 25 ਜੂਨ ਦੀ ਲੁਆਈ ਤਹਿਤ ਚੰਗਾ ਝਾੜ ਮਿਲਦਾ ਹੈ ਪਰ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ (ਪੀਆਰ 126) ਜੁਲਾਈ ਵਿੱਚ ਲੁਆਈ ਦੇ ਅਧੀਨ ਹੋਰ ਵੀ ਵਧੀਆ ਝਾੜ ਦਿੰਦੀ ਪਾਈ ਗਈ ਹੈ। ਇਸ ਦੇ ਸਿੱਟੇ ਵਜੋਂ ਸਿੰਜਾਈ ਦੇ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ (6 ਤੋਂ 17 ਫ਼ੀਸਦੀ)।
ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬਸੋਇਲ ਵਾਟਰ ਐਕਟ-2009 ਦੀ ਸਖ਼ਤੀ ਨਾਲ ਪਾਲਣਾ ਨੇ ਪਾਣੀ ਦੀ ਗਿਰਾਵਟ ਨੂੰ ਰੋਕਣ ਤੇ ਉਤਪਾਦਕਤਾ ਵਿੱਚ ਵਾਧੇ ਦੇ ਰੂਪ ਵਿੱਚ ਸਕਾਰਾਤਮਕ ਪ੍ਰਭਾਵ ਦਿਖਾਏ ਹਨ। ਇਸ ਤੋਂ ਇਲਾਵਾ ਘੱਟ ਸਮੇਂ ਵਿੱਚ ਪੱਕਣ ਦੇ ਕਾਰਨ ਇਹ ਕਿਸਮਾਂ ਝੋਨੇ ਦੀ ਕਟਾਈ ਅਤੇ ਹਾੜ੍ਹੀ ਦੀਆਂ ਫ਼ਸਲ ਦੀ ਬਿਜਾਈ ਵਿਚਕਾਰ ਵਧੇਰੇ ਸਮਾਂ ਪ੍ਰਦਾਨ ਕਰਦੀਆਂ ਹਨ ਤੇ ਇਨ੍ਹਾਂ ਦੀ ਪਰਾਲੀ ਦੀ ਮਾਤਰਾ ਵੀ ਘੱਟ ਹੁੰਦੀ ਹੈ।
ਝੋਨੇ ਦੀ ਲੁਆਈ ਦੇ ਸਮੇਂ ਦਾ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਉੱਪਰ ਪ੍ਰਭਾਵ: ਝੋਨੇ ਦੀ ਅਗੇਤੀ ਲੁਆਈ ਕਰਨ ਨਾਲ ਕੀੜੇ-ਮਕੌੜਿਆਂ ਵੱਲੋਂ ਨੁਕਸਾਨ ਵਧਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਇਲਾਵਾ ਅਗੇਤੀ ਫ਼ਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਪਰਵਾਸ ਪਿਛੇਤੀ ਫ਼ਸਲ ਵਿੱਚ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਪੀਏਯੂ ਵਿੱਚ ਕਰਵਾਏ ਅਧਿਐਨਾਂ ਵਿੱਚ ਝੋਨੇ ਦੇ ਪੀਲੇ, ਚਿੱਟੇ ਅਤੇ ਗੁਲਾਬੀ ਤਣੇ ਦੇ ਗੜੂੰਏਂ ਦੇ ਮਾਮਲੇ ਵਿੱਚ ਇਹ ਵਿਸ਼ੇਸ਼ ਤੌਰ ’ਤੇ ਦੇਖੀ ਗਈ ਹੈ। ਤਣੇ ਦੇ ਗੜੂੰਏਂ ਅਤੇ ਬੂਟਿਆਂ ਦੇ ਟਿੱਡੇ ਵਰਗੇ ਕੀੜਿਆਂ ਦੀ
ਬਹੁਤਾਤ ਬਾਸਮਤੀ (ਜੋ ਝੋਨੇ ਦੇ ਮਕਾਬਲੇ ਪਿਛੇਤੀ ਬੀਜੀ ਜਾਂਦੀ ਹੈ) ਦੀ ਫ਼ਸਲ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। ਫਿਰ ਇਨ੍ਹਾਂ ਦੀ ਰੋਕਥਾਮ ਲਈ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਦੇ ਨਤੀਜੇ ਵਜੋਂ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੇ ਮੁੱਦੇ ਪੈਦਾ ਹੁੰਦੇ ਹਨ ਜਿਸ ਨਾਲ ਬਾਸਮਤੀ ਦੇ ਨਿਰਯਾਤ ਵਿੱਚ ਰੁਕਾਵਟ ਆ ਸਕਦੀ ਹੈ।
ਝੋਨੇ ਦੀ ਫ਼ਸਲ ’ਤੇ ਕੀੜਿਆਂ ਦਾ ਥਰੈਸ਼ਹੋਲਡ (ਨੁਕਸਾਨ ਕਰਨ ਲਈ ਕੀੜਿਆਂ ਦੀ ਘੱਟ ਤੋਂ ਘੱਟ ਗਿਣਤੀ) ਤੋਂ ਪਾਰ ਹੋਣਾ ਕਣਕ ਦੀ ਫ਼ਸਲ ਲਈ ਵੀ ਖ਼ਤਰਾ ਸਾਬਤ ਹੋ ਸਕਦਾ ਹੈ; 2019 ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਗੁਲਾਬੀ ਸੁੰਡੀ ਦੇ ਮਾਮਲੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਝੂਠੀ ਕਾਂਗਿਆਰੀ ਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਵਰਗੀਆਂ ਬਿਮਾਰੀਆਂ ਦਾ ਵੀ ਅਗੇਤੀ ਲੁਆਈ ਅਧੀਨ ਵਧੇਰੇ ਹਮਲਾ ਹੁੰਦਾ ਹੈ।
ਦੱਖਣੀ ਬਲੈਕ ਸਟ੍ਰੀਕਡ ਡਵਾਰਫ ਵਾਇਰਸ: ਇਹ ਸਾਉਣੀ 2022 ਦੌਰਾਨ ਦੇਖਣ ਵਿੱਚ ਆਈ ਨਵੀਂ ਵਾਇਰਲ ਬਿਮਾਰੀ ਹੈ; ਹਾਲਾਂਕਿ 2023 ਦੌਰਾਨ ਇਸ ਵਾਇਰਸ ਦੀ ਇੱਕ ਵੀ ਰਿਪੋਰਟ ਨਹੀਂ ਆਈ, ਫਿਰ ਵੀ ਸਾਨੂੰ ਇਸ ਬਾਰੇ ਬਹੁਤ ਚੌਕਸ ਰਹਿਣਾ ਹੋਵੇਗਾ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਪੌਦਿਆਂ ਦੇ ਟਿੱਡੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਜਾਂਚ ਕਰਨ ਲਈ ਪਨੀਰੀ ਦੀ ਬਿਜਾਈ ਤੋਂ ਹੀ ਖੇਤਾਂ ਦਾ ਸਰਵੇਖਣ ਕਰਦੇ ਰਹਿਣ।
ਕੀੜਿਆਂ ਦੀ ਨਿਗਰਾਨੀ ਲਈ ਪਨੀਰੀ/ਫ਼ਸਲ ਦੇ ਨੇੜੇ ਬਲਬ ਜਗਾਓ ਕਿਉਂਕਿ ਰਾਤ ਵੇਲੇ ਇਹ ਕੀੜੇ ਰੋਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਪੌਦਿਆਂ ਉੱਤੇ ਟਿੱਡੇ ਦਿਖਾਈ ਦੇਣ ’ਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਸਿਫ਼ਾਰਸ਼ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਪਨੀਰੀ ਦੀ ਅਗੇਤੀ ਬਿਜਾਈ (25 ਮਈ ਤੋਂ ਪਹਿਲਾਂ) ਤੇ ਅਗੇਤੀ ਲੁਆਈ (25 ਜੂਨ ਤੋਂ ਪਹਿਲਾਂ) ਨਾ ਕਰੋ; ਦੇਖਿਆ ਗਿਆ ਸੀ ਕਿ ਪਿਛੇਤੇ ਝੋਨੇ ਵਿੱਚ ਵਿੱਚ ਵਾਇਰਲ ਬਿਮਾਰੀ ਘੱਟ ਸੀ।
ਇਸ ਤਰ੍ਹਾਂ ਇਹ ਸਪੱਸ਼ਟ ਹੁੰਦਾ ਹੈ ਕਿ ਝੋਨੇ ਦੀ ਅਗੇਤੀ ਬਿਜਾਈ/ਲੁਆਈ ਆਰਥਿਕ, ਵਾਤਾਵਰਨ ਅਤੇ ਸਮਾਜਿਕ ਪੱਖ ਤੋਂ ਲਾਭਦਾਇਕ ਨਹੀਂ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬਸੋਇਲ ਵਾਟਰ ਐਕਟ-2009 ਦੀ ਪਾਲਨਾ ਕਰਦੇ ਹੋਏ ਝੋਨੇ ਦੀ ਕਾਸ਼ਤ ਕਰਨ।
*ਫ਼ਸਲ ਵਿਗਿਆਨੀ (ਝੋਨਾ) **ਪ੍ਰਮੁੱਖ ਝੋਨਾ ਬਰੀਡਰ, ਪੀਏਯੂ, ਲੁਧਿਆਣਾ।