For the best experience, open
https://m.punjabitribuneonline.com
on your mobile browser.
Advertisement

ਮਾਡਲ ਬਣਿਆ ਸਾਡਾ ਪਿੰਡ

12:31 PM Jan 23, 2023 IST
ਮਾਡਲ ਬਣਿਆ ਸਾਡਾ ਪਿੰਡ
Advertisement

ਸੁਪਿੰਦਰ ਸਿੰਘ ਰਾਣਾ

Advertisement

‘ਚਲੋ ਅੱਜ ਬੱਸ ਵਿੱਚ ਸੈਕਟਰ 17 ਚੱਲਦੇ ਹਾਂ।’ ਇੰਨਾ ਕਹਿੰਦਿਆਂ ਹੀ ਅਸੀਂ ਚਾਰਾਂ ਦੋਸਤਾਂ ਨੇ ਇੱਕ ਦੂਜੇ ਵੱਲੇ ਦੇਖਿਆ ਤੇ ਹਾਮੀ ਭਰ ਦਿੱਤੀ। ਕਾਫ਼ੀ ਸਮੇਂ ਬਾਅਦ ਇਕੱਠੇ ਹੋਏ ਸਾਂ। ਦਰਅਸਲ, ਸਾਡੇ ਇੱਕ ਦੋਸਤ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿੱਚੋਂ ਚਾਰ ਕਮੀਜ਼ਾਂ ਲਈਆਂ ਸਨ। ਉਹ ਵੱਡੀਆਂ ਆ ਗਈਆਂ। ਅਸੀਂ ਸੋਚਿਆ, ਨਾਲੇ ਕਮੀਜ਼ਾਂ ਬਦਲ ਲਿਆਵਾਂਗੇ ਤੇ ਨਾਲ ਹੀ ਬੱਸ ਦੀ ਸਵਾਰੀ ਹੋ ਜਾਵੇਗੀ। ਪਿੰਡ ਪਲਸੌਰਾ ਵਿੱਚੋਂ ਕੱਚੇ ਰਾਹ ਨੂੰ ਹੋ ਕੇ ਅਸੀਂ ਤੁਰ ਕੇ ਸੈਕਟਰ ਚਾਲੀ ਦੇ ਬੱਸ ਸਟਾਪ ‘ਤੇ ਪਹੁੰਚ ਗਏ। ਦੋ ਚਾਰ ਮਿੰਟਾਂ ਮਗਰੋਂ ਹੀ ਨੀਵੇਂ ਫਰਸ਼ ਵਾਲੀ ਸੀਟੀਯੂ ਦੀ ਲਾਲ ਬੱਸ ਆ ਗਈ। ਸੀਟਾਂ ਖਾਲੀ ਦੇਖ ਅਸੀਂ ਝੱਟ ਦੇਣੇ ਬੈਠ ਗਏ। ਬਿਨਾਂ ਗੀਅਰਾਂ ਤੋਂ ਬੱਸ। ਬੱਸ ਤੁਰਨ ਲੱਗੀ ਹੀ ਆਵਾਜ਼ ਕਰਦੀ ਸੀ। ਮਗਰੋਂ ਪਤਾ ਨਹੀਂ ਲੱਗਦਾ ਸੀ ਕਿ ਬੱਸ ਸਟਾਰਟ ਵੀ ਹੈ ਜਾਂ ਨਹੀਂ। ਪਹਿਲਾਂ ਨਾਲੋਂ ਬੱਸਾਂ ਦਾ ਰੰਗ ਰੂਪ ਕਾਫ਼ੀ ਬਦਲ ਗਿਆ ਸੀ। ਪਹਿਲਾਂ ਵਾਂਗ ਖਿੜਕੀਆਂ ਵਿੱਚ ਲਟਕਣ ਵਾਲਾ ਦੌਰ ਖ਼ਤਮ ਹੋ ਗਿਆ ਜਾਪਦਾ ਸੀ। ਜਦੋਂ ਤੱਕ ਤਾਕੀ ਬੰਦ ਨਹੀਂ ਹੁੰਦੀ ਡਰਾਈਵਰ ਬੱਸ ਨਹੀਂ ਚਲਾਉਂਦਾ। ਖੁੱਲ੍ਹਦੀ ਵੀ ਡਰਾਈਵਰ ਦੇ ਬਟਨ ਦਬਾਉਣ ‘ਤੇ ਹੀ ਹੈ। ਨਹੀਂ ਤਾਂ ਕਈ ਨੌਜਵਾਨ ਖਿੜਕੀਆਂ ਵਿੱਚ ਲਟਕਦੇ ਹੀ ਦਿਖਾਈ ਦਿੰਦੇ ਸਨ।

ਖ਼ੈਰ! ਕੁਝ ਸਮੇਂ ਬਾਅਦ ਅਸੀਂ ਸੈਕਟਰ ਸਤਾਰਾਂ ਪਹੁੰਚ ਗਏ। ਬੱਸ ਅੱਡੇ ਤੋਂ ਨਿਕਲ ਕੇ ਸਟੇਡੀਅਮ ਕੋਲ ਨੂੰ ਹੁੰਦੇ ਹੋਏ ਨੀਲਮ ਸਿਨਮੇ ਕੋਲ ਜਾ ਨਿਕਲੇ। ਰਾਹ ਵਿੱਚ ਜੈ ਕੁਮਾਰ ਦੀ ਯਾਦ ਆ ਗਈ। ਉਸ ਦੀਆਂ ਗੱਲਾਂ ਸੁਣਨ ਲਈ ਕਾਫ਼ੀ ਲੋਕ ਇਕੱਠੇ ਹੋ ਜਾਂਦੇ ਸਨ। ਮਜ਼ਮਾ ਜਮਾਉਣ ਮਗਰੋਂ ਦੁਕਾਨਦਾਰ ਆਪਣਾ ਸੌਦਾ ਵੇਚਣ ਲਈ ਆ ਜਾਂਦਾ ਸੀ। ਜੈ ਕੁਮਾਰ ਹਰ ਰੋਜ਼ ਨਵੇਂ ਵਿਸ਼ੇ ‘ਤੇ ਗੱਲ ਕਰਦਾ ਸੀ। ਲੋਕਾਂ ਨੂੰ ਇਕੱਠੇ ਕਰਨ ਦਾ ਉਸ ਨੂੰ ਵਲ਼ ਆਉਂਦਾ ਸੀ। ਰਾਹ ਵਿੱਚ ਹੋਰ ਵੀ ਚੀਜ਼ਾਂ ਵੇਚਣ ਵਾਲੇ ਹੁੰਦੇ ਸਨ। ਸਭ ਤੋਂ ਜ਼ਿਆਦਾ ਭੀੜ ਜੈ ਕੁਮਾਰ ਕੋਲ ਹੀ ਹੁੰਦੀ ਸੀ। ਗੱਲਾਂ ਕਰਦੇ ਕਰਦੇ ਸਬੰਧਤ ਦੁਕਾਨ ਨੇੜੇ ਪਹੁੰਚ ਗਏ। ਦੁਕਾਨਦਾਰ ਵਾਕਫ਼ ਸੀ। ਦੋਸਤ ਦੇ ਆਖਣ ‘ਤੇ ਉਸ ਨੇ ਆਪਣੇ ਨੌਕਰ ਨੂੰ ਕਮੀਜ਼ਾਂ ਬਦਲਣ ਲਈ ਆਖ ਦਿੱਤਾ। ਚਾਰੋਂ ਕਮੀਜ਼ਾਂ ਬਦਲ ਲਈਆਂ। ਅਸੀਂ ਵੀ ਇੱਕ-ਇੱਕ ਕਮੀਜ਼ ਲੈ ਲਈ। ਦੁਕਾਨਦਾਰ ਨੇ ਚਾਹ ਮੰਗਵਾ ਲਈ।

ਗੱਲਾਂ ਕਰਦਿਆਂ ਕਰਦਿਆਂ ਅਸੀਂ ਪੈਸੇ ਵੀ ਕਟਾ ਦਿੱਤੇ। ਫਿਰ ਦੁਕਾਨਦਾਰ ਸਾਨੂੰ ਦੁਕਾਨ ਦੇ ਬਾਹਰ ਤੱਕ ਛੱਡਣ ਲਈ ਆਇਆ। ਉਹ ਆਖ ਰਿਹਾ ਸੀ ਕਿ ਹੁਣ ਪਹਿਲਾਂ ਵਾਲੀ ਗਾਹਕੀ ਵੀ ਨਹੀਂ ਰਹੀ। ਅਸੀਂ ਤਿੰਨ ਦਹਾਕੇ ਪਹਿਲਾਂ ਦੀਆਂ ਗੱਲਾਂ ਯਾਦ ਕਰਦੇ ਬੱਸ ਅੱਡੇ ਪਹੁੰਚ ਗਏ। ਬੱਸ ਫੜੀ। ਸੀਟਾਂ ‘ਤੇ ਬੈਠ ਗਏ। ਬੱਸ ਵਿੱਚ ਕਈ ਸੀਟਾਂ ਖਾਲੀ ਹੀ ਸਨ। ਕੰਡਕਟਰ ਨੂੰ ਪਲਸੌਰਾ ਦੀਆਂ ਚਾਰ ਟਿਕਟਾਂ ਦੇਣ ਲਈ ਕਿਹਾ। ਉਹ ਕਹਿਣ ਲੱਗਿਆ, ”ਪਲਸੌਰੇ ਤਾਂ ਬੱਸ ਖੜ੍ਹਦੀ ਨਹੀਂ। ਸੈਕਟਰ 56 ‘ਚ ਖੜੂਗੀ।” ਅਸੀਂ ਹੈਰਾਨ ਹੋ ਗਏ। ਸੋਚਿਆ, ਕਿਤੇ ਬੱਸ ਗਲਤ ਤਾਂ ਨਹੀਂ ਚੜ੍ਹ ਆਏ। ਫਿਰ ਪਤਾ ਲੱਗਿਆ ਕਿ ਬੱਸ ਨੰਬਰ ਤਾਂ ਸਹੀ ਸੀ। ਅਸੀਂ ਕਿਹਾ, ”ਯਾਰ ਹੁਣੇ ਦੋ ਘੰਟੇ ਪਹਿਲਾਂ ਤਾਂ ਅਸੀਂ ਇਸੇ ਨੰਬਰ ਦੀ ਬੱਸ ਵਿੱਚ ਚੜ੍ਹ ਕੇ ਸੈਕਟਰ ਸਤਾਰ੍ਹਾਂ ਦੇ ਬੱਸ ਅੱਡੇ ਆਏ ਸਾਂ। ਸਾਡੇ ਪਿੰਡ ਬੱਸ ਸਟਾਪ ਵੀ ਬਣਿਆ ਹੋਇਆ ਹੈ।” ਉਹ ਆਖਣ ਲੱਗਿਆ ਕਿ ਤੁਸੀਂ ਸੈਕਟਰ ਚਾਲੀ ਵਾਲੇ ਬੱਸ ਸਟਾਪ ਤੋਂ ਚੜ੍ਹੇ ਹੋਵੇਗੇ। ਅਸੀਂ ਆਖਿਆ, ”ਹਾਂ ਉਧਰੋਂ ਹੀ ਚੜ੍ਹੇ ਸੀ।” ਉਹ ਆਖਣ ਲੱਗਿਆ ਕਿ ਪਲਸੌਰੇ ਬੱਸ ਨਹੀਂ ਖੜ੍ਹਦੀ; ਜੇ ਬਹੁਤਾ ਕਹਿੰਦੇ ਹੋ ਤਾਂ ਤੁਹਾਨੂੰ ਉਥੇ ਉਤਾਰ ਦੇਵਾਂਗੇ। ਅਸੀਂ ਹੈਰਾਨ ਹੋ ਗਏ। ਮੈਂ ਸੋਚਣ ਲੱਗਿਆ ਕਿ ਰਾਹ ਵਿੱਚ ਆਉਣ ਜਾਣ ਵੇਲੇ ਕਿਸੇ ਸਵਾਰੀ ਨੇ ਕਿਸੇ ਪਿੰਡ ਦਾ ਨਾਮ ਨਹੀਂ ਲਿਆ। ਸਾਰੀਆਂ ਸਵਾਰੀਆਂ ਸੈਕਟਰਾਂ ਦਾ ਨੰਬਰ ਦੱਸ ਕੇ ਟਿਕਟਾਂ ਲੈ ਰਹੀਆਂ ਸੀ। ਅਸੀਂ ਹੀ ਪਿੰਡ ਦੀ ਟਿਕਟ ਮੰਗੀ। ਪਤਾ ਨਹੀਂ ਐਸੇ ਗੱਲੋਂ ਕੰਡਕਟਰ ਤੰਗ ਹੋ ਗਿਆ ਹੋਵੇ। ਇੱਕ ਦੋਸਤ ਨੇ ਦੱਸਿਆ ਕਿ ਹੁਣ ਤਾਂ ਕਈ ਸਾਲਾਂ ਤੋਂ ਨਾ ਪਿੰਡ ਨੂੰ ਬੱਸ ਆਉਂਦੀ ਹੈ ਤੇ ਨਾ ਹੀ ਜਾਂਦੀ ਹੈ। ਤਿੰਨ ਚਾਰ ਦਹਾਕੇ ਪਹਿਲਾਂ ਦੀ ਗੱਲ ਹੈ। ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੀ ਹਰ ਬੱਸ ਸਾਡੇ ਪਿੰਡ ਨੂੰ ਹੋ ਕੇ ਜਾਂਦੀ ਸੀ। ਪੁਰਾਣੀ ਰੋਪੜ ਰੋਡ ਨਾਲ ਇਹ ਸੜਕ ਮਸ਼ਹੂਰ ਸੀ। ਦਰਅਸਲ, ਪੰਜਾਬ ਦੀ ਰਾਜਧਾਨੀ ਵਿੱਚ ਵੜਨ ਤੋਂ ਪਹਿਲਾਂ ਸਾਡਾ ਪਿੰਡ ਆਉਂਦਾ ਸੀ। ਚੰਡੀਗੜ੍ਹ-ਪੰਜਾਬ ਦੀ ਹੱਦ ‘ਤੇ ਇਹ ਵਸਿਆ ਹੋਇਆ ਸੀ। ਇੱਕੋ ਸੜਕ ਹੋਇਆ ਕਰਦੀ ਸੀ ਚੰਡੀਗੜ੍ਹ ਆਉਣ ਲਈ। ਪਲਸੌਰਾ, ਬਡਹੇੜੀ, ਬੁਟਰੇਲਾ, ਅਟਾਵਾ ਅਤੇ ਬਜਵਾੜੇ ਚੌਕ ਨੂੰ ਹੁੰਦੀ ਹੋਈ ਇਹ ਸੜਕ ਸੈਕਟਰ ਸਤਾਰ੍ਹਾਂ ਜਾ ਪਹੁੰਚਦੀ ਸੀ। ਪਿੰਡ ਦੇ ਕਈ ਵਿਅਕਤੀ ਸੀਟੀਯੂ ਵਿੱਚ ਨੌਕਰੀ ਕਰਦੇ ਸਨ। ਇੱਕ ਦੋ ਪੰਜਾਬ ਰੋਡਵੇਜ਼ ਵਿੱਚ ਵੀ ਲੱਗੇ ਹੋਏ ਸਨ।

ਪ੍ਰਸ਼ਾਸਨ ਨੇ ਪਿੰਡ ਨੂੰ ਨਿਗਮ ਵਿੱਚ ਲੈਣ ਵੇਲੇ ਤਾਂ ਕਾਫ਼ੀ ਦਮਗਜ਼ੇ ਮਾਰੇ ਸੀ ਕਿ ਪਿੰਡ ਮਾਡਲ ਬਣ ਜਾਵੇਗਾ। ਸੈਕਟਰਾਂ ਵਰਗੀਆਂ ਸਹੂਲਤਾਂ ਮਿਲ ਜਾਣਗੀਆਂ ਪਰ ਹੋਣੀ ਕੁਝ ਹੋਰ ਹੀ ਬਿਆਨ ਕਰ ਰਹੀ ਸੀ। ਐਨੇ ਨੂੰ ਸਾਡੀ ਮੰਜ਼ਿਲ ਆ ਗਈ। ਬੱਸ ਵਿੱਚੋਂ ਉਤਰ ਕੇ ਅਸੀਂ ਕੱਚੇ ਰਾਹ ਨੂੰ ਤੁਰਦੇ ਹੋਏ ਪਿੰਡ ਨੇੜੇ ਪਹੁੰਚ ਗਏ। ਪਿੰਡ ਵਿੱਚ ਸ਼ਰਾਬ ਦੇ ਠੇਕੇ ਅੱਗੇ ਇੰਨੀਆਂ ਲਾਈਟਾਂ ਜਗ ਰਹੀਆਂ ਸੀ ਕਿ ਦਿਨ ਦਾ ਭੁਲੇਖਾ ਪੈਂਦਾ ਸੀ। ਸੋਚਦਾ ਜਾ ਰਿਹਾ ਸੀ ਕਿ ਪਹਿਲਾਂ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ, ਸਕੂਲ ਹੁੰਦਾ ਸੀ। ਹੁਣ ਸਕੂਲ ਬੰਦ ਹੋ ਗਿਆ ਪਰ ਠੇਕਾ ਖੁੱਲ੍ਹ ਗਿਆ। ਪਿੰਡ ਵਿੱਚ ਸੰਪਰਕ ਸੈਂਟਰ ਖੁੱਲ੍ਹਿਆ ਸੀ, ਉਹ ਵੀ ਬੰਦ ਹੋ ਗਿਆ। ਡਿਸਪੈਂਸਰੀ ਸੀ, ਉਹ ਵੀ ਬੰਦ ਹੋ ਗਈ। ਪ੍ਰਸ਼ਾਸਨ ਨੇ ਕੌਡੀਆਂ ਦੇ ਭਾਅ ਪਿੰਡ ਦੀ ਜ਼ਮੀਨ ਲੈ ਲਈ। ਪਿੰਡ ਦੀ ਉਪਜਾਊ ਜ਼ਮੀਨ ਵਿੱਚ ਸੈਕਟਰ 56 ਤੇ 55 ਵਸਾ ਦਿੱਤੇ। ਇਨ੍ਹਾਂ ਸੈਕਟਰਾਂ ਨੂੰ ਐੱਮਸੀ ਦੀਆਂ ਵੋਟਾਂ ਵੇਲੇ ਪਿੰਡ ਨਾਲ ਜੋੜ ਦਿੱਤਾ ਹੈ। ਹੁਣ ਪਿੰਡ ਵਾਲੇ ਭਾਵੇਂ ਸਾਰੇ ਇੱਕ ਬੰਦੇ ਨੂੰ ਵੋਟਾਂ ਪਾ ਦੇਣ ਤਾਂ ਵੀ ਉਹ ਮਿਉਂਸਿਪਲ ਕੌਂਸਲਰ ਨਹੀਂ ਬਣ ਸਕਦਾ ਕਿਉਂਕਿ ਪਿੰਡ ਨਾਲੋੋਂ ਸੈਕਟਰਾਂ ਦੀ ਵੋਟ ਦੁੱਗਣੀ ਤੋਂ ਵੱਧ ਹੈ। ਸੋਚਦਾ ਹਾਂ, ਜੇ ਇਸੇ ਨੂੰ ਮਾਡਲ ਪਿੰਡ ਕਹਿੰਦੇ ਨੇ ਤਾਂ ਸਾਡਾ ਪਹਿਲਾਂ ਵਾਲਾ ਹੀ ਪਿੰਡ ਠੀਕ ਸੀ।

ਸੰਪਰਕ: 98152-33232

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×