ਨਫ਼ਰਤ ਖ਼ਿਲਾਫ਼ ਸਾਡੀ ਲੜਾਈ ਜਾਰੀ ਰਹੇਗੀ: ਖੜਗੇ
ਨਵੀਂ ਦਿੱਲੀ, 1 ਦਸੰਬਰ
ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਏਕਤਾ ਨੂੰ ਤੋੜਨ ਲਈ ਹਰ ਹਰਬਾ ਵਰਤ ਰਹੇ ਹਨ। ਉਨ੍ਹਾਂ ਸੰਵਿਧਾਨ ਬਚਾਉਣ ਲਈ ਦੇਸ਼ ਵਿਆਪੀ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ। ਇਥੇ ਰਾਮਲੀਲਾ ਮੈਦਾਨ ’ਚ ਦਲਿਤਾਂ, ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਹੋਰ ਪੱਛੜ ਵਰਗਾਂ ਦੀ ਫੈਡਰੇਸ਼ਨ ਵੱਲੋਂ ਕਰਵਾਈ ਗਈ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਮੋਦੀ ਜੀ, ਆਮ ਆਦਮੀ ਤੋਂ ਨਾਤਾ ਤੋੜਦੇ ਜਾ ਰਹੇ ਹਨ ਕਿਉਂਕਿ ਉਹ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ। ਸਾਡੀ ਜੰਗ ਇਸ ਨਫ਼ਰਤ ਖ਼ਿਲਾਫ਼ ਹੈ। ਜੇ ਦੇਸ਼ ’ਚੋਂ ਨਫ਼ਰਤ ਦਾ ਮਾਹੌਲ ਖ਼ਤਮ ਕਰਨਾ ਹੈ ਤਾਂ ਸੱਤਾ ਹਾਸਲ ਕਰਨਾ ਜ਼ਰੂਰੀ ਹੈ।’’ ਹੁਕਮਰਾਨ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਨੈਤਿਕਤਾ ਦੀ ਗੱਲ ਕਰਦੀ ਹੈ ਪਰ ਉਹ ਵਾਰ ਵਾਰ ਅਨੈਤਿਕ ਰਵੱਈਆ ਅਪਣਾਉਂਦੀ ਹੈ।’’ ਉਨ੍ਹਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਹੇਰਾਫੇਰੀ, ਮਹਾਰਾਸ਼ਟਰ, ਕਰਨਾਟਕ, ਉੱਤਰਾਖੰਡ ਅਤੇ ਮਨੀਪੁਰ ’ਚ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਮੁੱਦੇ ਵੀ ਚੁੱਕੇ। ‘ਭਾਜਪਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿੰਦੀ ਹੈ। ਈਵੀਐੱਮਜ਼ ਦੀ ਵਰਤੋਂ ਕਰਕੇ ਤੁਹਾਡੇ ਵੋਟ ਚੋਰੀ ਕਰ ਲੈਂਦੀ ਹੈ। ਤੁਹਾਡੀਆਂ ਪੈਨਸ਼ਨਾਂ ਖ਼ਤਮ ਕਰ ਦਿੱਤੀਆਂ ਜਾਂਦੀਆਂ ਹਨ। ਤੁਸੀਂ ਵੋਟਾਂ ’ਚ ਹੇਰਾਫੇਰੀ ਦੀ ਬਜਾਏ ਚੋਣਾਂ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੋ। ਮੈਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਜਿਥੇ ਲੋਕਾਂ ਨੇ ਦਾਅਵੇ ਕੀਤੇ ਹਨ ਕਿ ਇਕ ਘੰਟੇ ਦੇ ਅੰਦਰ ਇਕ ਹਜ਼ਾਰ ਵੋਟਾਂ ਪੈ ਗਈਆਂ। ਈਵੀਐੱਮ ਦੀ ਬੈਟਰੀ ਖ਼ਤਮ ਹੋ ਗਈ ਪਰ ਬਾਅਦ ’ਚ ਇਹ 60-70 ਫ਼ੀਸਦੀ ਦਿਖਾਈ ਗਈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਲੋਕ ਇਕਜੁੱਟ ਨਹੀਂ ਹੁੰਦੇ ਹਨ, ਉਹ ਵੰਡੇ ਰਹਿਣਗੇ ਅਤੇ ਕੁਝ ਵੀ ਹਾਸਲ ਨਹੀਂ ਹੋਵੇਗਾ। ‘ਕੰਨਿਆਕੁਮਾਰੀ ਤੋਂ ਕਸ਼ਮੀਰ ਅਤੇ ਬੰਗਾਲ ਤੋਂ ਗੁਜਰਾਤ ਤੱਕ ਸਾਡੇ ਵੰਡੇ ਰਹਿਣ ’ਤੇ ਕੋਈ ਵੀ ਟੀਚਾ ਹਾਸਲ ਨਹੀਂ ਹੋ ਸਕਦਾ ਹੈ। ਦੇਸ਼ ਦਾ ਹਰ ਅਦਾਰਾ ਸੰਵਿਧਾਨ ਦੀ ਰਾਖੀ ਚਾਹੁੰਦਾ ਹੈ ਜੋ ਸਾਡੇ ਮੁਲਕ ਦੀ ਬੁਨਿਆਦ ਹੈ। ਜੇ ਸੰਵਿਧਾਨ ਸੁਰੱਖਿਅਤ ਰਹੇਗਾ ਤਾਂ ਅਸੀਂ ਵੀ ਸੁਰੱਖਿਅਤ ਰਹਾਂਗੇ।’ ਭਾਜਪਾ ਵੱਲੋਂ ‘ਏਕ ਰਹੋ, ਸੇਫ਼ ਰਹੋ’ ਦੇ ਦਿੱਤੇ ਨਾਅਰੇ ਦੀ ਆਲੋਚਨਾ ਕਰਦਿਆਂ ਖੜਗੇ ਨੇ ਕਿਹਾ ਕਿ ਹੁਕਮਰਾਨ ਧਿਰ ਕਿਸੇ ਨੂੰ ਵੀ ਸੁਰੱਖਿਅਤ ਨਹੀਂ ਰਹਿਣ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਫ਼ਦ ਸੰਭਲ ਜਾਵੇਗਾ ਅਤੇ ਪੀੜਤਾਂ ਦੀ ਸਾਰ ਲਵੇਗਾ। ਸੰਸਦ ਨਾ ਚੱਲਣ ਬਾਰੇ ਖੜਗੇ ਨੇ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸੰਸਦ ਦੇ ਦੋਵੇਂ ਸਦਨ ਚੱਲਣ ਪਰ ਉਹ ਵਿਰੋਧੀ ਧਿਰਾਂ ’ਤੇ ਠੀਕਰਾ ਫੋੜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। -ਏਐੱਨਆਈ
‘ਮੰਦਰ-ਮਸਜਿਦ ਬਾਰੇ ਭਾਗਵਤ ਦੀ ਸਲਾਹ ਦਾ ਅਪਮਾਨ ਕਰ ਰਹੀ ਹੈ ਭਾਜਪਾ’
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਵਿਧਾਨ ਬਚਾਓ ਰੈਲੀ ਦੌਰਾਨ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਦੀ ਹਰੇਕ ਮਸਜਿਦ ਦਾ ਸਰਵੇਖਣ ਕਰਵਾ ਕੇ ਸਮਾਜ ’ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇੰਜ ਕਰਕੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਦੀ ਸਲਾਹ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਭਾਗਵਤ ’ਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਸੰਘ ਮੁਖੀ ਨੇ ਭਾਜਪਾ ਆਗੂਆਂ ਨੂੰ ਇਕ ਸ਼ਬਦ ਤੱਕ ਨਹੀਂ ਬੋਲਿਆ ਹੈ। ਭਾਗਵਤ ਨੇ ਕਿਹਾ ਸੀ ਕਿ ਹੁਣ ਜਦੋਂ ਰਾਮ ਮੰਦਰ ਬਣ ਗਿਆ ਹੈ ਤਾਂ ਹਰੇਕ ਮਸਜਿਦ ’ਚ ਸ਼ਿਵਾਲਾ ਲੱਭਣ ਦੀ ਲੋੜ ਨਹੀਂ ਹੈ। ਖੜਗੇ ਨੇ ਕਿਹਾ ਕਿ ਕੀ ਭਾਜਪਾ ਆਗੂ ਹੁਣ ਲਾਲ ਕਿਲਾ, ਤਾਜ ਮਹਿਲ, ਕੁਤੁਬ ਮੀਨਾਰ ਜਾਂ ਚਾਰ ਮੀਨਾਰ ਜਿਹੀਆਂ ਇਮਾਰਤਾਂ ਨੂੰ ਵੀ ਢਾਹੁਣਗੇ ਜੋ ਮੁਸਲਮਾਨਾਂ ਵੱਲੋਂ ਬਣਾਈਆਂ ਗਈਆਂ ਹਨ। ਉਨ੍ਹਾਂ ਦਲਿਤਾਂ, ਘੱਟ ਗਿਣਤੀਆਂ ਅਤੇ ਓਬੀਸੀ ਭਾਈਚਾਰਿਆਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਵਿਧਾਨ, ਲੋਕਤੰਤਰ ਅਤੇ ਹੱਕਾਂ ਦੀ ਰਾਖੀ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ। -ਪੀਟੀਆਈ