ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਡਾ ਮਹਾਂ ਗਾਰੰਟੀ ਪੱਤਰ

08:02 AM May 19, 2024 IST

ਲਖਵਿੰਦਰ ਸਿੰਘ ਰਈਆ

ਸਰਕਾਰਾਂ ਬਣਦੀਆਂ ਆ ਰਹੀਆਂ ਹਨ ਤੇ ਬਣਦੀਆਂ ਰਹਿਣਗੀਆਂ। ‘ਥੱਲੇ ਉਤਰ ਕਾਟੋ ਹੁਣ ਸਾਡੀ ਵਾਰੀ’ ਅਨੁਸਾਰ ਸਾਡੇ ਉੱਤੇ ਵੀ ਝੰਡੀ ਵਾਲੀ ਗੱਡੀ ਵਿੱਚ ਝੂਟੇ ਮਾਟੇ ਲੈਣ ਦਾ ਭੂਤ ਸਵਾਰ ਹੋ ਗਿਆ ਹੈ। ਅਸੀਂ ਕਰ ਲਿਆ ਫ਼ੈਸਲਾ, ਲਿਖ ਕੇ ਤਲੀ ’ਤੇ ਧਰ ਲਿਆ ਫ਼ੈਸਲਾ। ਲੋਹੇ ਵਰਗੀ ਸਰਕਾਰ ਬਣਾਉਣ ਦਾ। ਸਾਡੇ ਇਸ ਫ਼ੈਸਲੇ ’ਤੇ ਤੁਸਾਂ ਹੀ ਫੁੱਲ ਚੜ੍ਹਾਉਣੇ ਨੇ ਵੋਟਰੋ!
ਜੀਵੇ ਆਸਾ ਮਰੇ ਨਿਰਾਸ਼ਾ ਅਨੁਸਾਰ ਅਸੀਂ ਵੀ ਵੋਟਰਾਂ ’ਤੇ ਪੂਰੀ ਆਸ ਰੱਖੀ ਹੋਈ ਹੈ ਕਿ ਤੁਸਾਂ ਐਤਕੀਂ ਗੁਣਾਂ ਦੀ ਗੁਥਲੀ ਦਾ ਭਾਵ ਸਾਡਾ ਖ਼ਿਆਲ ਰੱਖ ਕੇ ਹੀ ਵੋਟ ਪਾਓਗੇ। ਇਸੇ ਲਈ ਅਸੀਂ ਆਪਣੇ ਗੁਣਾਂ ਦਾ ਝੋਲਾ ਪੂਰੇ ਦਾ ਪੂਰਾ ਆਪਣੇ ਚੋਣ ਮਨੋਰਥ ਜਾਂ ਕਹਿ ਲਓ ਮਹਾਂ ਗਾਰੰਟੀ ਪੱਤਰ ਰਾਹੀਂ ਤੁਹਾਡੇ ਅੱਗੇ ਢੇਰੀ ਕਰਨ ਜਾ ਰਹੇ ਹਾਂ।
ਤੁਹਾਡੇ ਵੱਲੋਂ ਵੋਟਾਂ ਅਤੇ ਸਾਡੇ ਵੱਲੋਂ ਨੋਟਾਂ ਦੀ ਬਰਸਾਤ ਦੇ ਰੰਗੀਲੇ ਜਸ਼ਨ ਵਿੱਚ ਸੌਦਾ ਇੱਕੋ ਜਿਹਾ ਰਹੇਗਾ। ਇੱਕ ਵਾਰ ਸਾਡੀ ਸਰਕਾਰ ਆਉਣ ਦਿਓ ਫਿਰ ਵੇਖਿਓ ਸਾਡੀਆਂ ਖੁੱਲ੍ਹਾਂ/ਸੁੱਟਾਂ। ਕੋਈ ਭੇਦਭਾਵ ਨਹੀਂ ਰਹਿਣ ਦੇਣਾ। ਕੋਈ ਵੀ ਨਿਯੁਕਤੀ, ਬਦਲੀ, ਕੋਰਟ ਕਚਹਿਰੀ, ਤਹਿਸੀਲ ਪਟਵਾਰਖਾਨੇ ,ਥਾਣਿਆਂ ਜਾਂ ਹੋਰ ਕੰਮ ਕਰਵਾਉਣ ਦੀ ਸ਼ਰ੍ਹੇਆਮ ਬੋਲੀ ਕਰਾਵਾਂਗੇ। ਇੰਨੀ ਮਹਿੰਗਾਈ ਦੇ ਜ਼ਮਾਨੇ ਵਿੱਚ ‘ਇਮਾਨਦਾਰੀ’ ਭੁੱਖ ਨੰਗ ਦਾ ਘਰ ਬਣੀ ਹੋਈ ਹੈ। ਇਸ ਕਰਕੇ ਸਾਡੇ ਰਾਜ ਵਿੱਚ ਰਿਸ਼ਵਤਖੋਰ, ਭ੍ਰਿਸ਼ਟਾਚਾਰੀ ਨੂੰ ਪੂਰੀ ਖੁੱਲ੍ਹ ਹੋਵੇਗੀ। ਧੋਖਾਧੜੀ, ਹੇਰਾਫੇਰੀ ਤੇ ਮਿਲਾਵਟ ਨੂੰ ਪੂਰੀ ਆਜ਼ਾਦੀ ਹੋਵੇਗੀ। ਝੂਠ ਫਰੇਬ ਤੇ ਕੁਫ਼ਰ ਨੂੰ ਰੁਤਬੇ ਤੇ ਸੱਚ ਨੂੰ ਫਾਹੇ ਟੰਗਣ ਦੇ ਪੁਖ਼ਤਾ ਇੰਤਜ਼ਾਮ ਹੋਣਗੇ। ਲੁੱਟਾਂ ਖੋਹਾਂ ਤੇ ਹੋਰ ਕੰਮਕਾਜ ਕਰਨ ਵਾਲੇ ਠੇਕੇਦਾਰਾਂ ਨਾਲ ਹਿੱਸਾਪੱਤੀ ਰੱਖਾਂਗੇ। ਡੰਡੇ ਦੇ ਜ਼ੋਰ ਨਾਲ ਗੁਪਤ ਜਾਇਜ਼ ਨਾਜਾਇਜ਼ ਚੋਣ ਬਾਂਡ ਵੀ ਭਰਾਵਾਂਗੇ। ਪੈਸੇ ਦੇ ਜ਼ੋਰ ਨਾਲ ਤਖ਼ਤੇ ਤੋਂ ਰਾਜ ਤਖ਼ਤ ’ਤੇ ਬਿਠਾਉਣ ਅਤੇ ਰਾਜ ਤਖ਼ਤ ਉਲਟਾਉਣ ਦੀ ਤਾਕਤ ਰੱਖਦੇ ਤੇ ‘ਸੇਵਾ’ (ਚੋਣ ਫੰਡ) ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਮਿੱਤਰ ਸ਼ਾਹੂਕਾਰਾਂ (ਕਾਰਪੋਰੇਟ ਘਰਾਣਿਆਂ) ਦੀ ਹਰ ਤਰ੍ਹਾਂ ਦੀ ਪੁਸ਼ਤ ਪਨਾਹੀ ਕਰਾਂਗੇ ਯਾਨੀ ਇਨ੍ਹਾਂ ਦੀਆਂ ਸਭ ਦੇਣਦਾਰੀਆਂ ਵੱਟੇ ਖਾਤੇ ਪਾ ਕੇ ਮਾਫ਼। ਪਰ ਫਜ਼ੂਲ ਸ਼ਰਤਾਂ ਨਾਲ ਨਿੱਕੇ ਮੋਟੇ ਕਰਜ਼ੇ ਲੈਣ ਵਾਲੇ ਆਮ ਕਾਰੋਬਾਰੀਆਂ ਵੱਲੋਂ ਕਿਸ਼ਤਾਂ ਨਾ ਮੋੜਨ ’ਤੇ ਉਨ੍ਹਾਂ ਦੀ ਢਿੰਬਰੀ ਟੈਟ ਕਰਕੇ ਸਾਹ ਸੁਕਾਈ ਰੱਖਾਂਗੇ ਤਾਂ ਕਿ ਉਹ ਸੁਫ਼ਨੇ ਵਿੱਚ ਵੀ ਕਰਜ਼ੇ ਲੈਣ ਬਾਰੇ ਨਾ ਸੋਚਣ। ਸਾਡੀ ਇਹੀ ਨਿਰਾਲੀ ਜੁਗਤ ਆਮ ਜਨਤਾ ਨੂੰ ਰੱਖੇਗੀ ਕਰਜ਼ਾ ਮੁਕਤ। ਹੱਕ ਮੰਗਣ ਵਾਲਿਆਂ ਦੀ ਵੀ ਪੂਰੀ ਭੁਗਤ ਸੁਆਰੀ ਜਾਵੇਗੀ।
ਫ਼ਿਰਕਾਪ੍ਰਸਤੀ ਜ਼ਿੰਦਾਬਾਦ ਰਹੇਗੀ। ਮਜ਼ਹਬਾਂ/ਜਾਤਾਂ ਦੇ ਨਾਂ ’ਤੇ ਦੰਗੇ ਹੁੰਦੇ ਰਹਿਣਗੇ। ਕਰਮ ਕਾਂਡਾਂ, ਅੰਧ-ਵਿਸ਼ਵਾਸ ਦੇ ਭਰਮਾਂ ਵਿੱਚ ਫਸਾ ਕੇ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਨ ਵਾਲੇ ਸਭ ਤਾਂਤਰਿਕ ਸਾਧ ਸਾਧਣੀਆਂ/ਡੇਰੇਦਾਰ ਸਾਡੇ ਜਿਗਰੀ ਯਾਰ ਨੇ। ਇਸ਼ਾਰੇ ਵਿੱਚ ਹੀ ਸਾਡੇ ਲਈ ਵੋਟਾਂ ਦੇ ਕਰਦੇ ਇਕਰਾਰ ਨੇ। ਫਿਰ ਨੌਂ ਸੌ ਚੂਹੇ ਖਾਣ ਵਾਲੇ ਅਖੌਤੀ ਸੰਤ /ਸੰਤਣੀਆਂ ਜੋ ਸਾਡਾ ਵੋਟ ਠੂਠਾ ਭਰਨਗੇ, ਭਲਾ ਉਹ ਜੇਲ੍ਹਾਂ ਵਿੱਚ ਕਿਵੇਂ ਸੜਨਗੇ?
ਸਾਡੇ ਸ਼ਾਸਨ ਦੌਰਾਨ ਆਉਣਗੀਆਂ ਨਵੀਆਂ ਨਕੋਰ ਸਕੀਮਾਂ, ਮਨੁੱਖ ਤਾਂ ਕੀ ਜਾਨਵਰ ਵੀ ਖਾਣਗੇ ਅਫ਼ੀਮਾਂ! ਨਸ਼ਿਆਂ ਖਿਲਾਫ਼ ਲਗਾਵਾਂਗੇ ਫੋਕੇ ਨਾਅਰੇ। ‘ਕਮਾਊ ਪੁੱਤ’ ਨਸ਼ਿਆਂ ਦੇ ਖੋਲ੍ਹ ਰੱਖਾਂਗੇ ਰੱਸੇ। ਕੋਈ ਮਰੇ, ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ। ਗ਼ਰੀਬੀ ਦੇਸ਼ ਲਈ ਕਲੰਕ ਬਣੀ ਹੋਈ ਹੈ। ਇਹ ਕਲੰਕ ਧੋਣ ਲਈ ਉਚੇਚੇ ਯਤਨ ਕੀਤੇ ਜਾਣਗੇ। ਗ਼ਰੀਬਾਂ ਦੇ ਢਿੱਡ ਭਰਨ ਲਈ ਮੁਫ਼ਤ ਸਿਰਫ਼ ਆਟਾ ਦਾਲ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀ ਖੇਹ-ਸੁਆਹ ਦਿਆਂਗੇ। ਜਿਨ੍ਹਾਂ ਨੂੰ ਖਾਓ ਤੇ ਸਿੱਧੇ ਸਵਰਗਾਂ ਨੂੰ ਜਾਓ। ਫਿਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਗ਼ਰੀਬ ਹੀ ਨਾ ਰਹੇ ਤਾਂ ਗ਼ਰੀਬੀ ਦਾ ਦਾਗ ਕਿਵੇਂ ਰਹਿ ਜਾਊ? ਕੌੜੀ ਵੇਲ ਵਾਂਗ ਵਧ ਰਹੀ ਆਬਾਦੀ ਨੂੰ ਕਾਬੂ ਕਰਨ ਦਾ ਸਬੱਬ ਬਣਨਗੀਆਂ ਸਾਡੀਆਂ ਇਹ ਸਭ ਸਕੀਮਾਂ। ਸ਼ਮਸ਼ਾਨਘਾਟਾਂ ਦੀ ਕਮੀ ਪੂਰੀ ਕਰਨ ਲਈ ਘਰਾਂ ਨੂੰ ਹੀ ਸ਼ਮਸ਼ਾਨਘਾਟ ’ਚ ਬਦਲਣ ਦੇ ਪ੍ਰੋਜੈਕਟ ਵੀ ਲਿਆਵਾਂਗੇ।
ਰੋਜ਼ੀ ਰੋਟੀ ਕਮਾਉਣ ਤੋਂ ਲੋਕਾਂ ਨੂੰ ਰੱਖਾਂਗੇ ਮੁਥਾਜ। ਇੱਕ ਵੱਡਾ ਅਹਿਸਾਨ ਕਰਦਿਆਂ ਢਿੰਡੋਰਾ ਪਿੱਟਾਂਗੇ- ਮੁਫ਼ਤ ਵੰਡ ਰਹੇ ਆਂ ਅਨਾਜ। ਹਿੱਕ ਥਾਪੜ ਥਾਪੜ ਕੇ ਢੀਠਤਾਈ ਨਾਲ ਕਰਾਂਗੇ ਨਾਜ਼‌ਕਿ ਆਜ਼ਾਦੀ ਦੇ ਲੰਮੇ ਸਮੇਂ ਬਾਅਦ ਵੀ ਢਿੱਡ ਭਰਨ ਲਈ ਕਰੋੜਾਂ ਲੋਕਾਂ ਦੇ ਹੱਥਾਂ ਵਿੱਚ ਅਜੇ ਵੀ ‘ਠੂਠਾ’ ਫੜਾਇਆ ਹੋਇਆ ਹੈ। ਵੈਸੇ ਮੁਫ਼ਤ ਦੀਆਂ ਰਿਉੜੀਆਂ ਨਾਲ ਭਲਾ ਕੌਣ ਖ਼ੁਸ਼ ਨਹੀਂ ਹੁੰਦਾ? ਮੁਫ਼ਤ ਦੀ ਐਸ਼ਪ੍ਰਸਤੀ ਨਾਲ ਖੁੰਢੀ (ਕਿਰਤ ਤੋਂ ਭਗੌੜੀ ਹੋਈ) ਸੋਚ ਹੱਥ ਅੱਡਣ ਲਈ ਹੋਵੇਗੀ ਮਜਬੂਰ। ਇਸ ਨਾਲ ਸਾਡਾ ਵੋਟ ਬੈਂਕ ਰਹੇਗਾ ਮਜ਼ਬੂਤ।
ਵੋਟਰ ਦਾਤਿਓ! ਚੰਨ ਤਾਰਿਆਂ ਦੀ ਤਾਂ ਗੱਲ ਹੀ ਛੱਡੋ, ਅਸੀਂ ਤਾਂ ਸਾਰੇ ਦਾ ਸਾਰਾ ਗਗਨ ਹੀ ਤੁਹਾਡੇ ਹਵਾਲੇ ਕਰ ਦੇਣਾ। ਅਖੌਤੀ ਵਿਕਾਸ ਦੀ ਐਸੀ ਧੂੜ ਉਡਾਵਾਂਗੇ ਕਿ ਪ੍ਰਦੂਸ਼ਣ ਦੇ ਦੈਂਤ ਦਾ ਪੂਰਾ ਬੰਬੀਹਾ ਬੋਲੇਗਾ। ਥੋੜ੍ਹੇ ਸਮੇਂ ’ਚ ਹੀ ਸਾਡਾ ਦੇਸ਼ ਪ੍ਰਦੂਸ਼ਣ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਹੋਵੇਗਾ। ਨੀਂਹ ਪੱਥਰਾਂ ਦੀ ਕਿਹੜੀ ਗੱਲ ਐ? ਜਿੰਨੇ ਮਰਜ਼ੀ ਢੇਰੀ ਕਰਵਾ ਲਿਓ। ਜੇ ਫਿਰ ਵੀ ਝੋਟਿਆਂ ਵਾਲੇ ਘਰੋਂ ਲੱਸੀ ਨਸੀਬ ਹੋ ਗਈ ਯਾਨੀ ਲਾਰੇ ਲੱਪਿਆਂ ਤੋਂ ਬਗ਼ੈਰ ਕੋਈ ਕੰਮ ਹੋ ਗਿਆ ਤਾਂ ਫਿਰ ਤੇਰੇ ਚੰਗੇ ਭਾਗ ਲੱਛੀਏ! ਵਾਅਦੇ ਪੂਰੇ ਕਰਨ ਲਈ ਪੈਸਾ ਟਕਾ ਕਿੱਥੋਂ ਆਵੇਗਾ? ਦਾ ਸਵਾਲ ਪੁੱਛਣ ਵਾਲੇ ਭਲੇਮਾਣਸੋ! ਦੱਸੋ ਹਵਾਈ ਕਿਲ੍ਹਿਆਂ ਦੀ ਉਸਾਰੀ ਵਿੱਚ ਵੀ ਪੈਸੇ ਟਕੇ ਦੀ ਕੋਈ ਲੋੜ ਹੁੰਦੀ ਐ? ਗੱਲਾਂ ਦੇ ਕੜਾਹ ਤੇ ਥੁੱਕ ਦੇ ਵੜਿਆਂ ਨਾਲ ਹੀ ਬੁੱਤਾ ਸਰ ਜਾਂਦਾ ਹੈ। ਸਭਨਾਂ ਨੂੰ ਦੇਵਣਹਾਰੇ ਰੱਬ ਦੇ ਰਹਿਣ ਲਈ ਘਰ ਬਣਾਉਣ ਦੇ ਅਸੀਂ ਸਮਰੱਥ ਵੀ ਹੋ ਗਏ ਹਾਂ। ਭਲਿਓ! ਅਸੀਂ ਤੁਹਾਡੇ ਸਭਨਾਂ ਦੇ ਸਿਰ ਢੱਕਣ ਲਈ ਛੱਤਾਂ ਕਿਉਂ ਨਾ ਦੇ ਸਕਾਂਗੇ?
ਬਾਕੀ ਲੱਸੀ ਦੀ ਛਿੱਡੀ ਨੂੰ ਹੀ ਖੀਰ, ਮਲਾਈ ਕਹਿ ਅਖੌਤੀ ਵਿਕਾਸ ਦੇ ਹੀ ਝੰਡੇ ਗੱਡਣ ਲਈ ਕਰੋੜਾਂ ਅਰਬਾਂ ਦੇ ਵੱਡੇ ਵੱਡੇ ਲੱਛੇਦਾਰ ਇਸ਼ਤਿਹਾਰ ਰਾਹੀਂ ਦੁਨੀਆ ਦੀਆਂ ਅੱਖਾਂ ਵਿੱਚ ਘੱਟਾ ਪੈਣ ਨਾਲ ਅੱਖਾਂ ਬੰਦ ਹੋਣ ਕਰਕੇ ਬਹੁਤਿਆਂ ਨੂੰ ਵੈਸੇ ਦਿਸਣੋਂ ਹੀ ਹਟ ਜਾਵੇਗਾ। ਰਹਿੰਦੀ ਖੂੰਹਦੀ ਕਸਰ ਸਾਡੀ ਪੁੱਠੀ-ਸਿੱਧੀ ਹਰ ਸੋਚ ’ਤੇ ਪਹਿਰਾ ਦੇਣ ਵਾਲੇ ਸਾਡੇ ਚੇਲੇ ਚਾਟੜਿਆਂ ਦੇ ਨਾਅਰਿਆਂ ਨੇ ਪੂਰੀ ਕਰ ਦੇਣੀ ਹੈ।
ਕਾਲਾ ਧਨ ਦੇਸ਼ ਸਮਾਜ ਲਈ ਕਾਲਖ਼ ਭਰੀ ਲਾਹਨਤ ਹੈ। ਦੇਸ਼ ਸਮਾਜ ਨੂੰ ਇਸ ਲਾਹਨਤ ਦੇ ਪਰਛਾਵੇਂ ਤੋਂ ਬਚਾਉਣ ਲਈ ਜੋ ਵੀ ਜ਼ਫ਼ਰ ਜਾਲਣੇ ਪਏ ਜਾਲਾਂਗੇ। ਇਸ ਲਈ ਵੱਡੇ ਵੱਡੇ ਰਜਾਈਆਂ-ਤਲਾਈਆਂ, ਸਰ੍ਹਾਣੇ ਅਤੇ ਬੈੱਡ ਘਰਾਂ ਦੀਆਂ ਫਰਸ਼ਾਂ/ਛੱਤਾਂ ਵਿੱਚ ਤਹਿਖਾਨੇ ਵੀ ਬਣਾ ਰੱਖੇ ਹਨ ਤਾਂ ਕਿ ਕਾਲੇ ਧਨ ਦੇ ਨਾਗ ਨੂੰ ਲੁਕਾ ਕੇ ਰੱਖ ਸਕੀਏ। ਇੱਥੇ ਹੀ ਬਸ ਨਹੀਂ ਸਗੋਂ ਕਾਲੇ ਧਨ ਦੀਆਂ ਝੋਲੀਆਂ ਭਰ ਭਰ ਵਿਦੇਸ਼ਾਂ ਨੂੰ ਭੱਜਣ ਵਾਲੇ ਵੱਡੇ ਵੱਡੇ ਧਨ ਕੁਬੇਰ ਵੀ ਪਾਲੇ ਹੋਏ ਹਨ। ਛੋਟੀਆਂ ਮੋਟੀਆਂ ਘੁਟਾਲੀਆਂ ਦੀ ਥਾਂ ਵੱਡੇ ਵੱਡੇ ਮਹਾਂ ਘੁਟਾਲੇ ਸਾਡੇ ਸ਼ਾਸਨ ਦੀ ਸ਼ਾਨ ਬਣੇ ਰਹਿਣਗੇ। ਖਾਓ-ਪੀਓ ਤੇ ਹੋਰਨਾਂ ਨੂੰ ਬੁਰਕੀਆਂ ਪਾ ਕੇ ਚੂੰ-ਚਾਂ ਕਰਨ ਵਾਲਿਆਂ ਦੇ ਮੂੰਹ ਬੰਦ ਕਰੀ ਰੱਖਾਂਗੇ। ਮੂੰਹ ਖਾਵੇ ਅੱਖ ਸ਼ਰਮਾਏ। ਜੇ ਫਿਰ ਵੀ ਕੋਈ ਅਣਖੀ ਸਾਡੇ ਖ਼ਿਲਾਫ਼ ਜ਼ੁਬਾਨ ਖੋਲ੍ਹੇ ਤਾਂ ਉਸ ਦੀ ਜ਼ੁਬਾਨ ਵੱਢ ਦਿਆਂਗੇ।
ਕਿਆਸਅਰਾਈਆਂ (ਜੋਤਿਸ਼ ) ਦੇ ਹਿਸਾਬ ਨਾਲ ਵੀ ਸਾਡਾ ਸਿਤਾਰਾ ਪੂਰਾ ਚਮਕ ਰਿਹਾ ਹੈ। ਸਾਡੀ ‘ਕੁਰਸੀ’ ਤਾਂ ਵੱਟ ’ਤੇ ਪਈ ਹੈ। ਫਿਰ ਵੀ ਕੋਈ ਰਾਹੂ ਕੇਤੂ ਸਾਡੇ ਚਮਕਦੇ ਸਿਤਾਰੇ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ‘ਚੋਰਾਂ ਉੱਤੇ ਮੋਰਾਂ ਦੇ ਛਾਪੇ’ ਮਾਰਨ ਵਾਲੀਆਂ ਏਜੰਸੀਆਂ ਦੇ ਝੁਰਲੂ ਨਾਲ ਅਸੀਂ ਉਸ ਦੇ ਫਿਊਜ਼ ਉਡਾਉਣ ਵਿੱਚ ਪੂਰੇ ਮਾਹਿਰ ਹਾਂ। ਡਰਦੇ ਮਾਰੇ ਜੋ ਸਿਆਸੀ ਚੋਰ ਆਉਣਗੇ ਸਾਡੀ ਸ਼ਰਣ, ‘ਕੁਰਸੀ ਤਾਕਤ’ ਦੇ ਫੰਡੇ ਨਾਲ ‘ਦੁੱਧ ਧੋਤੇ’ ਆਖ ਬਚਾਉਣਾ ਹੀ ਸਾਡਾ ਸਿਆਸੀ ਧਰਮ ਹੈ।
ਜੋੜ ਤੋੜ ਤੇ ਸੌਦੇਬਾਜ਼ੀ ਵਿੱਚ ਵੀ ਸਾਡਾ ਕੋਈ ਸਾਨੀ ਨਹੀਂ। ਨੋਟਾਂ ਨੂੰ ਵੇਖ ਕੇ ਹਰੇਕ ਦੀਆਂ ਵਿਰਾਛਾਂ ਖਿੜ ਜਾਂਦੀਆਂ ਹਨ, ਮੂੰਹ ’ਚੋਂ ਲਾਰ ਵਗਣੀ ਸ਼ੁਰੂ ਹੋ ਜਾਂਦੀ ਹੈ। ਸੋ ਵਿਰੋਧੀਆਂ ਨੂੰ ਖਰੀਦ ਲਵਾਂਗੇ ਜਾਂ ਫਿਰ ਖ਼ੁਦ ਵਿਕ ਜਾਵਾਂਗੇ। ਫਿਰ ਚਾਹੇ ਮਾਂ ਪਾਰਟੀ ਹੋਵੇ ਜਾਂ ਪਿਉ ਪਾਰਟੀ, ਪਵੇ ਢੱਠੇ ਖੂਹ ਵਿੱਚ। ਸਾਡੀਆਂ ਇਹ ਸਿਆਸੀ ਗਾਲੜ ਟਪੂਸੀਆਂ ਨੂੰ ਕੋਈ ਗ਼ਦਾਰੀ ਤੇ ਕੋਈ ਦਲਬਦਲੀ ਕਹੀ ਜਾਵੇ - ਸਾਨੂੰ ਕੀ। ਅਸੂਲਾਂ ਤੇ ਲੋਕ ਮੁੱਦਿਆਂ ਦਾ ਸਮਾਂ ਹੀ ਉਲੱਦ ਗਿਆ। ਸਾਨੂੰ ਚਾਹੀਦੀ ਹੈ ਕੁਰਸੀ। ਇਹੀ ਸਾਡਾ ਈਮਾਨ ਤੇ ਇਹੀ ਧਰਮ। ਜੇ ਇੰਝ ਵੀ ਸਾਡੀ ਦਾਲ ਨਾ ਗਲੀ ਤਾਂ ਅਸੀਂ ਦੂਜਿਆਂ ਦੀ ਤੌੜੀ ਭੰਨ ਕੇ ਹੀ ਦਮ ਲਵਾਂਗੇ। ਫਜ਼ੂਲ ਜਿਹੇ ਮੁੱਦੇ ਨੂੰ ਲੈ ਕੇ ਚਲਦੀ ਸਰਕਾਰ ਦੀਆਂ ਕਰ ਦਿਆਂਗੇ ਬਰੇਕਾਂ ਜਾਮ ਯਾਨੀ ਨਾ ਖੇਡਣਾ ਤੇ ਨਾ ਖੇਡਣ ਦੇਣਾ। ਵੋਟਰ ਦਾਤਿਓ! ਵੋਟਰ ਠੂਠਾ ਫੜ ਫਿਰ ਆਣ ਅਲਖ ਜਗਾਵਾਂਗੇ ਤੁਹਾਡੇ ਦੁਆਰ। ਵੋਟਾਂ ਦੀ ‘ਕਾਂ ਝਾਕ’ ਵਿੱਚ ਸਭ ਜਾਇਜ਼ ਨਾਜਾਇਜ਼ ਕੰਮ ਕਰਨ ਦੇ ‘ਕੌੜੇ ਅੱਕ’ ਨੂੰ ਵੀ ਮਿੱਠਾ ਜਾਣ ਕੇ ਚੱਬਣ ਤੋਂ ਹਰਗਿਜ਼ ਪਿੱਛੇ ਨਹੀਂ ਹਟਾਂਗੇ।
ਤੁਸੀਂ ਸੋਚਦੇ ਹੋਵੋਗੇ ਕਿ ਗਰਜਣ ਵਾਲੇ ਘੱਟ ਹੀ ਬਰਸਦੇ ਹੁੰਦੇ ਹਨ, ਪਰ ਸਾਨੂੰ ਇੱਕ ਵਾਰ ਕਾਲਾ ਬੱਦਲ ਤਾਂ ਬਣਨ ਦਿਓ। ਫਿਰ ਵੇਖਿਓ ਗਰਜਣ ਦੇ ਨਾਲ ਨਾਲ ਵਰ੍ਹਦੇ ਵੀ ਹਾਂ ਕਿ ਨਹੀਂ। ਨਿੱਤ ਨਵਾਂ ਚੰਨ ਚਾੜ੍ਹ ਕੇ ਸਭਨਾਂ ਦੀਆਂ ਪੰਜੇ ਕੀ‌, ਦਸੇ ਦੀਆਂ ਦਸੇ ਉਂਗਲਾਂ ਹੀ ਮੂੰਹ ਵਿੱਚ ਪਵਾਈ ਨਾ ਰੱਖੀਆਂ ਤਾਂ ਫਿਰ ਸਾਡੀ ਨੇਤਾਗਿਰੀ ਕਾਹਦੀ ਹੋਈ। ਸਾਡੀ ਸਾਊ ਔਲਾਦ ਵੀ ਸਾਥੋਂ ਦਸ ਰਤੀਆਂ ਵੱਧ ਹੀ ਪਟਾਕੇ ਪਾਵੇਗੀ। ਅਸੀਂ ਹੋਰਨਾਂ ਨੇਤਾਵਾਂ ਵਾਂਗ ਫੁਕਰੇ ਨਹੀਂ ਕਿ ਵੋਟਾਂ ਵਾਲੀਆਂ ਗਾਰੰਟੀਆਂ ਤੋਂ ਮੁੱਕਰੀਏ ਤੇ ਮੰਨੀਆਂ ਹੋਈਆਂ ਮੰਗਾਂ ਵੀ ਲਾਗੂ ਕਰਨ ਤੋਂ ਭਗੌੜੇ ਹੋ ਜਾਈਏ। ਅਸੀਂ ਧਰਮ ਅਸਥਾਨਾਂ ਦੀ ਪਵਿੱਤਰ ਮਿੱਟੀ ਨੂੰ ਨਤਮਸਤਕ ਹੁੰਦਿਆਂ ਸਹੁੰ ਖਾਂਦੇ ਹਾਂ ਕਿ ਆਪਣੇ ਚੋਣ ਮਨੋਰਥ ਪੱਤਰ ਨੂੰ ਗਾਰੰਟੀ ਵਜੋਂ ਇੰਨ-ਬਿੰਨ ਲਾਗੂ ਕਰਕੇ ਨਵਾਂ ਰਿਕਾਰਡ ਕਾਇਮ ਕਰਾਂਗੇ।
ਸੋ ਸੂਝਵਾਨ ਵੋਟਰੋ! ਐਤਕੀਂ ਸਾਡਾ ਖਿਆਲ ਜ਼ਰੂਰ ਰੱਖਣਾ। ਸਾਡੇ ਵਰਗੇ ਘਾਗ ਸਿਆਸਦਾਨਾਂ ਦੀਆਂ ਨੀਤਾਂ ਪਛਾਣ ਕੇ ਹੀ ਸੂਝ ਸਿਆਣਪ ਨਾਲ ਵੋਟ ਪਾਉਣ ਦੇ ਸੰਵਿਧਾਨਕ ਹੱਕ ਦੀ ਵਰਤੋਂ ਕਰਨੀ। ਆਪਣੇ ਸੋਹਣੇ ਦੇਸ਼ ਨੂੰ ਚਲਾਉਣ ਲਈ ਸਾਫ਼ ਸੁਥਰੀ ਸੁਹਿਰਦ ਸਰਕਾਰ ਚੁਣ ਕੇ ਲੋਕਤੰਤਰ ਦੀ ਲਾਜ ਰੱਖਣੀ। ਫਿਰ ਹੀ ਸੁਹਿਰਦ ਸਰਕਾਰ ਦੇ ਲੋਕ-ਪੱਖੀ ਕੰਮਕਾਜ ਉੱਤੇ ਮਾਣ ਕਰਦਿਆਂ ਆਖ ਸਕਾਂਗੇ, ‘ਐ ਪਿਆਰੇ ਤੇ ਸੋਹਣੇ ਵਤਨ, ਤੇਰੇ ਨੇ ਸੂਝਵਾਨ ਸਿਆਸੀ ਰਤਨ।’
ਸੰਪਰਕ: 98764-74858

Advertisement

Advertisement