ਸ਼ਾਹਿਦ ਕਪੂਰ ਦੀ ‘ਦੇਵਾ’ ਹੁਣ ਜਨਵਰੀ ’ਚ ਹੋਵੇਗੀ ਰਿਲੀਜ਼
ਮੁੰਬਈ: ਬੌਲੀਵੁਡ ਅਦਾਕਾਰ ਸ਼ਾਹਿਦ ਕਪੂਰ ਦੀ ਚਿਰ ਤੋਂ ਉਡੀਕੀ ਜਾ ਰਹੀ ਐਕਸ਼ਨ ਡਰਾਮਾ ਫਿਲਮ ‘ਦੇਵਾ’ ਹੁਣ ਉਮੀਦ ਨਾਲੋਂ ਜਲਦੀ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਇਹ ਫਿਲਮ ਪਹਿਲਾਂ 14 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਅਗਲੇ ਸਾਲ 31 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਅਪਲੋਡ ਕਰਦਿਆਂ ਨਿਰਮਾਤਾਵਾਂ ਨੇ ਕਿਹਾ, ‘ਆਰਾਮ ਨਾਲ ਬੈਠੋ ਕਿਉਂਕਿ ਇੰਤਜ਼ਾਰ ਦਾ ਸਮਾਂ ਘੱਟ ਗਿਆ ਹੈ! ‘ਦੇਵਾ’ ਜਲਦੀ ਆ ਰਹੀ ਹੈ—31 ਜਨਵਰੀ, 2025! ਇਹ ਸੱਚੀ ਗੱਲ ਹੈ, ਅਸੀਂ ਇਹ ਐਕਸ਼ਨ-ਥ੍ਰਿਲਰ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ !’ ਸ਼ਾਹਿਦ ਕਪੂਰ ਫਿਲਮ ‘ਦੇਵਾ’ ਰਾਹੀਂ ਸਾਲ ਬਾਅਦ ਫਿਲਮਾਂ ਵਿਚ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਆਖਰੀ ਵਾਰ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਮਾਣ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਨੇ ਕੀਤਾ ਸੀ। ਇਸ ਫਿਲਮ ਵਿੱਚ ਸ਼ਾਹਿਦ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ ਜਿਸ ਨੂੰ ਪਿਆਰ ਹੋ ਜਾਂਦਾ ਹੈ ਅਤੇ ਉਹ ਸਿਫਰਾ (ਕ੍ਰਿਤੀ ਸੈਨਨ) ਨਾਮਕ ਰੋਬੋਟ ਨਾਲ ਵਿਆਹ ਕਰਨ ਦਾ ਫੈਸਲਾ ਕਰਦਾ ਹੈ। ਇਸ ਫਿਲਮ ’ਚ ਧਰਮਿੰਦਰ ਅਤੇ ਡਿੰਪਲ ਕਪਾਡੀਆ ਵੀ ਅਦਾਕਾਰ ਸਨ। ਫਿਲਮ ‘ਦੇਵਾ’ ਵਿਚ ਸ਼ਾਹਿਦ ਨੇ ਇੱਕ ਬਾਗ਼ੀ ਪੁਲੀਸ ਅਫਸਰ ਦੀ ਭੂਮਿਕਾ ਨਿਭਾਈ ਹੈ ਜੋ ਇੱਕ ਹਾਈ-ਪ੍ਰੋਫਾਈਲ ਕੇਸ ਦੀ ਜਾਂਚ ਕਰਦਾ ਹੈ। ਉਹ ਜਿਵੇਂ ਜਿਵੇਂ ਇਸ ਕੇਸ ਦੀਆਂ ਪਰਤਾਂ ਖੋਲ੍ਹਦਾ ਹੈ ਤਾਂ ਖਤਰਨਾਕ ਮੋੜ ’ਤੇ ਪੁੱਜ ਜਾਂਦਾ ਹੈ। ਇਸ ਫਿਲਮ ਵਿਚ ਪੂਜਾ ਹੇਗੜੇ ਨੇ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਮਲਿਆਲਮ ਫਿਲਮ ਨਿਰਮਾਤਾ ਰੋਸ਼ਨ ਐਂਡ੍ਰਿਊਜ਼ ਨੇ ਕੀਤਾ ਹੈ। -ਏਐੱਨਆਈ