ਸੇਬੀ ਮੁਖੀ ਬੁਚ ਨੂੰ ਸੱਦਣ ਬਾਰੇ ਪੀਏਸੀ ਲਏਗੀ ਫ਼ੈਸਲਾ: ਵੇਣੂਗੋਪਾਲ
* ਰੈਗੂਲੇਟਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਬਾਰੇ ਨਜ਼ਰਸਾਨੀ ਲਈ ਪੀਏਸੀ ਦੀ ਮੀਟਿੰਗ 10 ਨੂੰ
* ਕਿਸੇ ਅਧਿਕਾਰਤ ਸੰਸਥਾ ਦੀ ਰਿਪੋਰਟ ’ਤੇ ਹੀ ਮਾਮਲੇ ਦੀ ਹੋ ਸਕਦੀ ਹੈ ਪੜਤਾਲ: ਨਿਸ਼ੀਕਾਂਤ ਦੂਬੇ
ਨਵੀਂ ਦਿੱਲੀ, 6 ਸਤੰਬਰ
ਲੋਕ ਲੇਖਾ ਕਮੇਟੀ (ਪੀਏਸੀ) ਦੇ ਚੇਅਰਮੈਨ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਸੇਬੀ ਚੇਅਰਪਰਸਨ ਮਾਧਵੀ ਬੁਚ, ਜੋ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਨੂੰ ਤਲਬ ਕਰਨ ਬਾਰੇ ਕਮੇਟੀ ਕੋਈ ਫ਼ੈਸਲਾ ਲਵੇਗੀ। ਬੁਚ ਨੂੰ ਪੁੱਛ-ਪੜਤਾਲ ਲਈ ਸੱਦੇ ਜਾਣ ਦੇ ਸੁਝਾਅ ਬਾਰੇ ਭਾਜਪਾ ਦੇ ਸੰਸਦ ਮੈਂਬਰ ਅਤੇ ਪੀਏਸੀ ਦੇ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਕਮੇਟੀ ਸਿਰਫ਼ ਕਿਸੇ ਅਧਿਕਾਰਤ ਸੰਸਥਾ ਵੱਲੋਂ ਤਿਆਰ ਤੱਥਾਂ ’ਤੇ ਆਧਾਰਿਤ ਰਿਪੋਰਟਾਂ ’ਤੇ ਹੀ ਮਾਮਲੇ ਦੀ ਪੜਤਾਲ ਕਰ ਸਕਦੀ ਹੈ। ਪੀਏਸੀ ਦੀ ਮੀਟਿੰਗ 10 ਸਤੰਬਰ ਨੂੰ ਹੋਵੇਗੀ, ਜਦੋਂ ਜਲ ਸ਼ਕਤੀ ਮੰਤਰਾਲੇ ਦੇ ਨੁਮਾਇੰਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਦੀ ਰਿਪੋਰਟ ਦੇ ਆਧਾਰ ’ਤੇ ਜਲ ਜੀਵਨ ਮਿਸ਼ਨ ਬਾਰੇ ਕਾਰਗੁਜ਼ਾਰੀ ਦੀ ਜਾਣਕਾਰੀ ਸਾਂਝੀ ਕਰਨਗੇ। ਸੇਬੀ ਚੇਅਰਪਰਸਨ ਮਾਧਵੀ ਬੁਚ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਨੂੰ ਲੈ ਕੇ ਸੰਸਦੀ ਕਮੇਟੀ ਵੱਲੋਂ ਤਲਬ ਕੀਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਆਗੂ ਵੇਣੂਗੋਪਾਲ ਨੇ ਕਿਹਾ ਕਿ ਪੀਏਸੀ ਨੇ ਸੰਸਦ ਦੇ ਐਕਟਾਂ ਰਾਹੀਂ ਬਣੀਆਂ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਜ ਦੀ ਨਜ਼ਰਸਾਨੀ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਆਪਣੇ ਮੈਂਬਰਾਂ ਦੇ ਸੁਝਾਅ ’ਤੇ ਸੇਬੀ ਅਤੇ ਟਰਾਈ ਵਰਗੇ ਰੈਗੂਲੇਟਰਾਂ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਵੀ ਕੀਤੀ ਜਾਵੇਗੀ। ਵੇਣੂਗੋਪਾਲ ਨੇ ਕਿਹਾ ਕਿ ਮੈਂਬਰਾਂ ਨੇ ਸੰਸਦ ਦੇ ਐਕਟਾਂ ਰਾਹੀਂ ਸਥਾਪਤ ਰੈਗੂਲੇਟਰਾਂ ਦੀ ਕਾਰਗੁਜ਼ਾਰੀ ਦੀ ਨਜ਼ਰਸਾਨੀ ਸਮੇਤ ਵੱਖ ਵੱਖ ਵਿਸ਼ਿਆਂ ’ਤੇ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਏਜੰਡੇ ’ਚ ਸ਼ਾਮਲ ਕਰ ਲਿਆ ਗਿਆ ਹੈ। -ਪੀਟੀਆਈ
ਕਾਂਗਰਸ ਨੇ ਸੇਬੀ ਮੁਖੀ ’ਤੇ ਲਾਏ ਨਵੇਂ ਦੋਸ਼
ਨਵੀਂ ਦਿੱਲੀ:
ਕਾਂਗਰਸ ਨੇ ਸੇਬੀ ਚੇਅਰਪਰਸਨ ਮਾਧਵੀ ਬੁਚ ’ਤੇ ਨਵੇਂ ਸਿਰੇ ਤੋਂ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ ਨੂੰ ਇਕ ਅਜਿਹੀ ਕੰਪਨੀ ਨਾਲ ਸਬੰਧਤ ਇਕਾਈ ਤੋਂ ਕਿਰਾਏ ਰਾਹੀਂ ਆਮਦਨ ਹੋਈ ਹੈ, ਜਿਸ ਬਾਰੇ ਪੂੰਜੀ ਬਾਜ਼ਾਰ ਰੈਗੂਲੇਟਰ ਵੱਖ ਵੱਖ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸਵਾਲ ਕਿਸੇ ਹੋਰ ਤੋਂ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਮਾਰਕੀਟ ਰੈਗੂਲੇਟਰ ਨਾਲ ਸਬੰਧਤ ਹੋਰ ਕਿੰਨੇ ਕੁ ਸਬੂਤ ਦਿਖਾਉਣ ਦੀ ਲੋੜ ਹੈ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ 2018 ਤੋਂ 2024 ਦਰਮਿਆਨ ਬੁਚ ਨੂੰ ਸੇਬੀ ਦਾ ਮੈਂਬਰ ਅਤੇ ਬਾਅਦ ’ਚ ਚੇਅਰਪਰਸਨ ਬਣਨ ਮਗਰੋਂ ਵੌਕਹਾਰਟ ਲਿਮਟਿਡ ਨਾਲ ਸਬੰਧਤ ਕੰਪਨੀ ਕੈਰੋਲ ਇਨਫੋ ਸਰਵਿਸਿਜ਼ ਲਿਮਟਿਡ ਤੋਂ 2.16 ਕਰੋੜ ਰੁਪਏ ਦੇ ਕਿਰਾਏ ਵਜੋਂ ਆਮਦਨ ਹੋਈ ਹੈ ਜਦਕਿ ਵੌਕਹਾਰਟ ਲਿਮਟਿਡ ਖ਼ਿਲਾਫ਼ ਸੇਬੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ