For the best experience, open
https://m.punjabitribuneonline.com
on your mobile browser.
Advertisement

ਚਾਨਣ ਵਿਹੂਣੇ ਦੀਵੇ

06:18 AM Apr 27, 2024 IST
ਚਾਨਣ ਵਿਹੂਣੇ ਦੀਵੇ
Advertisement

ਗੁਰਦੀਪ ਢੁੱਡੀ

Advertisement

ਜਿਵੇਂ ਹੀ ਅਧਿਆਪਨ ਕੋਰਸ ਦਾ ਨਤੀਜਾ ਆਇਆ, ਅਸੀਂ ਚਾਰਾਂ ਜਮਾਤੀਆਂ ਨੇ ਰੁਜ਼ਗਾਰ ਦਫ਼ਤਰ ਵੱਲ ਰੁਖ਼ ਕਰ ਲਿਆ ਤੇ ਅਧਿਆਪਕਾਂ ਦੀਆਂ ਅਸਾਮੀਆਂ ਵਾਸਤੇ ਨਾਮ ਦਰਜ ਕਰਾਉਣ ਲਈ ਲੋੜੀਂਦੀ ਕਾਰਵਾਈ ਬਾਰੇ ਕਰਮਚਾਰੀ ਨੂੰ ਪੁੱਛਿਆ। ਕਰਮਚਾਰੀ ਨੇ ਆਖਿਆ, “ਤੁਸੀਂ ਆਪਣੇ ਪ੍ਰਿੰਸੀਪਲ ਤੋਂ ਆਪਣੇ ਪਾਸ ਹੋਣ ਬਾਰੇ ਲਿਖਵਾ ਕੇ ਲਿਆਵੋ, ਤੁਹਾਨੂੰ ਇੰਟਰਵਿਊ ਕਾਰਡ ਦੇਈਏ।” ਪਿਆਸੇ ਨੂੰ ਪਾਣੀ ਦਾ ਭਰਿਆ ਦਰਿਆ ਦਿਸਣ ਵਾਂਗ ਮਹਿਸੂਸ ਹੋਇਆ ਅਤੇ ਅਸੀਂ ਪੱਬਾਂ ਭਾਰ ਕਾਲਜ ਪਹੁੰਚ ਗਏ।
“ਜੀ ਸਾਨੂੰ ਪਾਸ ਹੋਣ ਦਾ ਸਰਟੀਫ਼ਿਕੇਟ ਬਣਾ ਦੇਵੋ। ਰੁਜ਼ਗਾਰ ਦਫ਼ਤਰ ਵਾਲਿਆਂ ਨੇ ਮੰਗਿਆ।” ਦਫ਼ਤਰ ਜਾ ਕੇ ਬਾਬੂ ਜੀ ਨੂੰ ਬੇਨਤੀ ਕੀਤੀ। “ਪਰ ਪ੍ਰਿੰਸੀਪਲ ਸਾਹਿਬ ਤਾਂ ਚਲੇ ਗਏ ਅੰਮ੍ਰਿਤਸਰ ਨੂੰ”। ਬਾਬੂ ਨੇ ਖਚਰੀ ਜਿਹੀ ਮੁਸਕਾਨ ਆਪਣੇ ਬੁੱਲ੍ਹਾਂ ’ਤੇ ਲਿਆਉਂਦਿਆਂ ਕਤਰੀਆਂ ਹੋਈਆਂ ਮੁੱਛਾਂ ’ਤੇ ਹੱਥ ਫੇਰਦਿਆਂ ਆਖਿਆ। ਰੁਜ਼ਗਾਰ ਸਬੰਧੀ ਉਸ ਸਮੇਂ ਅਜਿਹੇ ਹਾਲਾਤ ਸਨ ਕਿ ਅਰਥ ਸ਼ਾਸਤਰ ਦੇ ‘ਮੰਗ ਤੇ ਪੂਰਤੀ’ ਦੇ ਸਿਧਾਂਤ ਵਾਂਗ ਸਾਨੂੰ ਵਿਹਲੇ ਨਹੀਂ ਰਹਿਣਾ ਪਿਆ। ਸਾਡੀ ਆਰਜ਼ੀ ਨਿਯੁਕਤੀ ਕੋਰਸ ਕਰਦਿਆਂ ਸਾਰ ਹੋ ਗਈ; ਬਾਅਦ ਵਿਚ ਥੋੜ੍ਹੇ ਜਿਹੇ ਸੰਘਰਸ਼ ਮਗਰੋਂ ਸਰਕਾਰ ਨੇ ਨੀਤੀ ਬਣਾ ਕੇ ਸਾਨੂੰ ਰੈਗੂਲਰ ਕਰ ਦਿੱਤਾ। ਮੇਰੀ ਨਿਯੁਕਤੀ ਸਕੂਲ ਦੇ ਮੁੱਖ ਅਧਿਆਪਕ ਦੁਆਰਾ ਕੀਤੀ ਗਈ ਸੀ ਅਤੇ ਫਿਰ ਰੈਗੂਲਰ ਕਰਮਚਾਰੀ ਦੇ ਆਉਣ ਤੇ ਛੇ-ਸੱਤ ਮਹੀਨਿਆਂ ਦੇ ਵਕਫ਼ੇ ਵਿਚ ਤੀਜੇ ਸਕੂਲ ਵਿਚ ਹਾਜ਼ਰ ਹੋਇਆ ਸਾਂ। ਇਹ ਮਿਡਲ ਸਕੂਲ ਸੀ; ਪ੍ਰਾਇਮਰੀ ਦੇ ਅਧਿਆਪਕਾਂ ਸਮੇਤ 11 ਅਧਿਆਪਕ ਸਨ।
ਮਿਡਲ ਵਿਭਾਗ ਦੇ ਅਧਿਆਪਕ ਓਮ ਪ੍ਰਕਾਸ਼ ਦੀ ਸ਼ਖ਼ਸੀਅਤ ਮੈਨੂੰ ਬਹੁਤ ਅਜੀਬ ਮਹਿਸੂਸ ਹੋਈ। ਲੰਬੂਤਰੇ ਜਿਹੇ ਸਿਰ ਦੇ ਲੰਮੇ ਵਾਲ ਲੋੜੋਂ ਜਿ਼ਆਦਾ ਤੇਲ ਨਾਲ ਉਹ ਚੋਪੜ ਕੇ ਰੱਖਦਾ। ਅੱਖਾਂ ’ਤੇ ਵੱਡੀਆਂ ਰੰਗਦਾਰ ਐਨਕਾਂ ਜਿਨ੍ਹਾਂ ’ਤੇ ਧੱਬੇ ਜਿਹੇ ਆਮ ਹੀ ਦਿਸਦੇ। ਕਰੇੜੇ ਵਾਲੇ ਵਿਰਲੇ ਦੰਦ। ਗੂੜ੍ਹੇ ਰੰਗ ਦੀ ਧਾਰੀਆਂ ਵਾਲੀ ਕਮੀਜ਼ ਅਤੇ ਖੁੱਲ੍ਹੀ ਪੈਂਟ ਪਾ ਕੇ ਬੜਾ ਓਪਰਾ ਜਿਹਾ ਲੱਗਦਾ। ਗਰਮੀਆਂ ਵਿਚ ਉਹ ਕਾਲ਼ੇ ਰੰਗ ਦੇ ਸੈਂਡਲ ਪਾਉਂਦਾ ਜਿਨ੍ਹਾਂ ਵਿਚੋਂ ਪੈਰਾਂ ਦੀਆਂ ਪਾਟੀਆਂ ਬਿਆਈਆਂ ਉਸ ਦੀ ਸ਼ਖ਼ਸੀਅਤ ਵਰਗੀਆਂ ਹੀ ਜਾਪਦੀਆਂ। ਉਸ ਦੀ ਆਮ ਬੋਲ-ਚਾਲ ਵਿਚੋਂ ਜਾਤ-ਪਾਤ ਦੀ ਗਿੱਲੀ ਰੂੜੀ ਵਰਗੀ ਆਉਂਦੀ ਬੂਅ ਤੋਂ ਮੈਨੂੰ ਕਚਿਆਣ ਜਿਹੀ ਆਉਂਦੀ। ਤੋਰ ਉਸ ਦੀ ਓਭੜ-ਖ਼ਾਭੜ ਥਾਂ ’ਤੇ ਤੁਰਨ ਵਾਲੇ ਬੰਦੇ ਵਰਗੀ ਸੀ। ਥੋੜ੍ਹੇ ਚਿਰ ਬਾਅਦ ਪਤਾ ਲੱਗਿਆ ਕਿ ਉਹਦਾ ਪਰਿਵਾਰਕ ਜੀਵਨ ਵੀ ਰੇਤ ਦੇ ਟਿੱਬੇ ’ਤੇ ਪਈ ਡੰਡੀ ਵਰਗਾ ਸੀ।
ਉਨ੍ਹੀਂ ਦਿਨੀਂ ਦਫ਼ਤਰ ਦਾ ਸਾਰਾ ਕੰਮ ਹੱਥੀਂ ਹੀ ਹੁੰਦਾ ਸੀ। ਮਿਡਲ ਸਕੂਲਾਂ ਦੀਆਂ ਡੀਡੀਓ ਪਾਵਰਾਂ (ਤਨਖਾਹ ਕਢਾਉਣ ਅਤੇ ਵੰਡਣ ਦੀਆਂ ਸ਼ਕਤੀਆਂ) ਜ਼ਿਲ੍ਹਾ ਸਿੱਖਿਆ ਦਫ਼ਤਰ ਕੋਲ ਹੁੰਦੀਆਂ ਸਨ। ਅਧਿਆਪਕਾਂ ਦੀ ਤਨਖਾਹ ਦੇ ਬਿੱਲ ਸਕੂਲ ਮੁਖੀ ਦੁਆਰਾ ਸਾਦਾ ਕਾਗਜ਼ ’ਤੇ ਬਣਾ ਕੇ ਦਫ਼ਤਰ ਭੇਜੇ ਜਾਂਦੇ। ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫ਼ੇ ਦੇ ਬਿੱਲ ਬਕਾਇਦਾ ਨਿਰਧਾਰਤ ਪ੍ਰੋਫਾਰਮਿਆਂ ’ਤੇ ਤਿਆਰ ਕਰ ਕੇ ਦਫ਼ਤਰ ਨੂੰ ਭੇਜਣੇ ਹੁੰਦੇ ਸਨ। ਇਹ ਦਫ਼ਤਰੀ ਕੰਮ ਆਮ ਨਾਲੋਂ ਵਧੇਰੇ ਮਿਹਨਤ ਅਤੇ ਧਿਆਨ ਦੀ ਮੰਗ ਕਰਦਾ ਸੀ।
ਇਕ ਦਿਨ ਸਕੂਲ ਮੁਖੀ ਨੇ ਸਕੂਲ ਦੇ ਕੰਮਾਂ ਦੀ ਵੰਡ ਵਾਸਤੇ ਸਾਰੇ ਅਧਿਆਪਕਾਂ ਦੀ ਮੀਟਿੰਗ ਬੁਲਾਈ। ਮੀਟਿੰਗ ਦੇ ਅਖੀਰ ’ਤੇ ਵਜ਼ੀਫ਼ੇ ਦੇ ਬਿੱਲ ਬਣਾਉਣ ਅਤੇ ਭੇਜਣ ਦੀ ਵਾਰੀ ਆਈ ਤਾਂ ਇਸ ਦਾ ਠੁਣਾ ਓਮ ਪ੍ਰਕਾਸ਼ ’ਤੇ ਆਣ ਭੱਜਿਆ। ਓਮ ਪ੍ਰਕਾਸ਼ ਤਾਂ ਜਮਾਤ ਵਿਚ ਜਾ ਕੇ ਪੀਰੀਅਡ ਲਾਉਣ ਨੂੰ ਵੀ ਬੋਝ ਮੰਨਦਾ ਸੀ; ਵਜ਼ੀਫ਼ੇ ਦੇ ਬਿੱਲਾਂ ਨੂੰ ਤਾਂ ਉਹ ਬਹੁਤ ਹੀ ਹੇਠਲੇ ਦਰਜੇ ਦਾ ਕੰਮ ਸਮਝਦਾ ਸੀ। “ਬਰਾੜ ਸਾਹਿਬ, ਵਜ਼ੀਫ਼ੇ ਦਾ ਕੰਮ ਮਲਕੀਤ ਸਿਹੁੰ ਨੂੰ ਦੇਵੋ। ਨਾਲੇ ਇਹ ਤਾਂ ਆਪ ਵੀ ਵਜ਼ੀਫ਼ਾ ਲੈਂਦਾ ਰਿਹਾ ਹੈ, ਸੌਖਿਆਂ ਹੀ ਇਹ ਕੰਮ ਕਰ ਲਵੇਗਾ।” ਓਮ ਪ੍ਰਕਾਸ਼ ਨੇ ਦੰਦ ਘੁੱਟ ਕੇ ਨੱਪਦਿਆਂ ਸਕੂਲ ਮੁਖੀ ਵੱਲ ਟੇਢੀ ਅੱਖ ਨਾਲ ਝਾਕਦਿਆਂ ਆਖਿਆ। ਓਮ ਪ੍ਰਕਾਸ਼ ਦੇ ਕਹਿਣ ਦਾ ਅੰਦਾਜ਼ ਕੁਝ ਇਸ ਤਰ੍ਹਾਂ ਦਾ ਸੀ ਕਿ ਮੀਟਿੰਗ ਵਿਚ ਇਕਦਮ ਸੰਨਾਟਾ ਜਿਹਾ ਛਾ ਗਿਆ। “ਤੂੰ ਬੋਲਦੈਂ ਕਿਵੇਂ ਉਏ? ਤੈਨੂੰ...।” ਮਲਕੀਤ ਸਿੰਘ ਅੰਦਰੋਂ ਲਾਵਾ ਫੁੱਟਣ ਵਾਂਗ ਹੋ ਗਿਆ। ਉਸ ਦੀਆਂ ਕਾਲੀਆਂ ਤੇ ਉਤਾਂਹ ਨੂੰ ਖੜ੍ਹੀਆਂ ਕੀਤੀਆਂ ਮੁੱਛਾਂ ਫ਼ਰਕਣ ਲੱਗੀਆਂ; ਹੱਥ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਉਹ ਹੁਣੇ ਹੀ ਓਮ ਪ੍ਰਕਾਸ਼ ਦੇ ਗਲ਼ਵੇਂ ਨੂੰ ਹੱਥ ਪਾ ਲਵੇਗਾ। ਖ਼ੈਰ, ਮੁੱਖ ਅਧਿਆਪਕ ਨੇ ਮਲਕੀਤ ਸਿੰਘ ਨੂੰ ਸ਼ਾਂਤ ਕੀਤਾ ਅਤੇ ਵਜ਼ੀਫ਼ੇ ਵਾਲਾ ਕੰਮ ਵੰਡੇ ਬਗੈਰ ਹੀ ਮੀਟਿੰਗ ਸਮਾਪਤ ਕਰ ਦਿੱਤੀ।
ਲੰਮਾ ਸਮਾਂ ਅਧਿਆਪਨ ਕਾਰਜ ਤੋਂ ਬਾਅਦ ਸੇਵਾ ਮੁਕਤ ਹੋਇਆ ਹਾਂ। ਆਪਣੇ ਸੇਵਾ ਕਾਲ ਦੇ ਉਪਰਲੇ ਸਮੇਂ ਤੋਂ ਲੈ ਕੇ ਸੇਵਾ ਮੁਕਤੀ ਤੱਕ ਇਸ ਤਰ੍ਹਾਂ ਦਾ ਅਹਿਸਾਸ ਗਾਹੇ-ਬਗਾਹੇ ਹੁੰਦਾ ਰਿਹਾ ਜਦੋਂ ਅਧਿਆਪਕਾਂ ਵਿਚ ਜਾਤ-ਪਾਤ ਉੱਭਰਵੇਂ ਰੂਪ ਵਿਚ ਦੇਖਣ ਨੂੰ ਮਿਲਦੀ ਰਹੀ। ਸੋਚਿਆ ਜਾਵੇ ਤਾਂ ਜਿਨ੍ਹਾਂ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਕੁਹਜ ਦੂਰ ਕਰਨ ਦੀ ਸਿੱਖਿਆ ਦੇਣੀ ਹੁੰਦੀ ਹੈ, ਜੇ ਉਹ ਆਪ ਹੀ ਸਮਾਜਿਕ ਕੁਹਜ ਦੀਆਂ ਪੰਡਾਂ ਬੰਨ੍ਹੀ ਫਿਰਦੇ ਹੋਣਗੇ, ਉਹ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਹੋਣਗੇ? ਇਨ੍ਹਾਂ ਅਧਿਆਪਕਾਂ ਨੂੰ ਦੇਖ ਕੇ ਮੈਨੂੰ ਦੀਵੇ ਥੱਲੇ ਹਨੇਰੇ ਵਾਲੇ ਮੁਹਾਵਰੇ ਦਾ ਸੱਚ ਪਤਾ ਲੱਗਿਆ। ਇਸ ਸਮਾਜਿਕ ਕੁਹਜ ਨੂੰ ਵਿਚਾਰਧਾਰਾਈ ਅਧਿਆਪਕ ਹੀ ਦੂਰ ਕਰ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਸਮਾਜਿਕ ਤਾਣੇ-ਬਾਣੇ ਨੇ ਲੋਕਾਂ ਵਿਚ ਅਗਾਂਹਵਧੂ ਵਿਚਾਰਾਂ ਦੀ ਥਾਂ ਪਿਛਾਂਹਖਿਚੂ ਵਿਚਾਰਾਂ ਨੂੰ ਹਵਾ ਦਿੱਤੀ ਹੋਈ ਹੈ ਅਤੇ ਅਸੀਂ ਹਰ ਪਲ ਦੋ ਕਦਮ ਪਿਛਾਂਹ ਵੱਲ ਤੁਰਦੇ ਰਹਿੰਦੇ ਹਾਂ।
ਸੰਪਰਕ: 95010-20731

Advertisement
Author Image

joginder kumar

View all posts

Advertisement
Advertisement
×