Prime Minister Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਵੈਤ ਦੌਰੇ ਤੋਂ ਵਤਨ ਪਰਤੇ
ਨਵੀਂ ਦਿੱਲੀ, 22 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦਿਨਾ ਕੁਵੈਤ ਯਾਤਰਾ ਦੀ ਸਮਾਪਤੀ ਤੋਂ ਬਾਅਦ ਅੱਜ ਰਾਤ ਵੇਲੇ ਦਿੱਲੀ ਪੁੱਜ ਗਏ ਹਨ। ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਦੇ ਸਭ ਤੋਂ ਵੱਡੇ ਸਨਮਾਨ ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਗਿਆ। ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾ ਨੇ ਪ੍ਰਧਾਨ ਮੰਤਰੀ ਨੂੰ ਇਸ ਸਨਮਾਨ ਨਾਲ ਨਿਵਾਜਿਆ।
ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦੋਵੇਂ ਦੇਸ਼ਾਂ ਵਿਚਾਲੇ ਬਿਹਤਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ। ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਕੁਵੈਤ ਦਾ ਇਕ ‘ਨਾਈਟਹੁੱਡ ਆਰਡਰ’ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ 20ਵਾਂ ਕੌਮਾਂਤਰੀ ਸਨਮਾਨ ਹੈ। ਇਹ ਸਨਮਾਨ ਦੋਸਤੀ ਦੇ ਪ੍ਰਤੀਕ ਵਜੋਂ ਰਾਸ਼ਟਰ ਮੁਖੀਆਂ, ਵਿਦੇਸ਼ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਬਿਲ ਕਲਿੰਟਨ, ਪ੍ਰਿੰਸ ਚਾਰਲਸ ਅਤੇ ਜੌਰਜ ਬੁਸ਼ ਵਰਗੇ ਵਿਦੇਸ਼ ਆਗੂਆਂ ਨੂੰ ਦਿੱਤਾ ਜਾ ਚੁੱਕਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਨਾਲ ਅੱਜ ਵਿਆਪਕ ਗੱਲਬਾਤ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਵਪਾਰ, ਨਿਵੇਸ਼ ਅਤੇ ਊਰਜਾ ਦੇ ਖੇਤਰਾਂ ’ਚ ਭਾਰਤ-ਕੁਵੈਤ ਸਬੰਧਾਂ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੋਦੀ ਸ਼ਨਿਚਰਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਕੁਵੈਤ ਪੁੱਜੇ ਸਨ। ਇਹ ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ। ਇਸ ਤੋਂ ਪਹਿਲਾਂ, 1981 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੁਵੈਤ ਦੀ ਯਾਤਰਾ ਕੀਤੀ ਸੀ।