ਉੜੀਸਾ: ਚੱਕਰਵਾਤੀ ਤੂਫ਼ਾਨ 'ਦਾਨਾ' ਨੇ ਦਿੱਤੀ ਦਸਤਕ
ਭਦਰਕ, 25 ਅਕਤੂਬਰ
Cyclone Dana: ਚੱਕਰਵਾਤੀ ਤੂਫ਼ਾਨ ‘ਦਾਨਾ’ ਉੜੀਸਾ ਦੇ ਭਦਰਕ ਜ਼ਿਲ੍ਹੇ ਵਿੱਚ ਪੁੱਜਣ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ ਜਿਸ ਦੌਰਾਨ ਕਈ ਦਰੱਖਤ ਉੱਖੜ ਗਏ ਅਤੇ ਇਲਾਕੇ ਦੀਆਂ ਕਈ ਸੜਕਾਂ ਜਾਮ ਹੋ ਗਈਆਂ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਉੜੀਸਾ ਵਿੱਚ ਇਸ ਸਮੇਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਆਈਐਮਡੀ ਨੇ ‘ਐਕਸ’ ’ਤੇ ਪੋਸਟ ਕੀਤਾ ਅਤੇ ਕਿਹਾ ਕਿ ਗੰਭੀਰ ਚੱਕਰਵਾਤੀ ਤੂਫਾਨ ਦਾਨਾ 12 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧਿਆ ਅਤੇ ਉੱਤਰੀ ਸਾਹਿਲੀ ਉੜੀਸਾ, ਧਮਾਰਾ ਤੋਂ ਲਗਭਗ 15 ਕਿਲੋਮੀਟਰ ਉੱਤਰ ਅਤੇ ਹਬਲੀਖਾਟੀ ਕੁਦਰਤ ਕੈਂਪ ਤੋਂ 30 ਕਿਲੋਮੀਟਰ ਉੱਤਰ-ਉੱਤਰ ਪੱਛਮ ਵਿੱਚ ਕੇਂਦਰਿਤ ਹੋਇਆ।
ਆਈਐਮਡੀ ਨੇ ਇਹ ਵੀ ਦੱਸਿਆ ਕਿ ਲੈਂਡਫਾਲ ਪ੍ਰਕਿਰਿਆ ਅਗਲੇ 1-2 ਘੰਟਿਆਂ ਤੱਕ ਜਾਰੀ ਰਹੇਗੀ। ਇਸਦੇ ਉੱਤਰੀ ਉੜੀਸਾ ਵਿੱਚ ਲਗਭਗ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਅੱਜ, 25 ਅਕਤੂਬਰ ਦੀ ਦੁਪਹਿਰ ਤੱਕ ਹੌਲੀ-ਹੌਲੀ ਇਹ ਕਮਜ਼ੋਰ ਹੋ ਜਾਵੇਗਾ।
ਇਸ ਤੋਂ ਪਹਿਲਾਂ ਉੜੀਸਾ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਚੱਕਰਵਾਤ ਨਾਲ ਲਗਭਗ 10 ਜ਼ਿਲ੍ਹੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਕਿਹਾ ਕਿ ਨਿਕਾਸੀ ਦਾ ਕੰਮ ਪਹਿਲਾਂ ਹੀ ਆਪਣੇ ਸਿੱਟੇ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤਿੰਨ ਲੱਖ ਸੱਤਰ ਹਜ਼ਾਰ ਲੋਕਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਹੈ, ਅਸੀਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 7307 ਰਾਹਤ ਕੇਂਦਰ ਤਿਆਰ ਕੀਤੇ ਹਨ। -ਏਐੱਨਆਈ