ਗਲਤ ਸਿਗਨਲਿੰਗ ਕਾਰਨ ਵਾਪਰਿਆ ਉੜੀਸਾ ਰੇਲ ਹਾਦਸਾ: ਜਾਂਚ ਕਮੇਟੀ
ਨਵੀਂ ਦਿੱਲੀ, 4 ਜੁਲਾਈ
ਉੜੀਸਾ ਦੇ ਬਾਲਾਸੌਰ ’ਚ ਵਾਪਰੇ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਉੱਚ ਪੱਧਰੀ ਕਮੇਟੀ ਨੇ ਇਸ ਹਾਦਸੇ ਦੀ ਮੁੱਖ ਵਜ੍ਹਾ ‘ਗਲਤ ਸਿਗਨਲਿੰਗ’ ਨੂੰ ਦੱਸਿਆ ਹੈ। ਕਮੇਟੀ ਨੇ ਇਸ ਮਾਮਲੇ ’ਚ ਸਿਗਨਲਿੰਗ ਤੇ ਦੂਰਸੰਚਾਰ (ਅੈੱਸ ਐਂਡ ਟੀ) ਵਿਭਾਗ ’ਚ ‘ਕਈ ਪੱਧਰਾਂ ’ਤੇ ਗਲਤੀਆਂ’ ਨੂੰ ਉਭਾਰਿਆ ਹੈ। ਕਮੇਟੀ ਨੇ ਨਾਲ ਹੀ ਸੰਕੇਤ ਦਿੱਤਾ ਕਿ ਜੇਕਰ ਪਿਛਲੀ ਚਿਤਾਵਨੀ ਨੂੰ ਧਿਆਨ ’ਚ ਰੱਖਿਆ ਜਾਂਦਾ ਤਾਂ ਤ੍ਰਾਸਦੀ ਤੋਂ ਬਚਿਆ ਜਾ ਸਕਦਾ ਸੀ।
ਰੇਲਵੇ ਸੁਰੱਖਿਆ ਕਮਿਸ਼ਨ (ਸੀਆਰਐੱਸ) ਨੇ ਰੇਲਵੇ ਬੋਰਡ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ’ਚ ਕਿਹਾ ਹੈ ਕਿ ਸਿਗਨਲ ਦੇ ਕੰਮ ’ਚ ਖਾਮੀਆਂ ਦੇ ਬਾਵਜੂਦ ਜੇਕਰ ਹਾਦਸੇ ਵਾਲੀ ਥਾਂ ਬਾਹਾਨਗਾ ਬਾਜ਼ਾਰ ਦੇ ਸਟੇਸ਼ਨ ਪ੍ਰਬੰਧਕ ਨੇ ਐੱਸ ਐਂਡ ਟੀ ਕਰਮਚਾਰੀਆਂ ਨੂੰ ਦੋ ਬਰਾਬਰ ਚੱਲਦੀਆਂ ਪੱਟੜੀਆਂ ਨੂੰ ਜੋੜਨ ਵਾਲੇ ਸਵਿੱਚਾਂ ਦੇ ਵਾਰ ਵਾਰ ਗਲਤ ਢੰਗ ਨਾਲ ਕੰਮ ਕਰਨ ਦੀ ਸੂਚਨਾ ਦਿੱਤੀ ਹੁੰਦੀ ਤਾਂ ਉਹ ਕੋਈ ਢੁੱਕਵਾਂ ਕਦਮ ਚੁੱਕ ਸਕਦੇ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਬਾਹਾਨਗਾ ਬਾਜ਼ਾਰ ਸਟੇਸ਼ਨ ’ਤੇ ਲੇਵਲ ਕਰਾਸਿੰਗ ਗੇਟ 64 ’ਤੇ ਇਲੈਕਟ੍ਰਿਕ ਲਿਫਟਿੰਗ ਬੈਰੀਅਰ ਨੂੰ ਬਦਲਣ ਦੇ ਕੰਮਾਂ ਲਈ ਸਟੇਸ਼ਨ ਵਿਸ਼ੇਸ਼ ਪ੍ਰਵਾਨਿਤ ਸਰਕਟ ਡਾਇਗਰਾਮ ਦੀ ਸਪਲਾਈ ਨਾ ਕਰਨਾ ਇੱਕ ਗਲਤ ਕਦਮ ਸੀ ਜਿਸ ਕਾਰਨ ਗਲਤ ਵਾਇਰਿੰਗ ਹੋਈ। ਰਿਪੋਰਟ ਅਨੁਸਾਰ ਫੀਲਡ ਸੁਪਰਵਾਈਜ਼ਰਾਂ ਦੀ ਟੀਮ ਨੇ ਵਾਇਰਿੰਗ ਡਾਇਗਰਾਮ ’ਚ ਤਬਦੀਲੀ ਕੀਤੀ ਅਤੇ ਉਹ ਇਸ ਨੂੰ ਦੁਹਰਾਉਣ ’ਚ ਨਾਕਾਮ ਰਹੀ। ਗਲਤ ਵਾਇਰਿੰਗ ਤੇ ਕੇਬਲ ਦੀ ਖਰਾਬੀ ਕਾਰਨ 16 ਮਈ 2022 ਨੂੰ ਦੱਖਣੀ-ਪੂਰਬ ਰੇਲਵੇ ਦੀ ਖੜਗਪੁਰ ਡਿਵੀਜ਼ਨ ਦੇ ਬੰਕਰਨਯਾਬਾਜ਼ ਸਟੇਸ਼ਨ ’ਤੇ ਵੀ ਅਜਿਹਾ ਹੀ ਹਾਦਸਾ ਹੋਇਆ ਸੀ। ਰਿਪੋਰਟ ’ਚ ਕਿਹਾ ਗਿਆ, ‘ਜੇਕਰ ਇਸ ਘਟਨਾ ਤੋਂ ਬਾਅਦ ਗਲਤ ਵਾਇਰਿੰਗ ਦੀ ਸਮੱਸਿਆ ਦੂਰ ਕਰਨ ਲਈ ਸੁਧਾਰਾਤਮਕ ਕਦਮ ਚੁੱਕੇ ਗਏ ਹੁੰਦੇ ਤਾਂ ਬਾਹਾਨਗਾ ਬਾਜ਼ਾਰ ’ਚ ਹਾਦਸਾ ਨਾ ਹੁੰਦਾ।’ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੀ ਆਫ਼ਤ ਪ੍ਰਤੀ ਮੁੱਢਲੀ ਪ੍ਰਤੀਕਿਰਿਆ ਤੇਜ਼ ਹੋਣੀ ਚਾਹੀਦੀ ਹੈ ਅਤੇ ਰੇਲਵੇ ਨੂੰ ਜ਼ੋਨਲ ਰੇਲਵੇ ’ਚ ਆਫ਼ਤ ਪ੍ਰਤੀਕਿਰਿਆ ਦੀ ਪ੍ਰਣਾਲੀ ਦੀ ਸਮੀਖਿਆ ਕਰਨ ਤੇ ਐਨਡੀਆਰਐਫ ਤੇ ਐਸਡੀਆਰਐਫ ਜਿਹੇ ਆਫ਼ਤ ਪ੍ਰਬੰਧ ਬਲਾਂ ਦਰਮਿਆਨ ਤਾਲਮੇਲ ਰੱਖਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ
ਕੇਂਦਰ ਨੇ ਬੁਨਿਆਦੀ ਰੇਲ ਸੁਰੱਖਿਆ ਦੇ ਮੁੱਦੇ ’ਤੇ ਸਮਝੌਤਾ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਰੇਲਵੇ ਸੁਰੱਖਿਆ ਦੇ ਬੁਨਿਆਦੀ ਮਸਲਿਆਂ ’ਤੇ ਪੂਰੀ ਤਰ੍ਹਾਂ ਸਮਝੌਤਾ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਉੜੀਸਾ ਦੇ ਬਾਲਾਸੋਰ ’ਚ ਹਾਲ ਹੀ ਵਿੱਚ ਹੋਇਆ ਰੇਲ ਹਾਦਸਾ ਮਨੁੱਖੀ ਗਲਤੀ ਅਤੇ ਮੂਲ ਪ੍ਰਬੰਧਨ ਤੇ ਸਿਆਸੀ ਲੀਡਰਸ਼ਿਪ ਦੀ ਨਾਕਾਮੀ ਦਾ ਨਤੀਜਾ ਸੀ। ਰੇਲਵੇ ਦੀ ਉੱਚ ਪੱਧਰੀ ਜਾਂਚ ਕਮੇਟੀ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦਿਆਂ ਜੈਰਾਮ ਰਮੇਸ਼ ਨੇ ਕਿਹਾ, ‘ਇਹੀ ਤਾਂ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ। ਵੰਦੇ ਭਾਰਤ ਰੇਲ ਗੱਡੀਆਂ ਦਾ ਉਦਘਾਟਨ, ਬੁਲੇਟ ਟਰੇਨਾਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਵਿਸ਼ੇਸ਼ ਕੈਡਰਾਂ ਨਾਲ ਛੇੜਛਾੜ ਕਰਨ ਦੀ ਸਨਕ ਵਿੱਚ ਮੋਦੀ ਸਰਕਾਰ ਨੇ ਰੇਲਵੇ ਸੁਰੱਖਿਆ ਦੇ ਬੁਨਿਆਦੀ ਮੁੱਦਿਆਂ ਨਾਲ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਹੈ।’ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ਼ੀਨੇਤ ਨੇ ਕਿਹਾ ਕਿ ਰੇਲਾਂ ਰਾਹੀਂ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। -ਪੀਟੀਆਈ
ਮੁਸਾਫਰਾਂ ਦੀ ਸੁਰੱਖਿਆ ਸਰਕਾਰ ਦੀ ਤਰਜੀਹ ਨਹੀਂ: ਟੀਐੱਮਸੀ
ਨਵੀਂ ਦਿੱਲੀ: ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਸਰਕਾਰ ਲਈ ਮੁਸਾਫਰਾਂ ਦੀ ਸੁਰੱਖਿਆ ਦੀ ਥਾਂ ਲੋਕ ਸੰਪਰਕ ਜ਼ਿਆਦਾ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਭਾਰਤੀ ਰੇਲਵੇ ਬਾਰੇ ਚੁੱਕੇ ਗਏ ਗੰਭੀਰ ਮਸਲਿਆਂ ਨੂੰ ਕੇਂਦਰ ਸਰਕਾਰ ਨੇ ਦਰਕਿਨਾਰ ਕੀਤਾ ਹੈ। ਟੀਐੱਮਸੀ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਦਾਅਵਾ ਕੀਤਾ ਕਿ ਦੇਸ਼ ਦੀਆਂ ਮੁਸਾਫਰ ਰੇਲ ਗੱਡੀਆਂ ਚਲਦੇ ਫਿਰਦੇ ਮੁਰਦਾਘਰ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਸਦ ’ਚ ਵਿਰੋਧੀ ਧਿਰਾਂ ਨੇ ਕਈ ਵਾਰ ਗੰਭੀਰ ਮਸਲੇ ਚੁੱਕੇ ਤੇ ਉਸਾਰੂ ਸੁਝਾਅ ਵੀ ਦਿੱਤੇ ਪਰ ਕੋਈ ਸੁਣਵਾਈ ਨਹੀਂ ਹੋਈ। -ਪੀਟੀਆੲੀ