ਆਸਕਰ ਲਈ ਨਾਮਜ਼ਦ ਹੋਈ ਮਲਿਆਲਮ ਫ਼ਿਲਮ ‘2018-ਐਵਰੀਵਨ ਇਜ਼ ਏ ਹੀਰੋ’
ਚੇਨੱਈ: ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਆਖਿਆ ਕਿ ਕੇਰਲਾ ਵਿੱਚ ਆਏ ਹੜ੍ਹਾਂ ’ਤੇ ਆਧਾਰਤ ਮਲਿਆਲਮ ਫ਼ਿਲਮ ‘2018-ਐਵਰੀਵਨ ਇਜ਼ ਏ ਹੀਰੋ’ ਭਾਰਤ ਵੱਲੋਂ ਆਸਕਰ ਐਵਾਰਡ 2024 ਲਈ ਚੁਣੀ ਗਈ ਹੈ। ਚੋਣ ਕਮੇਟੀ ਦੇ ਚੇਅਰਮੈਨ ਅਤੇ ਫਿਲਮ ਨਿਰਮਾਤਾ ਗਿਰੀਸ਼ ਕਸਰਾਵਲੀ ਨੇ ਦੱਸਿਆ ਕਿ 16 ਮੈਂਬਰੀ ਕਮੇਟੀ ਨੇ ਮਲਿਆਲਮ ਫ਼ਿਲਮ ਦੀ ਚੋਣ ਕੀਤੀ ਹੈ। ਕਸਰਾਵਲੀ ਕੰਨੜ ਸਨਿੇਮਾ ਵਿੱਚ ਵੱਡਾ ਨਾਮ ਹੈ। ਉਸ ਨੇ ਕਿਹਾ ਕਿ ਲੰਬੀ ਚਰਚਾ ਮਗਰੋਂ ਆਸਕਰ ਐਵਾਰਡ ਲਈ ਇਹ ਫਿਲਮ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਚੋਣ ਲਈ ਪੂਰੇ ਮੁਲਕ ਵਿੱਚੋਂ ਫਿਲਮਾਂ ਭੇਜੀਆਂ ਜਾਂਦੀਆਂ ਹਨ। ਇਸ ਚੋਣ ਲਈ ਟੀਮ ਦੇ ਮੈਂਬਰਾਂ ਨੇ ਇੱਕ ਹਫ਼ਤੇ ਵਿੱਚ 22 ਫਿਲਮਾਂ ਦੇਖੀਆਂ। ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨਾ ਔਖਾ ਸੀ ਕਿਉਂਕਿ ਸਾਰੀਆਂ ਹੀ ਫਿਲਮਾਂ ਚੰਗੀਆਂ ਸਨ। ਇਸ ਵਿੱਚ ਫਿਲਮ ਵਿਚ ਹਾਲਾਤ ਭਾਵੇਂ ਭਾਰਤ ਦੇ ਦਿਖਾਏ ਗਏ ਹਨ, ਪਰ ਇਸ਼ਾਰਾ ਆਲਮੀ ਪੱਧਰ ’ਤੇ ਹੋਰ ਰਹੇ ਵਰਤਾਰੇ ਵੱਲ ਕੀਤਾ ਗਿਆ ਹੈ। -ਪੀਟੀਆਈ
ਆਸਕਰ ਲਈ ਨਾਮਜ਼ਦ ਹੋਣਾ ਮਾਣ ਵਾਲੀ ਗੱਲ: ਜੋਸਫ
ਤਿਰੂਵਨੰਤਪੁਰਮ: ਆਸਕਰ ਫਿਲਮ ਐਵਾਰਡਜ਼ ਲਈ ਚੁਣੀ ਫਿਲਮ ‘2018’ ਦੇ ਨਿਰਦੇਸ਼ਕ ਜੂਡ ਐਂਥਨੀ ਜੋਸਫ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਫਿਲਮ ਦਾ ਨਾਮਜ਼ਦ ਹੋਣਾ ਹੀ ਆਸਕਰ ਐਵਾਰਡ ਜਿੱਤਣ ਵਾਂਗ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਇਸ ਚੋਣ ਬਾਰੇ ਸੂਚਨਾ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਫਿਲਮ ਦੇ ਰਿਲੀਜ਼ ਹੋਣ ਮਗਰੋਂ ਦਰਸ਼ਕਾਂ ਦਾ ਹਾਂ-ਪੱਖੀ ਹੁੰਗਾਰ ਮਿਲਿਆ ਸੀ। ਉਸ ਨੇ ਦੱਸਿਆ ਕਿ ਇਹ ਹੜ੍ਹ ਬਹੁਤ ਭਿਆਨਕ ਸਨ ਇਨ੍ਹਾਂ ਵਿੱਚ 483 ਲੋਕਾਂ ਨੇ ਜਾਨ ਗੁਆਈ ਸੀ, ਜਿਸ ਨੂੰ ਫਿਲਮ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। -ਆਈਏਐੱਨਐੱਸ