For the best experience, open
https://m.punjabitribuneonline.com
on your mobile browser.
Advertisement

ਵਿਨੀਪੈੱਗ ਵਿਖੇ ਨਗਰ ਕੀਰਤਨ ਸਜਾਇਆ

07:37 AM Sep 04, 2024 IST
ਵਿਨੀਪੈੱਗ ਵਿਖੇ ਨਗਰ ਕੀਰਤਨ ਸਜਾਇਆ
ਵਿਨੀਪੈੱਗ ਵਿੱਚ ਕੀਤੇ ਗਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ
Advertisement

ਸੁਰਿੰਦਰ ਮਾਵੀ
ਵਿਨੀਪੈੱਗ: ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਲੈਜਿਸਲੈਟਿਵ ਬਿਲਡਿੰਗ ਦੇ ਪਾਰਕ ਵਿੱਚ ਕੀਤਾ ਗਿਆ। ਇਸ ਵਿੱਚ ਸ਼ਾਮਲ ਹੋਣ ਲਈ ਆਈਆਂ ਸੰਗਤਾਂ ਨੇ ਵਿਨੀਪੈੱਗ ਸ਼ਹਿਰ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ ।
ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਸੁੰਦਰ ਤਰੀਕੇ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਸੰਗਤਾਂ ‘ਵਾਹਿਗੁਰੂ-ਵਾਹਿਗੁਰੂ’ ਦਾ ਜਾਪ ਕਰ ਰਹੀਆਂ ਸਨ। ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਮੋਟਰ ਸਾਈਕਲ ਕਲੱਬ ਦੀ ਟੀਮ ਵੱਲੋਂ ਵੀ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ। ਮੈਨੀਟੋਬਾ ਦੇ ਵੱਖ ਵੱਖ ਗੱਤਕਾ ਅਖਾੜੇ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਪੁਰਾਣੇ ਜੰਗਜੂ ਦ੍ਰਿਸ਼ ਪੇਸ਼ ਕਰ ਕੇ ਖ਼ਾਲਸਾਈ ਮਾਹੌਲ ਸਿਰਜਿਆ। ਨਗਰ ਕੀਰਤਨ ਵਿੱਚ ਸਿੱਖ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਵੀ ਗੱਤਕੇ ਦੇ ਜੌਹਰ ਦਿਖਾਏ ਗਏ। ਭਾਈ ਰਾਮ ਸਿੰਘ ਰਫ਼ਤਾਰ (ਨਕੋਦਰ ਵਾਲੇ ) ਢਾਡੀ ਜਥੇ ਨੇ ਢਾਡੀ ਵਾਰਾਂ ਸੁਣਾਈਆਂ। ਖ਼ਾਲਸਾ ਗਰੁੱਪ ਵਿਨੀਪੈੱਗ ਵੱਲੋਂ ਦਸਤਾਰਾਂ ਸਜਾਉਣ ਅਤੇ ਵੰਡਣ ਦੀ ਸੇਵਾ ਨਿਭਾਉਣ ਵਾਲੇ ਮੈਂਬਰਾਂ ਵੱਲੋਂ ਇਸ ਨਗਰ ਕੀਰਤਨ ’ਚ ਲਗਾਏ ਟੈਂਟ ’ਚ ਚਾਹਵਾਨ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਜਾਣਕਾਰੀ ਦਿੱਤੀ ਅਤੇ ਮੁਫ਼ਤ ਦਸਤਾਰਾਂ ਵੰਡਣ ਦੀ ਸੇਵਾ ਵੀ ਨਿਭਾਈ ਗਈ। ਸੰਗਤਾਂ ਲਈ ਲੰਗਰ ਵੀ ਲਗਾਏ ਗਏ ਸਨ ਜਿਨ੍ਹਾਂ ’ਚ ਨੌਜਵਾਨਾਂ ਨੇ ਵਧ ਚੜ੍ਹ ਕੇ ਸੇਵਾ ਕੀਤੀ।
ਮੈਨੀਟੋਬਾ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਮੈਨੀਟੋਬਾ ਦੇ ਮੁੱਖ ਮੰਤਰੀ ਵੈੱਬ ਕਿਨਿਊ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਲਿਬਰਲ ਪਾਰਟੀ ਦੇ ਐੱਮ ਪੀ ਕੇਵਿਨ ਲੇਮੁਰੇਸ ਨੇ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ ਅਤੇ ਕੈਨੇਡਾ ਵਖਰੇਵਿਆਂ ਦੇ ਬਾਵਜੂਦ ਨਹੀਂ ਸਗੋਂ ਵਖਰੇਵਿਆਂ ਦੇ ਕਾਰਨ ਮਜ਼ਬੂਤ ਹੈ। ਸਿੱਖ ਸੁਸਾਇਟੀ ਆਫ ਮੈਨੀਟੋਬਾ ਗੁਰਦੁਆਰੇ ਦੇ ਪ੍ਰਧਾਨ ਗੁਰਮੀਤ ਸਿੰਘ ਪੰਛੀ ਨੇ ਕਿਹਾ ਕਿ ਸੰਗਤਾਂ ਵਿੱਚ ਨਗਰ ਕੀਰਤਨ ਸਬੰਧੀ ਅਥਾਹ ਸ਼ਰਧਾ ਅਤੇ ਉਤਸ਼ਾਹ ਸੀ।

Advertisement
Advertisement
Author Image

Advertisement