ਆਪਣੀ ਮਿੱਟੀ
ਗੱਜਣਵਾਲਾ ਸੁਖਮਿੰਦਰ
ਅਸਟਰੇਲੀਆ ’ਚ ਸਾਡੇ ਘਰ ਦੇ ਲਾਗੇ ਪਾਰਕ ਹੈ। ਭਾਂਤ-ਭਾਂਤ ਦੇ ਲੋਕਾਂ ਦੀ ਰੌਣਕ ਲੱਗੀ ਰਹਿੰਦੀ। ਇੱਕ ਗੋਰੀ ਤੇ ਗੋਰਾ ਜਿਸ ਦਿਨ ਮੌਸਮ ਠੀਕ ਹੁੰਦਾ, ਦੋਨੋਂ ਖ਼ਾਸ ਊਬਰ ਟੈਕਸੀ ਮੈਕਸੀ ’ਚੋਂ ਉੱਥੇ ਉਤਾਰ ਦਿੱਤੇ ਜਾਂਦੇ; ਦੋਨੋਂ ਵ੍ਹੀਲ ਚੇਅਰਾਂ ’ਤੇ ਹੁੰਦੇ।
ਇੱਕ ਦਿਨ ਸੋਹਣਾ ਦਿਨ ਲੱਗਾ ਸੀ। ਉਨ੍ਹਾਂ ਨਾਲ ਹੈਲੋ ਹਾਏ ਕੀਤੀ। ਬਹੁਤ ਖੁਸ਼ ਹੋਏ। ਨਿੱਕੀਆਂ-ਨਿੱਕੀਆਂ ਗੱਲਾਂ ਜਿਹੀਆਂ ਚੱਲ ਪਈਆਂ ਤਾਂ ਮੈਂ ਕਿਹਾ- ਮੈਡਮ ਜੇ ਮਾਈਂਡ ਨਾ ਕਰੋ ਤੁਸੀਂ ਆਪਣੀ ਲਾਈਫ ਸਟੋਰੀ ਬਾਰੇ ਕੁਝ ਸ਼ੇਅਰ ਕਰ ਸਕਦੇ ਹੋ?
ਉਹ ਕਹਿੰਦੀ- ਮੇਰਾ ਨਾਮ ਮਾਰਟੀਨਾ ਤੇ ਇਨ੍ਹਾਂ ਦਾ ਜੈਕ। ਅਸੀਂ ਜਮਾਂਦਰੂ ਵਿਕਲਾਂਗ ਹਾਂ। ਸਾਡੇ ਹੱਥ ਪੈਰ ਟੇਡੇ ਹਨ, ਲੱਤਾਂ ਕੰਮ ਨਹੀਂ ਕਰਦੀਆਂ। ਅਸੀਂ ਤੁਰ ਫਿਰ ਨਹੀਂ ਸਕਦੇ। ਬਚਪਨ ਵਿੱਚ ਵਿਕਲਾਂਗ ਬੱਚਿਆਂ ਦੇ ਸਕੂਲ ਵਿੱਚ ਅਸੀਂ ਇਕੱਠੇ ਪੜ੍ਹਦੇ ਸਾਂ। ਉੱਥੇ ਪੜ੍ਹਦਿਆਂ ਨੇੜਤਾ ਹੋ ਗਈ। ਪਿਆਰ ਪੈ ਗਿਆ। ਜਦੋਂ ਉਡਾਰ ਹੋਏ ਤਾਂ ਅਸੀਂ ਤੈਅ ਕਰ ਲਿਆ- ਆਪਾਂ ਵਿਆਹ ਕਰਾਂਗੇ, ਇਕੱਠੇ ਹੀ ਜ਼ਿੰਦਗੀ ਬਿਤਾਵਾਂਗੇ। ਅਸੀਂ ਦੋਨੋਂ ਇਟੈਲੀਅਨ ਨਸਲ ਦੇ ਕਿਸਾਨ ਘਰਾਣਿਆ ’ਚੋਂ ਹਾਂ। ਮੇਰਾ ਪਿਤਾ ਚੰਗਾ ਪੜ੍ਹਿਆ ਲਿਖਿਆ ਅਮੀਰ ਬੰਦਾ ਸੀ। ਬਹੁਤ ਸਾਲ ਪਹਿਲਾਂ ਉਹ ਇੱਥੇ ਅਸਟਰੇਲੀਆਂ ’ਚ ਆ ਗਿਆ ਸੀ। ਉਸ ਨੇ ਬਹੁਤ ਜਾਇਦਾਦ ਬਣਾਈ। ਜਿਸ ਘਰ ਅਸੀਂ ਰਹਿ ਰਹੇ ਹਾਂ, ਉਹ ਮੇਰੇ ਪਿਤਾ ਨੇ ਹੀ ਦਿੱਤਾ ਹੈ।
ਫਿਰ ਜੈਕ ਬੋਲਿਆ- ਬਿਨਾਂ ਸ਼ੱਕ ਇਹ ਤਾਂ ਅਮੀਰ ਬਾਪ ਦੀ ਧੀ ਹੈ ਤੇ ਬਹੁਤ ਅਸੂਲ ਵਾਲੀ ਔਰਤ ਹੈ। ਮੇਰਾ ਬਾਪ ਤਾਂ ਆਮ ਦੇਸੀ ਕਿਸਾਨ ਘਰਾਣੇ ਦਾ ਹੈ। ਦੂਰ ਫਾਰਮਾਂ ’ਚ ਕੰਮ ਕਰਨ ਵਾਲਾ। ਖੁੱਲ੍ਹੇ ਡੁੱਲੇ ਸੁਭਾਅ ਵਾਲਾ। ਜਦੋਂ ਉਹ ਥੱਕਿਆ ਹੰਭਿਆ ਖੇਤੋਂ ਘਰ ਆਉਂਦਾ ਤਾਂ ਵਾਈਨ ਦੇ ਪੈੱਗ ਲਾਉਂਦਾ। ਫਿਰ ਜਦੋਂ ਉਹ ਇੱਧਰ ਆ ਗਿਆ ਤਾਂ ਮੈਂ ਵੀ ਉਸ ਨੂੰ ਦੇਖ ਕੇ ਬੀਅਰ ਪੀਣ ਲੱਗ ਪਿਆ। ਮੈਂ ਪਹਿਲਾਂ ਤਾਂ ਬਹੁਤ ਪੀ ਜਾਂਦਾ ਸੀ, ਹੁਣ ਬਹੁਤ ਘਟ ਗਈ ਹੈ। ਮਾਰਟੀਨਾ ਮੈਨੂੰ ਬਹੁਤ ਕੌੜਦੀ ਰਹਿੰਦੀ; ਇਹਨੂੰ ਮੇਰਾ ਇਹ ਸ਼ੌਕ ਪਸੰਦ ਨਹੀਂ। ਸਾਨੂੰ ਵ੍ਹੀਲ ਚੇਅਰ ’ਤੇ ਰਹਿਣਾ ਪੈਂਦਾ, ਲੋਕਾਂ ਵਾਂਗ ਆਵਦੀ ਮਰਜ਼ੀ ਮੁਤਾਬਕ ਕਿੱਧਰੇ ਆ ਜਾ ਨਹੀਂ ਸਕਦੇ। ਹੁਣ ਤਾਂ ਦਿੱਤੀ ਹੋਈ ਇਸੇ ਜ਼ਿੰਦਗੀ ਦੇ ਆਦੀ ਜਿਹੇ ਹੋ ਗਏ ਹਾਂ। ਵ੍ਹੀਲ ਚੇਅਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਅਸੀਂ ਮੌਜੂਦਾ ਹਾਲਾਤ ਵਿੱਚ ਪੂਰੇ ਖੁਸ਼ ਹਾਂ; ਉਸ ਰੱਬ ਦੇ ਸ਼ੁਕਰਗੁਜ਼ਾਰ ਹਾਂ।
ਫਿਰ ਮਾਰਟੀਨਾ ਬੋਲੀ- ਜਿਸ ਦਿਨ ਮੌਸਮ ਠੀਕ ਹੁੰਦਾ, ਮੀਂਹ ਹਵਾ ਨਹੀਂ ਵਗਦੀ ਹੁੰਦੀ ਤਾਂ ਅਸੀਂ ਲਾਜ਼ਮੀ ਇਸ ਪਾਰਕ ਜਾਂ ਹੋਰ ਕਿਤੇ ਚਲੇ ਜਾਂਦੇ ਹਾਂ। ਖੁਸ਼ੀ ਮਿਲਦੀ 20-25 ਮਿੰਟ ਲਾ ਕੇ ਪਾਰਕ ਵਿੱਚ। ਇੱਥੇ ਖੁੱਲ੍ਹੇ ਅਸਮਾਨ ਥੱਲੇ ਘੁੰਮ ਫਿਰ ਲੈਂਦੇ ਹਾਂ। ਫਲ ਵਗੈਰਾ ਜਾਂ ਹੋਰ ਸਨੈਕਸ ਵਗੈਰਾ ਇੱਥੇ ਖਾ ਲਈਦਾ।
ਜੈਕ ਆਂਹਦਾ- ਏਸ ਮਾਰਟੀਨਾ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਨਵੀਆਂ ਕਿਤਾਬਾਂ ਮੰਗਵਾਈ ਰੱਖਦੀ ਹੈ। ਇਹਨੇ ਕੋਰਸ ਵਗੈਰਾ ਕੀਤਾ ਹੈ, ਹੁਣ ਤਾਂ ਉਮਰ ਇਹਦੀ ਉਹੋ ਜਿਹੀ ਨਹੀਂ ਰਹੀ; ਪਹਿਲਾਂ ਇਹ ਕੋਰਟ ਵਿੱਚ ਵਿਕਲਾਂਗਾਂ ਦੇ ਕੇਸ ਮੁਫ਼ਤ ਲੜਦੀ ਰਹੀ ਹੈ। ਅਸਟਰੇਲੀਅਨ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ। ਸਰਕਾਰ ਨੇ ਸਾਡੀ ਦੇਖਭਾਲ ਲਈ ਕੇਅਰ ਦਿੱਤੇ ਹੋਏ ਹਨ। ਉਹ ਸੁਬ੍ਹਾ ਸ਼ਾਮ ਆਉਂਦੇ ਤੇ ਸਾਨੂੰ ਨੁਹਾ ਧੁਆ ਕੇ ਭੋਜਨ ਪਾਣੀ ਕਰਵਾ ਕੇ ਜਾਂਦੇ। ਪੈਨਸ਼ਨ ਲੱਗੀ ਹੋਈ ਐ, ਬਿਜਲੀ ਪਾਣੀ ਦੇ ਬਿੱਲ ਵਗੈਰਾ ਦੇ ਛੱਡੀਦੇ।
ਫਿਰ ਮਾਰਟੀਨਾ ਬੋਲੀ- ਜੈਕ ਠੀਕ ਕਹਿੰਦਾ; ਮੈਨੂੰ ਵਰਲਡ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਹੈ ਪਰ ਜੈਕ ਨੂੰ ਨਹੀਂ। ਇਹਦੇ ’ਚੋਂ ਦੇਸੀ ਪੁਣਾ ਅਜੇ ਵੀ ਗਿਆ ਨਹੀਂ। ਪੀ ਕੇ ਇਹ ਆਵਦੀਆਂ ਤਾਰਾਂ ਪਿੱਛੇ ਆਵਦੇ ਦੇਸ਼ ਦੇ ਖੇਤਾਂ ਨਾਲ ਹੀ ਜੋੜੀ ਫਿਰਦਾ ਰਹਿੰਦਾ। ਇਹ ਬੀਅਰ ਵਗੈਰਾ ਪੀ ਕੇ ਪਤਾ ਨਹੀਂ ਕਦੇ-ਕਦੇ ਇਹਨੂੰ ਕੀ ਹੋ ਜਾਂਦਾ, ਇਕੱਲਾ ਬੈਠਾ ਹੀ ਹਵਾ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ। ਇਹਦਾ ਪਿਉ ਵੀ ਦਾਰੂ ਦਾ ਸ਼ੌਕੀਨ ਸੀ। ਉਹ ਵੀ ਖਾਲਸ ਦੇਸੀ ਫਾਰਮਰ ਸੀ। ਇਹ ਦਿਨ ਤਿਉਹਾਰ ’ਤੇ ਜਦੋਂ ਆਪਣੇ ਪਿਤਾ ਨੂੰ ਮਿਲਣ ਜਾਂਦਾ ਤਾਂ ਉਹ ਵੀ ਇਹਨੂੰ ਵਧੀਆ ਵਾਈਨ ਦੇ ਕੇ ਤੋਰਦਾ। ਇਹ ਤਾਂ ਹੁਣ ਵੀ ਅਖ਼ਬਾਰ ਆਵਦੇ ਦੇਸ਼ ਦੇ ਈ ਪੜ੍ਹਦਾ।... ਅਸੀਂ ਅਲੱਗ-ਅਲੱਗ ਕਮਰਿਆਂ ’ਚ ਰਹਿੰਦੇ ਹਾਂ। ਜੈਕ ਤਾਂ ਟੀਵੀ ਚੈਨਲ ਤੇ ਫਿਲਮਾਂ ਵੀ ਆਵਦੇ ਦੇਸ਼ ਇਟਲੀ ਦੀਆਂ ਹੀ ਦੇਖਦਾ। ਘਰੇ ਅਸੀਂ ਇਟੈਲੀਅਨ ਹੀ ਬੋਲਦੇ ਆਂ। ਗੁੱਸਾ ਗਿਲ਼ਾ ਵੀ ਆਵਦੀ ਭਾਸ਼ਾ ਵਿੱਚ ਹੀ ਕੱਢ ਲਈਦਾ।
ਮਾਰਟੀਨਾ ਹਲਕਾ ਜਿਹਾ ਮੁਸਕਰਾ ਕੇ ਆਂਹਦੀ- ਜਦੋਂ ਅਸੀਂ ਚਰਚ ਵਿੱਚ ਵਿਆਹ ਕਰਾਉਣ ਗਏ ਤਾਂ ਪਾਦਰੀ ਨੇ ਰਸਮ ਕਰਨ ਤੋਂ ਨਾਂਹ ਕਰ ਦਿੱਤੀ। ਜੈਕ ਨੂੰ ਪਤਾ ਨਹੀਂ ਸੀ, ਇਹ ਬੀਅਰ ਪੀ ਕੇ ਚਲਾ ਗਿਆ ਸੀ। ਇਸਾਈ ਮੱਤ ਵਿਚ ਉਸ ਵੇਲੇ ਜੇ ਕਿਸੇ ਦੀ ਡਰਿੰਕ ਕੀਤੀ ਹੋਵੇ ਤਾਂ ਪਾਦਰੀ ਵਿਆਹ ਕਰਨ ਤੋਂ ਨਾਂਹ ਕਰ ਸਕਦਾ। ਬਾਅਦ ਵਿਚ ਕਿਸੇ ਹੋਰ ਪਾਦਰੀ ਨੇ ਸਾਡੀ ਮੈਰਿਜ ਰਜਿਸਟਰਡ ਕਰ ਦਿੱਤੀ। ਸਾਡੇ ਕੋਈ ਬੱਚਾ ਨਹੀਂ ਪਰ ਕੋਈ ਝੋਰਾ ਵੀ ਨਹੀਂ। ਵਿਆਹ ਤੋਂ ਪਹਿਲਾਂ ਹੀ ਡਾਕਟਰ ਨੇ ਦੱਸ ਦਿੱਤਾ ਸੀ, ਤੁਹਾਡੇ ਬੱਚਾ ਨਹੀਂ ਹੋਣਾ। ਹਾਂ, ਸਿਹਤ ਦਾ ਅਸੀਂ ਬਹੁਤ ਖਿਆਲ ਰੱਖਦੇ ਹਾਂ। ਹਰ ਹਫ਼ਤੇ ਆਪਣਾ ਮੈਡੀਕਲ ਚੈੱਕਅਪ ਕਰਾਂਉਂਦੇ ਹਾਂ। ਸ਼ੂਗਰ, ਬਲੱਡ ਟੈਸਟ ਕਰਵਾਉਂਦੇ ਰਹਿੰਦੇ ਹਾਂ। ਐਤਵਾਰ ਨੂੰ ਚਰਚ ਵੀ ਜਾਂਦੇ ਹਾਂ। ਥੋੜ੍ਹਾ ਬਹੁਤ ਪੁੰਨ ਦਾਨ ਵੀ ਕਰ ਲਈਦਾ।
ਹਾਂ ਸਾਨੂੰ ਉਹ ਬੰਦੇ ਬਿਲਕੁਲ ਚੰਗੇ ਨਹੀਂ ਲਗਦੇ ਜੋ ਸਾਨੂੰ ਅਪਾਹਜ ਦੇਖ ਕੇ ਸਾਡੇ ’ਤੇ ਤਰਸ ਜਤਾਉਂਦੇ। ਉਹ ਸਾਨੂੰ ਚੰਗੇ ਭਲਿਆਂ ਨੂੰ ਨਿਰਾਸ਼ ਕਰਦੇ, ਸਾਡਾ ਮਨੋਬਲ ਡੇਗਦੇ। ਲੋਕਾਂ ਨੂੰ ਕੀ ਕਹੀਏ, ਅਸੀਂ ਸੋਹਣਾ ਬੋਲਦੇ ਆਂ, ਚੰਗਾ ਦੇਖਦੇ ਆਂ, ਮਰਜ਼ੀ ਦਾ ਖਾਂਦੇ ਪੀਂਦੇ ਹਾਂ, ਸੈਰਾਂ ਪਿਕਨਿਕਾਂ ਕਰਦੇ ਹਾਂ; ਦੱਸੋ ਕਿਹੜੀ ਗੱਲੋਂ ਘੱਟ ਹਾਂ...।
ਫਿਰ ਕਈ ਦਿਨ ਮੌਸਮ ਖਰਾਬ ਜਿਹਾ ਰਹਿਣ ਕਰ ਕੇ ਮਾਰਟੀਨਾ ਤੇ ਜੈਕ ਕੋਈ ਡੇਢ ਮਹੀਨਾ ਪਾਰਕ ਵਿੱਚ ਨਹੀਂ ਆਏ। ਇੱਕ ਦਿਨ ਸੋਹਣੀ ਧੁੱਪ ਨਿੱਕਲੀ ਹੋਈ ਸੀ। ਹਵਾ ਬੰਦ ਸੀ। ਉਸ ਦਿਨ ਟੈਕਸੀ ’ਚੋਂ ’ਕੱਲੀ ਮਾਰਟੀਨਾ ਹੀ ਉੱਤਰੀ। ਕੁਝ ਉਦਾਸ ਜਿਹੀ ਸੀ। ਜੈਕ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਮਾਰਟੀਨਾ ਬੋਲੀ- ਉਹ ਕੁਝ ਢਿੱਲਾ ਜਿਹਾ ਚੱਲ ਰਿਹਾ। ਬਹੁਤ ਉਦਾਸ ਹੈ। ਉਮਰ ਵੀ ਉਸ ਦੀ ਸੱਠਾਂ ਤੋਂ ਉੱਪਰ ਹੋ ਗਈ ਹੈ। ਬਿਮਾਰੀ ਤਾਂ ਕੋਈ ਖ਼ਾਸ ਨਹੀਂ ਜਾਪਦੀ ਪਰ ਪਤਾ ਨਹੀਂ, ਢੇਰੀ ਜਿਹੀ ਢਾਹੀ ਪਿਆ। ਦਰੇਗਿਆ ਜਿਹਾ ਪਿਆ। ਰਿਹਾੜ ਜਿਹੀ ਕਰੀ ਜਾ ਰਿਹਾ। ਬਥੇਰੀ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ... ਜੈਕ ਦਿਨ ਖੁੱਲ੍ਹੇ ਹੋ ਜਾਣ... ਅਗਲੇ ਮਹੀਨੇ ਆਪਣੇ ਦੇਸ਼ ਹੋ ਆਵਾਂਗੇ ਪਰ ਉਹ ਅਜੀਬ ਜਿਹੀ ਰਟ ਲਾਈ ਬੈਠਾ। ਇਹੀ ਕਹੀ ਜਾਂਦਾ- ਮੈਨੂੰ ਮੇਰੇ ਦੇਸ਼ ਛੱਡ ਆਉ... ਮੈਂ ਆਵਦੇ ਲੋਕ ਦੇਖਣੇ। ਮੈਂ ਆਵਦੇ ਖੇਤ ਦੇਖਣੇ। ਮੈਨੂੰ ਮੇਰੇ ਦੇਸ਼ ਛੱਡ ਆਉ, ਕਿਤੇ ਇੱਥੇ ਈ ਨਾ ਰਹਿ ਜਾਂ। ਮੈਨੂੰ ਮੇਰੇ ਵਡੇਰਿਆਂ ਦੀ ਮਿੱਟੀ ’ਤੇ ਲੈ ਜੋ।... ਬਾਹਲਾ ਈ ਹੇਰਵਾ ਜਿਹਾ ਕਰੀ ਜਾਂਦਾ; ਪਤਾ ਨਹੀਂ ਕਾਹਤੋਂ ਓਦਰਿਆ ਜਿਹਾ ਪਿਆ
ਸੰਪਰਕ (ਵਟਸਐਪ): +91-99151-06449