ਆਕਸਫੋਰਡ ਦੀ ਛੇਵੀਂ ਰੋਡਸ ਸਕਾਲਰਸ਼ਿਪ
ਜੂਲੀਓ ਰਿਬੇਰੋ
ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ 1953 ਬੈਚ ਜਿਸ ਨਾਲ ਮੈਂ ਵੀ ਵਾਬਸਤਾ ਹਾਂ, ਨੇ ਮਾਣ ਨਾਲ ਐਲਾਨ ਕੀਤਾ ਹੈ ਕਿ ਬੈਚ ਦੇ ਟੌਪਰ ਅਫਸਰ ਰਾਘਵਾਚਾਰੀ ਗੋਵਿੰਦਰਾਜਨ ਨੇ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਦੀ ਰੋਡਸ ਸਕਾਲਰਸ਼ਿਪ ਟਰੱਸਟ (Rhodes Scholarships Trust) ਦੇ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਸਾਬਕਾ ਰਾਸ਼ਟਰਪਤੀ ਦੀ ਪੜਪੋਤੀ ਸੌਮਿਆ ਤੇ ਉਸ ਦੇ ਪਤੀ ਤੇ ਗੋਵਿੰਦਰਾਜਨ ਦੇ ਪੁੱਤਰ ਮੁਕੁੰਦ ਰਾਜਨ ਨੇ ਆਕਸਫੋਰਡ ਯੂਨੀਵਰਸਿਟੀ ਨੂੰ ਭਾਰਤੀ ਵਿਦਿਆਰਥੀਆਂ ਲਈ ਭਰਵੀਂ ਰਕਮ ਦਾਨ ਕਰ ਕੇ ਛੇਵੀਂ ਰੋਡਸ ਸਕਾਲਰਸ਼ਿਪ ਸ਼ੁਰੂ ਕਰਾਉਣ ਵਿਚ ਯੋਗਦਾਨ ਪਾਇਆ ਹੈ। ਇਸ ਦੇ ਸਕਾਲਰ ਦੀ ਚੋਣ 2025 ਵਿਚ ਕੀਤੀ ਜਾਵੇਗੀ ਅਤੇ ਉਹ 2026 ਵਿਚ ਆਕਸਫੋਰਡ ਜੁਆਇਨ ਕਰ ਲਵੇਗਾ।
ਭਾਰਤੀ ਵਿਦਿਆਰਥੀਆਂ ਲਈ ਪਹਿਲਾਂ ਤੋਂ ਹੀ ਹਰ ਸਾਲ ਪੰਜ ਰੋਡਸ ਸਕਾਲਰਸ਼ਿਪਾਂ ਉਪਲਬਧ ਸਨ। ਸੁਪਰੀਮ ਕੋਰਟ ਵਿਚ ਜਨਤਕ ਹਿੱਤ ਦੇ ਕੇਸ ਮੁਫ਼ਤ ਲੜਨ ਵਾਲੀ ਸੀਨੀਅਰ ਐਡਵੋਕੇਟ ਮੇਨਕਾ ਗੁਰੂਸਵਾਮੀ ਆਕਸਫੋਰਡ ਦੀ ਰੋਡਸ ਸਕਾਲਰਸ਼ਿਪਸ ਟਰੱਸਟ ਦੀ ਚੇਅਰਪਰਸਨ ਹੈ। ਮੁਕੁੰਦ ਖੁਦ ਵੀ ਰੋਡਸ ਸਕਾਲਰ ਰਹੇ ਹਨ। ਉਨ੍ਹਾਂ ਆਕਸਫੋਰਡ ਵਿਚ ਉਦੋਂ ਦਾਖ਼ਲਾ ਲਿਆ ਸੀ ਜਦੋਂ ਸੌਮਿਆ ਕਿਸੇ ਹੋਰ ਸਕਾਲਰਸ਼ਿਪ ’ਤੇ ਉੱਥੇ ਅਧਿਐਨ ਕਰ ਰਹੀ ਸੀ। ਆਕਸਫੋਰਡ ਕੈਂਪਸ ਵਿਚ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਬਾਅਦ ਵਿਚ ਉਨ੍ਹਾਂ ਵਿਆਹ ਕਰਵਾ ਲਿਆ। ਮੁਕੁੰਦ ਨੇ ਟਾਟਾ ਐਡਮਿਨਿਸਟ੍ਰੇਟਿਵ ਸਰਵਿਸ ਜੁਆਇਨ ਕੀਤੀ ਅਤੇ ਛੇਤੀ ਹੀ ਆਪਣੀ ਪਛਾਣ ਬਣਾ ਲਈ। ਰਤਨ ਟਾਟਾ ਨੇ ਖੁਦ ਉਸ ਨੂੰ ਚੇਅਰਮੈਨ ਦੇ ਦਫ਼ਤਰ ਦੇ ਪ੍ਰਮੁੱਖ ਸਹਾਇਕ ਵਜੋਂ ਭਰਤੀ ਕੀਤਾ ਸੀ। ਫਿਰ ਮੁਕੁੰਦ ਨੇ ਟਾਟਾ ਸੰਸਥਾ ਨੂੰ ਅਲਵਿਦਾ ਆਖ ਕੇ ਆਪਣੀ ਕਨਸਲਟੈਂਸੀ ਫਰਮ ਸ਼ੁਰੂ ਕਰ ਲਈ। ਬਾਅਦ ਵਿਚ ਅਸੀਂ ਅਕਸਰ ਮਿਲਦੇ ਰਹਿੰਦੇ ਸਾਂ। ਜਦੋਂ ਮੈਂ ਸੌਮਿਆ ਨੂੰ ਮਿਲਿਆ ਸਾਂ ਤਦ ਉਹ ਇਕ ਵਿਦੇਸ਼ੀ ਬੈਂਕ ਵਿਚ ਕੰਮ ਕਰ ਰਹੀ ਸੀ। ਬਾਅਦ ਵਿਚ ਉਸ ਨੇ ਵੀ ਆਪਣੀ ਕਨਸਲਟੈਂਸੀ ਫਰਮ ਵੇਕਰਫੀਲਡ ਐਡਵਾਈਜ਼ਰਜ਼ ਖੋਲ੍ਹ ਲਈ ਜੋ ਨਾ ਕੇਵਲ ਬਹੁਤ ਸਫਲ ਰਹੀ ਸਗੋਂ ਸਮਾਜਿਕ ਅਤੇ ਖਰਾਇਤੀ ਕਾਰਜਾਂ ਵਿਚ ਵੀ ਮਦਦ ਦਿੰਦੀ ਸੀ। 2021 ਵਿਚ ਉਸ ਦਾ ਨਾਂ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਫੋਰਬਸ ਦੀ ਸੂਚੀ ਵਿਚ ਦਰਜ ਕੀਤਾ ਗਿਆ ਸੀ। ਮੇਰਾ ਖਿਆਲ ਹੈ ਕਿ ਜੇ ਗੋਵਿੰਦਰਾਜਨ ਨੇ 1953 ਵਿਚ ਆਈਪੀਐੱਸ ਜੁਆਇਨ ਨਾ ਕੀਤੀ ਹੁੰਦੀ ਤਾਂ ਉਨ੍ਹਾਂ ਅਗਲੇ ਸਾਲ ਦੇ ਆਈਏਐੱਸ ਇਮਤਿਹਾਨ ਵਿਚ ਅੱਵਲ ਆਉਣਾ ਸੀ ਅਤੇ ਫਿਰ 1954 ਦੇ ਆਈਏਐੱਸ ਬੈਚ ਵਿਚ ਆਉਣਾ ਸੀ। ਜਦੋਂ ਉਸ ਨੇ ਅਤੇ ਮੈਂ 1952 ਦਾ ਇਮਤਿਹਾਨ ਦਿੱਤਾ ਸੀ ਤਾਂ 21 ਸਾਲ ਦੀ ਉਮਰ ਹੱਦ ਪੂਰੀ ਨਾ ਕਰਨ ਵਾਲੇ ਆਈਏਐੱਸ ਲਈ ਯੋਗ ਨਹੀਂ ਸਨ ਮੰਨੇ ਜਾਂਦੇ। 20 ਸਾਲ ਦੀ ਉਮਰ ਵਾਲੇ ਆਈਪੀਐੱਸ ਵਾਲੇ ਪਾਸੇ ਜਾ ਸਕਦੇ ਸਨ। ਉਸ ਬੈਚ ਦਾ ਟੌਪਰ ਗੋਵਿੰਦਰਾਜਨ ਅਤੇ ਦੂਜੇ ਸਥਾਨ ’ਤੇ ਆਉਣ ਵਾਲਾ ਆਨੰਦ ਕੁਮਾਰ ਵਰਮਾ ਉਦੋਂ 20 ਸਾਲ ਦੇ ਸਨ ਜਦੋਂ ਉਨ੍ਹਾਂ ਦੀ ਆਈਪੀਐੱਸ ਲਈ ਚੋਣ ਹੋ ਗਈ ਸੀ।
ਗੋਵਿੰਦਰਾਜਨ ਜੁਆਇੰਟ ਇੰਟੈਲੀਜੈਂਸ ਦੇ ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਇਸ ਅਹੁਦੇ ਨੂੰ ਬਾਅਦ ਵਿਚ ਕੌਮੀ ਸੁਰੱਖਿਆ ਸਲਾਹਕਾਰ ਦੇ ਦਫ਼ਤਰ ਵਿਚ ਮਿਲਾ ਦਿੱਤਾ ਗਿਆ ਸੀ। ਆਪਣੀ ਪੂਰੀ ਸੇਵਾ ਦੌਰਾਨ ਉਨ੍ਹਾਂ ਸਿਰਫ਼ ਦੋ ਸਾਲਾਂ ਲਈ ਹੀ ਪੁਲੀਸ ਦੀ ਵਰਦੀ ਪਹਿਨੀ ਸੀ ਜਿਸ ’ਚੋਂ ਇਕ ਸਾਲ ਮਾਊਂਟ ਆਬੂ ਵਿੱਚ 36 ਹੋਰਨਾਂ ਪ੍ਰੋਬੇਸ਼ਨਰਾਂ ਨਾਲ ਕੀਤੀ ਸਿਖਲਾਈ ਸ਼ਾਮਲ ਸੀ। ਰਘੂਰਾਮ ਰਾਜਨ ਉਨ੍ਹਾਂ ਦਾ ਜੇਠਾ ਪੁੱਤਰ ਹੈ ਜਿਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ ਹਨ। ਭਾਰਤੀ ਵਿਦਿਆਰਥੀਆਂ ਲਈ ਛੇਵੀਂ ਰੋਡਸ ਸਕਾਲਰਸ਼ਿਪ ਦੀ ਸਪਾਂਸਰਸ਼ਿਪ ਰਾਧਾਕ੍ਰਿਸ਼ਨਨ ਅਤੇ ਰਾਜਨ ਪਰਿਵਾਰਾਂ ਵਲੋਂ ਕੀਤੀ ਗਈ ਹੈ। ਇਸ ਦੀ ਦੇਖ-ਰੇਖ ਰੋਡਸ ਟਰੱਸਟ ਦਾ ਭਾਰਤੀ ਚੈਪਟਰ ਕਰੇਗਾ। ਸਕਾਲਰਸ਼ਿਪ ਦੀ ਹੰਢਣਸਾਰਤਾ ਲਈ ਦਰਕਾਰ ਵਾਧੂ ਫੰਡ ਇਕ ਅਮਰੀਕੀ ਰੋਡਸ ਸਕਾਲਰ ਤੇ ਉਨ੍ਹਾਂ ਦੀ ਪਤਨੀ ਅਤੇ ਖੁਦ ਆਕਸਫੋਰਡ ਯੂਨੀਵਰਸਿਟੀ ਪਾਉਣਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਰੋਡਸ ਸਕਾਲਰ ਹਨ। ਹੁਣੇ ਜਿਹੇ ਦਿੱਲੀ ਦੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਆਤਿਸ਼ੀ ਸਿੰਘ ਅਤੇ ਗੋਆ ਦੇ ਇਸਾਈ ਭਾਈਚਾਰੇ ਨਾਲ ਜੁੜੇ ਪੀਟਰ ਲਿਨ ਸਿਨਾਈ ਵੀ ਰੋਡਸ ਸਕਾਲਰ ਰਹੇ ਹਨ। ਸਿਨਾਈ 1957 ਵਿਚ ਯੂਪੀਐੱਸਸੀ ਦੀ ਪ੍ਰੀਖਿਆ ਵਿਚ ਅੱਵਲ ਆਏ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਸੇਵਾ ਲਈ ਚੁਣਿਆ ਗਿਆ ਸੀ। ਮੁੰਬਈ ਵਿਚ ਮੇਰੇ ਲਾਗਲੇ ਫਲੈਟ ਵਿਚ ਰਹਿੰਦੀ ਰਹੀ ਅਤੇ ਮੇਰੇ ਭਾਈਚਾਰੇ ਦੀ ਮੈਂਬਰ ਇਸਾਬੈੱਲ ਕੋਲੈਕੋ ਨੇ ਵੀ ਸੌਮਿਆ ਰਾਜਨ ਵਾਂਗ ਸਕਾਲਰਸ਼ਿਪ ’ਤੇ ਆਕਸਫੋਰਡ ਵਿਚ ਪੜ੍ਹਾਈ ਕੀਤੀ ਸੀ।
ਸੰਨ 1958 ਵਿਚ ਮਾਊਂਟ ਆਬੂ (ਰਾਜਸਥਾਨ) ਦੇ ਕੇਂਦਰੀ ਪੁਲੀਸ ਸਿਖਲਾਈ ਕਾਲਜ ’ਚ ਮੇਰੇ ਅਤੇ ਗੋਵਿੰਦਰਾਜਨ ਵੱਲੋਂ ਪ੍ਰੋਬੇਸ਼ਨਰ ਵਜੋਂ ਜੁਆਇਨ ਕਰਨ ਦੇ ਪੰਜ ਸਾਲ ਬਾਅਦ, ਭਵਿੱਖ ਦੇ ਇਕ ਕਵੀ ਨੇ 11ਵੇਂ ਰੈਗੂਲਰ ਭਰਤੀ ਬੈਚ ’ਚ ਥਾਂ ਬਣਾਈ। ਉਹ ਕੇਕੀ ਦਾਰੂਵਾਲਾ ਸੀ ਜੋ ਨਿੱਕੇ ਪਰ ਬੇਮਿਸਾਲ ਪਾਰਸੀ ਸਮਾਜ ਵਿਚੋਂ ਸੀ। ਕੇਕੀ ਦਾ ਪਰਿਵਾਰ ਲਾਹੌਰ ਤੋਂ ਭਾਰਤ ਆਇਆ ਸੀ। ਉਸ ਨੂੰ ਉੱਤਰ ਪ੍ਰਦੇਸ਼ ਕਾਡਰ ਮਿਲਿਆ ਸੀ ਪਰ ਗੋਵਿੰਦਰਾਜਨ ਵਾਂਗੂ ਉਸ ਨੂੰ ਵਿਸ਼ੇਸ਼ ਸਕੀਮ ਤਹਿਤ ਆਰਜ਼ੀ ਤੌਰ ’ਤੇ ਇੰਟੈਲੀਜੈਂਸ ਬਿਊਰੋ ਨਾਲ ਜੋੜਿਆ ਗਿਆ।
ਇਹ ਸਕੀਮ ਹਰੇਕ ਆਈਪੀਐੱਸ ਬੈਚ ਦੇ ਸਭ ਤੋਂ ਵੱਧ ਕਾਬਲ ਅਫਸਰਾਂ ਨੂੰ ਧਿਆਨ ਵਿਚ ਰੱਖ ਕੇ ਘੜੀ ਗਈ ਸੀ ਤੇ ਉਨ੍ਹਾਂ ਨੂੰ ਆਈਬੀ ਲਈ ਰੱਖਿਆ ਜਾਂਦਾ ਸੀ। ਇਸ ਤਹਿਤ ਅਜਿਹੇ ਵਿਸ਼ਲੇਸ਼ਕ ਰੱਖੇ ਜਾਂਦੇ ਜੋ ‘ਤੂੜੀ ’ਚੋਂ ਦਾਣਾ ਪਛਾਣ’ ਸਕਣ ਅਤੇ ਇਹ ਹਰ ਰੋਜ਼ ਆਈਬੀ ਤੱਕ ਪਹੁੰਚ ਸਕੇ। ਬਾਹਰ ਫੀਲਡ ਵਿਚ ਕੰਮ ਕਰ ਰਹੇ ਬੰਦਿਆਂ ਦੀਆਂ ਰਿਪੋਰਟਾਂ ਤੋਂ ਇਲਾਵਾ ਜੋ ਜਿ਼ਆਦਾਤਰ ਹੇਠਲੇ ਰੈਂਕਾਂ ਦੇ ਕਰਮਚਾਰੀ ਸਨ, ਅਖਬਾਰਾਂ ਦੀਆਂ ਕਲਿੱਪਾਂ ਅਤੇ ਆਪਣੇ ਸੰਪਰਕ ਤੇ ਮੁਖਬਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਜਿਸ ਨੂੰ ਡਾਇਰੈਕਟਰ ਵੱਲੋਂ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਨ ਤੋਂ ਪਹਿਲਾਂ ਛਾਂਟਣਾ ਤੇ ਵਿਚਾਰਨਾ ਹੁੰਦਾ ਸੀ, ਕੇਕੀ ਦਾ ਕਾਰਜ ਖੇਤਰ ਸੀ।
ਇੰਟੈਲੀਜੈਂਸ ਏਜੰਸੀ ਦੇ ਰਾਅ (ਰਿਸਰਚ ਐਂਡ ਅਨੈਲਸਿਸ ਵਿੰਗ) ਨੂੰ 1962 ਵਿਚ ਆਈਬੀ ਤੋਂ ਵੱਖ ਕਰ ਦਿੱਤਾ ਗਿਆ ਤੇ ਇਕੱਲਾ ਵਿਦੇਸ਼ੀ ਇੰਟੈਲੀਜੈਂਸ ਦਾ ਕੰਮ ਸੌਂਪ ਦਿੱਤਾ ਗਿਆ। ਜਦ ਰਾਅ ਬਣੀ ਤਾਂ ਗੋਵਿੰਦਰਾਜਨ ਤੇ ਕੇਕੀ ਦਾਰੂਵਾਲਾ ਨੂੰ ਇਸ ਵਿਚ ਜਿ਼ੰਮੇਵਾਰੀਆਂ ਦਿੱਤੀਆਂ ਗਈਆਂ। ਮੇਰੇ 37 ਅਧਿਕਾਰੀਆਂ ਦੇ ਬੈਚ ਵਿਚੋਂ ਚਾਰ ਇਸ ਵਿਸ਼ੇਸ਼ ਸਕੀਮ ਤਹਿਤ ਚੁਣੇ ਗਏ। ਗੋਵਿੰਦਰਾਜਨ ਤੇ ਆਨੰਦ ਵਰਮਾ ਪਹਿਲਾਂ ਆਈਬੀ ’ਚ ਸਨ ਤੇ ਮਗਰੋਂ ਰਾਅ ਵਿਚ ਤਬਦੀਲ ਹੋ ਗਏ। ਹਰੀ ਆਨੰਦ ਬਰਾਰੀ ਤੇ ਰਾਮ ਕਿਸ਼ਨ ਖੰਡੇਲਵਾਲ ਆਈਬੀ ਵਿਚ ਹੀ ਰਹਿ ਗਏ। ਬਰਾਰੀ ਮਗਰੋਂ ਬਿਊਰੋ ਦੇ ਡਾਇਰੈਕਟਰ ਬਣੇ ਅਤੇ ਸੇਵਾਮੁਕਤੀ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਰਹੇ।
ਕੇਕੀ ਦੀ ਮੌਤ ਦਾ ਕਵੀਆਂ ਨੇ ਵਿਆਪਕ ਪੱਧਰ ’ਤੇ ਸੋਗ ਮਨਾਇਆ, ਖਾਸ ਤੌਰ ’ਤੇ ਉਨ੍ਹਾਂ ਜਿਹੜੇ ਗੱਲਬਾਤ ਲਈ ਅੰਗਰੇਜ਼ੀ ਭਾਸ਼ਾ ਵਰਤਦੇ ਹਨ। ਪ੍ਰਿੰਟ ਮੀਡੀਆ ਵਿਚ ਛਪੀਆਂ ਦੋ ਸ਼ਰਧਾਂਜਲੀਆਂ ਪੜ੍ਹ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ। ਇਹ ਲੇਖ ਉਨ੍ਹਾਂ ਦੇ ਆਈਪੀਐੱਸ ਵਿਚਲੇ ਸਹਿਯੋਗੀਆਂ ਨੇ ਨਹੀਂ ਲਿਖੇ ਸਨ ਪਰ ਉਨ੍ਹਾਂ ਲਿਖੇ ਸਨ ਜੋ ਸਭਿਆਚਾਰ ਤੇ ਸਾਹਿਤ ਨੂੰ ਸਮਰਪਿਤ ਹਨ। ਆਈਪੀਐੱਸ ਬਰਾਦਰੀ ਨੇ ਵੀ ਦੇਹਾਂਤ ’ਤੇ ਅਫਸੋਸ ਜ਼ਾਹਿਰ ਕੀਤਾ। ਕੇਕੀ ਦਾਰੂਵਾਲਾ ਨੇ ਆਪਣੀ ਕਾਵਿ ਰਚਨਾ ਨਾਲ ਸਿਵਲ ਸਰਵਿਸ ਦਾ ਮਾਣ ਵਧਾਇਆ। ਇੰਟੈਲੀਜੈਂਸ ਦੇ ਕੰਮ ਵਿਚ ਉੱਤਮਤਾ ਗੁਪਤ ਰੱਖੀ ਗਈ। ਜਿਹੜੀ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਕੋਈ ਆਈਪੀਐੱਸ ਅਧਿਕਾਰੀ ਜੋ ਗੁਮਨਾਮੀ ’ਚ ਦੇਸ਼ ਦੀ ਸੇਵਾ ਕਰ ਰਿਹਾ ਸੀ, ਕਿਸੇ ਹੋਰ ਖੇਤਰ ਵਿਚ ਆਪਣੀ ਉੱਤਮਤਾ ਕਰ ਕੇ ਲੋਕਾਂ ਦੀ ਨਜ਼ਰੇ ਚੜ੍ਹਿਆ।