ਆਪਣਾ ਆਪਣਾ ਦਰਦ
ਹਰਜੀਤ ਸਿੰੰਘ
‘‘ਸੁਣਾੳ, ਕੀ ਹਾਲ ਹੈ?’’ ਇੱਕ ਡਾਕਟਰ ਦੂਜੇ ਨੂੰ ਪੁੱਛ
ਰਿਹਾ ਸੀ।
‘‘ਬਹੁਤ ਵਧੀਆ, ਮੌਜਾਂ ਬਣੀਆਂ ਹਨ। ਬੁਖਾਰ, ਖੰਘ ਜ਼ੁਕਾਮ, ਅੱਖਾਂ ਦਾ ਫਲੂ ਆਦਿ ਬਿਮਾਰੀਆਂ ਨਾਲ ਓਪੀਡੀ ਅਤੇ ਵਾਰਡ ਭਰੇ ਪਏ ਹਨ। ਸਾਰੇ ਸਾਲ ਦੀ ਕਮਾਈ ਦੋ-ਚਾਰ ਮਹੀਨਿਆਂ ਵਿੱਚ ਹੀ ਹੋ ਜਾਣੀ ਹੈ। ਤੁਸੀਂ ਸੁਣਾਉ।’’ ‘‘ਆਪਣਾ ਵੀ ਇਸ ਤਰ੍ਹਾਂ ਹੀ ਹੈ। ਮਰਨ ਦੀ ਵੀ ਵਿਹਲ ਨਹੀਂ,’’ ਦੂਜੇ ਨੇ ਜਵਾਬ ਦਿੱਤਾ।
ਪੰਦਰਾਂ ਕੁ ਦਿਨਾਂ ਬਾਅਦ, ਇਹ ਹੀ ਸਵਾਲ ਦੁਬਾਰਾ, ਦੋਵੇਂ ਡਾਕਟਰ ਇੱਕ ਦੂਜੇ ਨੂੰ ਪੁੱਛਦੇ ਹਨ। ਇੱਕ ਦਾ ਜਵਾਬ ਸੀ, ‘‘ਕੁਝ ਨਾ ਪੁੱਛ, ਭਰਾਵਾ, ਬੁਰਾ ਹਾਲ ਹੈ। ਵੀਹ ਦਿਨ ਹੋ ਗਏ ਬੁਖਾਰ ਖਹਿੜਾ ਨਹੀਂ ਛੱਡਦਾ। ਗੋਡਿਆਂ ਵਿੱਚ ਪੀੜ ਹੁੰਦੀ ਰਹਿੰਦੀ ਹੈ। ਅੱਖਾਂ ਵਿੱਚ ਰੜਕ ਪੈਂਦੀ ਰਹਿੰਦੀ ਹੈ। ਕੋਈ ਦਵਾਈ ਅਸਰ ਹੀ ਨਹੀਂ ਕਰਦੀ। ਹੁਣ ਪਤਾ ਲੱਗਦਾ ਹੈ। ਪਹਿਲਾਂ ਤਾਂ ਮਰੀਜ਼ਾਂ ਨੂੰ ਕਹੀਦਾ ਸੀ ਕਿ ਦਵਾਈ ਖਾਉ ਠੀਕ ਹੋ ਜਾਓਗੇ, ਚਿੰਤਾ ਨਾ ਕਰੋ। ਭਰਾਵਾ, ਪੈਸਾ ਹੀ ਸਭ ਕੁਝ ਨਹੀਂ, ਤੰਦਰੁਸਤੀ ਹੀ ਸਭ ਕੁਝ ਹੈ। ਮੈਂ ਤਾਂ ਹੁਣ ਕਲੀਨਿਕ ’ਤੇ ਵੀ ਨਹੀਂ ਜਾਂਦਾ। ਪੈਸੇ ਨੂੰ ਕੀ ਕਰਨਾ, ਜੇ ਸਿਹਤ ਹੀ ਠੀਕ ਨਹੀਂ...’’।
ਸੰਪਰਕ: 92177-01415 (ਵੱਟਸਐਪ)
* * *
ਅੰਤਰ-ਆਤਮਾ
ਡਾ. ਗੁਰਤੇਜ ਸਿੰਘ
ਅੱਜ ਉਸ ਦਾ ਬਿੰਬ ਥੋੜ੍ਹਾ ਅਲੱਗ ਜਿਹਾ ਜਾਪਦਾ ਸੀ ਜਿਵੇਂ ਉਹ ਇੱਕ ਨਹੀਂ ਦੋ ਜਣੇ ਹੋਣ। ਸ਼ੀਸ਼ੇ ਵਿਚਲੇ ਬਿੰਬ ਦੇ ਚਿਹਰੇ ’ਤੇ ਗੰਭੀਰ ਹਾਵ-ਭਾਵ ਹੋਣ ਦੇ ਬਾਵਜੂਦ ਹਲਕੀ ਮੁਸਕੁਰਾਹਟ ਉੱਭਰ ਰਹੀ ਸੀ। ‘ਕਿਉਂ ਬਈ ਉਸਤਾਦ! ਕਿਵੇਂ ਲੰਘ ਰਹੇ ਨੇ ਤੇਰੇ ਕਾਲਜ ਦੇ ਦਿਨ। ਕੁੜੀਆਂ ਅੱਗੇ ਤਾਂ ਤੇਰੀ ਬੜੀ ਟੌਹਰ ਐ। ਅੱਜਕੱਲ੍ਹ ਤਾਂ ਰੋਜ਼ਾਨਾ ਬੰਕ ਮਾਰ ਕੇ ਗੇੜੀਆਂ ਮਾਰਦੈਂ। ਕਾਲਜ ਆਉਣ ਦਾ ਮਕਸਦ ਵੀ ਭੁਲਾਈ ਬੈਠਾ ਏਂ ਯਾਰ ਤੂੰ ਤਾਂ।’ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਸੋਚਣ ਤੋਂ ਪਹਿਲਾਂ ਹੀ ਬਿੰਬ ਨੇ ਦੁਬਾਰਾ ਰਫ਼ਤਾਰ ਫੜ ਲਈ, ‘ਕਿਉਂ ਪਾਗ਼ਲ ਹੋਇਐਂ ਯਾਰ! ਆਪਣੇ ਘਰ ਦੇ ਹਾਲਾਤ ਦੇਖ, ਕੌਣ ਸੁਧਾਰੂ ਉਨ੍ਹਾਂ ਨੂੰ? ਤੇਰੇ ਬਾਪ ਦੇ ਹੱਡ ਖੇਤਾਂ ’ਚ ਰੁਲ ਜਾਣੇ ਐ। ਬੜੀ ਤਕਲੀਫ਼ ਹੁੰਦੀ ਹੈ ਜਦ ਉਹ ਤੇਰੀ ਫੀਸ ਤੇ ਘਰ ਦੇ ਖਰਚੇ ਲਈ ਪੈਸਿਆਂ ਖ਼ਾਤਰ ਸ਼ਾਹੂਕਾਰ ਦੇ ਪੈਰ ਫੜਦਾ ਏ।’ ਉਸ ਨੇ ਮਨ ਵਿੱਚ ਹੀ ਜਵਾਬ ਦਿੱਤਾ, ‘ਥੋਨੂੰ ਕੋਈ ਗਲਤਫ਼ਹਿਮੀ ਹੋਈ ਹੈ ਬਾਈ ਜੀ! ਮੈਂ ਅਜਿਹਾ ਬਿਲਕੁਲ ਨਹੀ ਹਾਂ।’ ‘ਉਏ ਕਿਉਂ ਝੂਠ ਬੋਲ ਰਿਹਾ ਹੈਂ ਤੇ ਉਹ ਵੀ ਕਿਸ ਨੂੰ? ਮੈਂ ਤੇਰਾ ਬਿੰਬ ਹੀ ਤਾਂ ਬੋਲ ਰਿਹਾ ਹਾਂ। ਆਪਣੇ ਆਪ ਨੂੰ ਸੰਭਾਲ ਲੈ ਵੀਰੇ, ਕਿਸੇ ਨੇ ਕੁਝ ਨਹੀਂ ਦੇਣਾ। ਜਿਨ੍ਹਾਂ ਪਿੱਛੇ ਤੂੰ ਪਾਗਲ ਹੋਇਆ ਫਿਰਦੈਂ ਉਹੀ ਕੱਲ੍ਹ ਨੂੰ ਤੇਰਾ ਮਜ਼ਾਕ ਉਡਾਉਣਗੇ। ਕੁਝ ਬਣ ਕੇ, ਕੁਝ ਚੰਗਾ ਕਰਕੇ ਵਿਖਾ ਤਾਂ ਸਹੀ, ਜ਼ਮਾਨਾ ਤੈਨੂੰ ਆਪਣਾ ਬਣਾਉਣ ਲਈ ਤੇਰੇ ਪਿੱਛੇ ਫਿਰੂ।’ ਬਿੰਬ ਦੀਆਂ ਗੰਭੀਰ ਚੋਟਾਂ ਨੇ ਉਸ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਉਸਦੇ ਪਸੀਨੇ ਛੁਡਾ ਦਿੱਤੇ।
ਸੰਪਰਕ: 95173-96001