ਮੰਡੀ ਤਬਦੀਲ ਕਰਨ ਤੋਂ ਭੜਕੇ ਵਿਕਰੇਤਾਵਾਂ ਨੇ ਸਬਜ਼ੀਆਂ ਖਿਲਾਰੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
ਸਥਾਨਕ ਸ਼ਹਿਰ ਦੇ ਰਾਘੋ ਮਾਜਰਾ ਸਥਿਤ ਪੁਰਾਣੀ ਸਬਜ਼ੀ ਮੰਡੀ ਵਿਚਲੇ ਦੁਕਾਨਦਾਰਾਂ ਤੇ ਸਬਜ਼ੀ ਵਿਕਰੇਤਾਵਾਂ ਨੂੰ ਕੁਝ ਸਾਲ ਪਹਿਲਾਂ ਹੀ ਸਨੌਰ ਰੋਡ ਸਥਿਤ ਬਣੀ ਨਵੀਂ ਸਬਜ਼ੀ ਮੰਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਰਾਘੋਮਾਜਰਾ ਵਿਚਲੀ ਇਸ ਪੁਰਾਣੀ ਸਬਜ਼ੀ ਮੰਡੀ ਵਿੱਚ ਅਜੇ ਵੀ ਸੈਂਕੜੇ ਸਬਜ਼ੀ ਵਿਕਰੇਤਾ ਰੇਹੜੀ ਫੜ੍ਹੀ ਰਾਹੀਂ ਸਬਜ਼ੀ ਵੇਚਣ ਦਾ ਕਾਰੋਬਾਰ ਕਰ ਰਹੇ ਹਨ ਪਰ ਨਗਰ ਨਿਗਮ ਵੱਲੋਂ ਇਨ੍ਹਾਂ ਲਈ ਘਲੋੜੀ ਗੇਟ ਵਿੱਚ ਰੇਹੜੀ ਮਾਰਕੀਟ ਨੁਮਾ ਮਿੰਨੀ ਸਬਜ਼ੀ ਮੰਡੀ ਸਥਾਪਤ ਕੀਤੀ ਹੈ। ਇਸ ਤਹਿਤ ਇਨ੍ਹਾਂ ਨੂੰ ਉੱਥੇ ਤਬਦੀਲ ਹੋਣ ’ਤੇ ਜ਼ੋਰ ਪਾਇਆ ਜਾ ਰਿਹਾ ਹੈ। ਇਸ ਦਾ ਵਿਰੋਧ ਕਰਦਿਆਂ, ਫੜੀ ਰੇਹੜੀ ਵਾਲ਼ੇ ਸਬਜ਼ੀ ਵਿਕਰੇਤਾਵਾਂ ਨੇ ਨਿਗਮ ਦੇ ਇਸ ਫੈਸਲੇ ਦੇ ਖ਼ਿਲਾਫ਼ ਅੱਜ ਇੱਥੇ ਸਬਜ਼ੀ ਮੰਡੀ ਵਿੱਚ ਧਰਨਾ ਅਤੇ ਰੋਸ ਮਾਰਚ ਦੌਰਾਨ ਸੜਕ ‘ਤੇ ਹਰੀਆਂ ਸਬਜ਼ੀਆਂ ਸੁੱਟ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਮੌਂਟੀ, ਬਿੰਦਰ ਸਿੰੰਘ ਨਿੱਕੂ, ਜਗੀਰ ਸਿੰਘ, ਰਾਜੇ ਕੁਮਾਰ ਪਿਆਰਾ, ਰਾਜ ਕੁਮਾਰ ਚਾਹਲ ਅਤੇ ਮਨਜੀਤ ਸਿੰਘ ਸਮੇਤ ਕਈ ਹੋਰ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਸੀ ਕਿ ਉਹ ਇੱਥੇ ਵਰ੍ਹਿਆਂ ਤੋਂ ਰੇਹੜੀ ਫੜ੍ਹੀ ਲਾ ਕੇ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਆ ਰਹੇ ਹਨ ਪਰ ਹੁਣ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਇੱਥੋਂ ਕਥਿਤ ਰੂਪ ਵਿੱਚ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਥਾਂ ਢੁਕਵੇਂ ਪ੍ਰਬੰਧ ਨਹੀਂ ਹਨ। ਬਾਅਦ ’ਚ ਇਸ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮਿਲ ਕੇ ਮੰਗ ਪੱਤਰ ਦਿੰਦਿਆਂ, ਇਥੋਂ ਤਬਦੀਲ ਨਾ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਕਰੋਨਾ ਸਬੰਧੀ ਸਰਕਾਰ ਵੱਲੋਂ ਲਾਜ਼ਮੀ ਕਰਾਰ ਦਿੱਤੀ ਗਈ ਸਰੀਰਕ ਫਾਸਲਾ ਅਤੇ ਕੁਝ ਹੋਰ ਸਾਵਧਾਨੀਆਂ ਨਾ ਵਰਤ ਕੇ ਨਿਯਮਾਂ ਦਾ ਉੁਲੰਘਣ ਕਰਨ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਕਈ ਸਬਜ਼ੀ ਵਿਕਰੇਤਾਵਾਂ ਦੇ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ ਦੋ ਦੇ ਐਸ.ਐਚ.ਓ ਸਾਹਿਬ ਸਿੰਘ ਵਿਰਕ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।
600 ਨੂੰ ਵੈਂਡਰ ਕੀਤੇ ਜਾਣਗੇ ਰੇਹੜੀ ਮਾਰਕੀਟ ਵਿੱਚ ਤਬਦੀਲ
ਸ਼ਹਿਰ ਦੀ ਟਰੈਫ਼ਿਕ ਵਿਵਸਥਾ ਨੂੰ ਸੁਧਾਰਨ ਅਤੇ ਸ਼ਹਿਰ ਦੇ ਬਾਜ਼ਾਰਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਲਈ, ਨਗਰ ਨਿਗਮ ਵੱਲੋਂ ਜਲਦੀ ਹੀ ਵੈਂਡਰ ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਤਹਿਤ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਚੌਕ ਨੇੜੇ ਜ਼ਮੀਨ ਸਮੇਤ 30 ਕਰੋੜ ਦੀ ਲਾਗਤ ਨਾਲ 600 ਰੇਹੜੀਆਂ ਵਾਸਤੇ ਰੇਹੜੀ ਮਾਰਕੀਟ ਬਣਾਈ ਹੈ। 28 ਥਾਂਵਾਂ ਨੂੰ ਵੈਂਡਰ ਨੀਤੀ ਵਿਚ ਅਤੇ 28 ਸਥਾਨ ਨਾਨ ਵੈਂਡਰ ਜ਼ੋਨਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਇਹ ਜਾਣਕਾਰੀ ਨਿਗਮ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਰਾਹੀਂ ਕਮਿਸ਼ਨਰ ਪੂਨਮਦੀਪ ਕੌਰ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਨੀਤੀ ਨੂੰ ਲਾਗੂ ਕਰਨ ਲਈ, ਗੈਰ-ਵੈਂਡਰ ਜ਼ੋਨ ਤੋਂ ਰੇਹੜੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੁਲਾਰੇ ਦਾ ਕਹਿਣਾ ਸੀ ਕਿ ਮੰਗ ਪੱਤਰ ਦੇਣ ਆਏ ਰਾਘੋਮਾਜਰਾ ਖੇਤਰ ਦੇ ਰੇਹੜੀ ਵਾਲਿਆਂ ਵੱਲੋਂ ਵੈਂਡਰ ਨੀਤੀ ਨੂੰ ਕੁਝ ਹੋਰ ਸਮਾਂ ਲਾਗੂ ਨਾ ਕਰਨ ਦੀ ਮੰਗ ਮੰਨਣ ਨੂੰ ਨਿਗਮ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੇਅਰ ਸੰਜੀਵ ਬਿੱਟੂ ਦਾ ਕਹਿਣਾ ਹੈ ਕਿ ਨਿਗਮ ਦੇ ਅਧਿਕਾਰ ਖੇਤਰ ਵਿਚਲੇ 4025 ਵੈਂਡਰਾਂ ਵਿਚੋਂ 2076 ਮੋਬਾਈਲ ਵੈਂਡਰ ਦੇ ਅਧੀਨ ਹਨ, ਜੋ ਤੁਰ ਫਿਰ ਕੇ ਸਾਮਾਨ ਵੇਚਦੇ ਹਨ। ਬਾਕੀ 1949 ਬੈਂਡਰਾਂ ਵਿਚੋਂ, 940 ਨੂੰ ਪਛਾਣ ਪੱਤਰ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ 600 ਨੂੰ ਨਵੀਂ ਬਣੀ ਰੇਹੜੀ ਮਾਰਕੀਟ ਵਿੱਚ ਭੇਜਿਆ ਜਾਵੇਗਾ।