For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਵਿੱਚ ਔਖਾ ਹੋਇਆ ਪੰਜਾਬੀਆਂ ਦਾ ਜੀਵਨ ਬਸਰ

07:38 AM Sep 04, 2024 IST
ਕੈਨੇਡਾ ਵਿੱਚ ਔਖਾ ਹੋਇਆ ਪੰਜਾਬੀਆਂ ਦਾ ਜੀਵਨ ਬਸਰ
Advertisement

ਮਲਵਿੰਦਰ
ਪਿੱਛੇ ਜਿਹੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਅਖ਼ਬਾਰਾਂ ਵਿੱਚ ਖ਼ਬਰਾਂ ਛਪੀਆਂ ਕਿ ਪੁਲੀਸ ਨੇ ਤਿੰਨ ਪੰਜਾਬੀ ਮੁੰਡਿਆਂ ਨੂੰ ਸਟੋਰ ਲੁੱਟਣ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ। ਇਹ ਖ਼ਬਰ ਪੜ੍ਹ ਕੇ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ। ਇਹ ਖ਼ਤਰਨਾਕ ਵਰਤਾਰਾ ਹੈ। ਜਦ ਅਜਿਹੀਆਂ ਘਟਨਾਵਾਂ ਸਾਨੂੰ ਹੈਰਾਨ ਨਾ ਕਰਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜੀਵਨ ਦੀਆਂ ਬੇਤਰਤੀਬੀਆਂ ਨਾਲ ਸਮਝੌਤਾ ਕਰ ਲਿਆ ਹੈ। ਸਮਾਜ ਵਿੱਚ ਹੋ ਰਹੇ ਗ਼ਲਤ ਦੇ ਨਤੀਜਿਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ ਅਤੇ ਅਸੀਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਹੇ ਹਾਂ। ਅਜਿਹਾ ਓਦੋਂ ਵੀ ਵਾਪਰਦਾ ਹੈ ਜਦੋਂ ਸਾਡੇ ਆਸਪਾਸ ਗ਼ੈਰ ਕਾਨੂੰਨੀ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੁੰਦਾ ਹੈ, ਪਰਿਵਾਰ ਬਿਖਰ ਰਹੇ ਹੁੰਦੇ ਹਨ, ਜਵਾਨ ਲੜਕੇ ਮਰ ਰਹੇ ਹੁੰਦੇ ਹਨ ਤੇ ਅਸੀਂ ਚੁੱਪ ਰਹਿੰਦੇ ਹਾਂ।
ਪਰਵਾਸ ਕਰਕੇ ਬਿਹਤਰ ਜੀਵਨ ਹਾਲਤਾਂ ਲਈ ਦੂਜੇ ਦੇਸ਼ ਵਿੱਚ ਅਜਿਹੀਆਂ ਕਰਤੂਤਾਂ ਡੂੰਘੀ ਸੋਚ ਵਿਚਾਰ ਮੰਗਦੀਆਂ ਹਨ। ਕੈਨੇਡਾ ਵਿੱਚ ਅਜਿਹਾ ਕੀ ਹੈ ਕਿ ਅਸੀਂ ਆਪਣੀਆਂ ਚੰਗੀਆਂ ਨੌਕਰੀਆਂ ਛੱੱਡ ਕੇ, ਕਾਰੋਬਾਰ ਤਿਆਗ ਕੇ, ਚੰਗੀ ਭਲੀ ਖੇਤੀ ਛੱਡ ਕੇ, ਦੋ-ਮੰਜ਼ਲੀ ਕੋਠੀਆਂ ਨੂੰ ਜਿੰਦਰੇ ਮਾਰ ਕੇ ਇੱਧਰ ਆ ਗਏ ਹਾਂ ਜਾਂ ਆਉਣ ਲਈ ਤਰਲੋਮੱਛੀ ਹੋ ਰਹੇ ਹਾਂ। ਅਸੀਂ ਆਪਣੀਆਂ ਅਠਾਰਾਂ ਅਠਾਰਾਂ ਸਾਲਾਂ ਦੀਆਂ ਮਾਸੂਮ ਧੀਆਂ ਤੇ ਪੁੱਤਰਾਂ ਨੂੰ ਵੱਡੀ ਰਕਮ ਖ਼ਰਚ ਕਰਕੇ ਜਹਾਜ਼ ਚਾੜ੍ਹ ਰਹੇ ਹਾਂ? ਸ਼ਾਇਦ ਕੈਨੇਡਾ ਵਿੱਚ ਬਹੁਤ ਕੁਝ ਸੀ ਤੇ ਹੈ ਵੀ, ਪਰ ਸਾਡਾ ਵਿਹਾਰ ਤੇ ਚਾਲ-ਚੱਲਣ ਇਸ ਦੇ ਸਿਫਤੀ ਮੁਹਾਂਦਰੇ ਨੂੰ ਵਲੂੰਧਰ ਰਿਹਾ ਹੈ। ਕਾਰਾਂ ਚੋਰੀ ਕਰਨ, ਡਰੱਗਜ਼ ਦਾ ਕਾਰੋਬਾਰ, ਸਟੋਰਾਂ ਦੀਆਂ ਕੰਧਾਂ ਪਾੜ ਕੇ ਸਾਮਾਨ ਲੁੱਟਣ, ਸਟੋਰਾਂ ਦੀਆਂ ਟਰਾਲੀਆਂ ਵਿੱਚ ਗਰੋਸਰੀ ਦਾ ਸਾਮਾਨ ਲੱਦ ਕੇ ਆਪਣੇ ਘਰ ਤੱਕ ਲਿਜਾ ਕੇ ਟਰਾਲੀ ਕਿਸੇ ਗਲੀ ਸੜਕ ਕਿਨਾਰੇ ਲਾਵਾਰਸ ਛੱਡਣ, ਕਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗੀਤ ਲਾਉਣੇ ਤੇ ਪਲਾਜ਼ਿਆਂ, ਸਿਟੀ ਸੈਂਟਰਾਂ ਦੀਆਂ ਪਾਰਕਾਂ ਵਿੱਚ ਗੇੜੇ ਲਾਉਣੇ, ਕੁੜੀਆਂ ਨੂੰ ਘਟੀਆ ਨਜ਼ਰਾਂ ਨਾਲ ਘੂਰਨਾ ਆਦਿ ਕਈ ਨਿੱਕੀਆਂ ਨਿੱਕੀਆਂ ਗੱਲਾਂ ਹਨ ਜਿਨ੍ਹਾਂ ਦੇ ਨਤੀਜੇ ਵੱਡੇ ਨਿਕਲਣ ਵਾਲੇ ਹਨ। ਅਜਿਹੇ ਕਾਰਜਾਂ ’ਚ ਲੁਪਤ ਭਾਵੇਂ ਥੋੜ੍ਹੇ ਜਿਹੇ ਹਨ, ਪਰ ਸਮੁੱਚੇ ਪੰਜਾਬੀ ਭਾਈਚਾਰੇ ਦੇ ਮੱਥੇ ’ਤੇ ਕਲੰਕ ਦਾ ਦਾਗ ਲਾਉਣ ਲਈ ਇਹ ਬਹੁਤ ਹੈ।
ਇਹ ਕੋਈ ਨਵੀਂ ਗੱਲ ਨਹੀਂ ਕਿ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇੱਥੇ ਪੱਕੇ ਹੋਣ ਲਈ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਦੋ ਲੱਖ ਦੇ ਨੇੜੇ ਪੁੱਜ ਗਈ ਹੈ ਜਿਨ੍ਹਾਂ ਵਿੱਚ 10,000 ਪੰਜਾਬੀ ਹਨ। ਸ਼ਰਨ ਕੈਨੇਡਾ ਵਿੱਚ ਪੱਕੇ ਹੋਣ ਦਾ ਇੱਕ ਰਾਹ ਹੈ। ਇਸ ਦੀ ਇਜਾਜ਼ਤ ਤਾਂ ਮਿਲਦੀ ਹੈ ਜੇਕਰ ਤੁਹਾਡੀ ਨਸਲ, ਧਰਮ, ਕੌਮੀਅਤ ਜਾਂ ਰਾਜਨੀਤਕ ਵਿਚਾਰਾਂ ਕਾਰਨ ਤੁਹਾਨੂੰ ਤੁਹਾਡੇ ਆਪਣੇ ਦੇਸ਼ ਵਿੱਚ ਸਤਾਇਆ ਜਾ ਰਿਹਾ ਹੈ। ਤੁਹਾਡੇ ਉੱਪਰ ਅੱਤਿਆਚਾਰ ਹੋ ਰਿਹਾ ਹੈ ਜਾਂ ਹੋਣ ਦਾ ਡਰ ਹੈ। ਇਸ ਤੋਂ ਇਲਾਵਾ ਵਰਕ ਪਰਮਿਟ ਵੀ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਕੈਨੇਡਾ ਵਿੱਚ ਪੱਕੇ ਹੋਣ ਦੀ ਆਸ ਕਰ ਸਕਦੇ ਹਾਂ।
ਵਿਦਿਆਰਥੀ ਵੀਜ਼ੇ ਉੱਪਰ ਕੈਨੇਡਾ ਆਏ ਜਾਂ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਰਾਹ ਗਲੀ ਮਿਲਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਦੋਂ ਜੌਬ ਬਾਰੇ ਪੁੱਛੀ ਦਾ ਤਾਂ ਬਹੁਤਿਆਂ ਦਾ ਜਵਾਬ ਹੁੰਦਾ ਕਿ ਕੋਸ਼ਿਸ਼ ਕਰ ਰਹੇ ਹਾਂ। ਗਰੋਸਰੀ ਮਹਿੰਗੀ ਹੋ ਗਈ ਹੈ। ਰਹਿਣ ਲਈ ਬੇਸਮੈਂਟਾਂ ਦੇ ਕਿਰਾਏ ਵਧ ਗਏ ਹਨ। ਜੇਕਰ ਇਨ੍ਹਾਂ ਦੇ ਭਵਿੱਖ ਦੀ ਗੱਲ ਕਰੀਏ ਤਾਂ ਹਾਲਾਤ ਹੱਕ ਵਿੱਚ ਭੁਗਤਦੇ ਨਹੀਂ ਲੱਗਦੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੱਕੇ ਤੌਰ ’ਤੇ ਕੈਨੇਡਾ ਵਿੱਚ ਨਹੀਂ ਰਹਿ ਸਕਦੇ। ਉਸ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਮੁਕੰਮਲ ਕਰਕੇ ਆਪਣੇ ਘਰ ਪਰਤ ਜਾਣ ਦੀ ਸਲਾਹ ਦਿੱਤੀ ਹੈ।
ਉਂਝ ਜਦੋਂ ਇਸ ਦਾ ਦੂਜਾ ਪਾਸਾ ਵੇਖਦੇ ਹਾਂ ਤਾਂ ਸਥਿਤੀ ਵੱਖਰੀ ਲੱਗਦੀ ਹੈ। ਵਿਦਿਆਰਥੀ ਵੀਜ਼ੇ ’ਤੇ ਆਏ ਵਿਦਿਆਰਥੀਆਂ ਦੀ ਫੀਸ ਦੇ ਰੂਪ ਵਿੱਚ ਆਉਂਦੀ ਰਕਮ ਅਰਬਾਂ ਡਾਲਰ ਹੈ। ਇਸ ਦੇਸ਼ ਦੀ ਆਰਥਿਕਤਾ ਪਰਵਾਸੀਆਂ ਦੁਆਰਾ ਫੀਸ ਅਤੇ ਟੈਕਸ ਦੇ ਰੂਪ ਵਿੱਚ ਆਉਂਦੀ ਰਾਸ਼ੀ ਉੱਪਰ ਨਿਰਭਰ ਹੈ। ਕੁਝ ਵੀ ਹੋਵੇ ਮੌਜੂਦਾ ਸਮੇਂ ਇੱਥੇ ਹਰ ਹੈਸੀਅਤ ਦਾ ਪਰਵਾਸੀ ਸੰਕਟ ਵਿੱਚ ਹੈ। ਪਰਵਾਸ ਲਈ ਘਰੋਂ ਤੁਰਨਾ ਕਠਿਨ ਫ਼ੈਸਲਾ ਹੁੰਦਾ ਹੈ। ਰਿਵਰਸ ਪਰਵਾਸ ਹੋਰ ਵੀ ਕਠਿਨ ਤੇ ਨਿਰਾਸ਼ਾਜਨਕ ਹੁੰਦਾ ਹੈ। ਕੁਝ ਇਹ ਕਠਿਨ ਫ਼ੈਸਲਾ ਕਰ ਕੇ ਵਾਪਸ ਪੰਜਾਬ ਪਰਤ ਵੀ ਰਹੇ ਹਨ। ਇਹ ਰੁਝਾਨ ਅਜੇ ਮੁੱਢਲੇ ਪੜਾਅ ’ਤੇ ਹੈ। ਫਿਰ ਵੀ ਸਥਿਤੀ ਦਾ ਮੁਲਾਂਕਣ ਕਰਨ ਲਈ ਬਹੁਤ ਹੈ।
ਵਿਜ਼ਿਟਰ ਵੀਜ਼ੇ ’ਤੇ ਆ ਰਹੇ ਪਰਵਾਸੀ ਇੱਥੇ ਪੱਕੇ ਤੌਰ ’ਤੇ ਟਿਕ ਜਾਣਾ ਚਾਹੁੰਦੇ ਹਨ। ਇਸ ਲਈ ਉਹ ਏਜੰਟਾਂ ਤੇ ਵਕੀਲਾਂ ਦੀ ਸ਼ਰਨ ਵਿੱਚ ਜਾਂਦੇ ਹਨ। ਇਹ ਲੋਕ ਚਾਹਵਾਨਾਂ ਕੋਲੋਂ ਮੋਟੀ ਰਕਮ ਵਸੂਲ ਕੇ ਉਨ੍ਹਾਂ ਦੀ ਫਾਈਲ ਸ਼ਰਨ ਲੈਣ ਲਈ ਲਾ ਦਿੰਦੇ ਹਨ। ਫਾਈਲ ਨਾਲ ਝੂਠੇ ਸੱਚੇ ਦਸਤਾਵੇਜ਼ ਵਕੀਲ ਖ਼ੁਦ ਹੀ ਤਿਆਰ ਕਰ ਲੈਂਦੇ ਹਨ। ਸ਼ਰਨ ਮਿਲਣ ’ਤੇ ਬੰਦੇ ਨੂੰ ਰਫਿਊਜੀ ਦਾ ਸਟੇਟਸ ਮਿਲ ਜਾਂਦਾ ਹੈ ਜਿਸ ਦਾ ਭਾਵ ਹੈ ਕਿ ਤੁਹਾਨੂੰ ਆਪਣੇ ਹੀ ਦੇਸ਼ ਵਿੱਚ ਖ਼ਤਰਾ ਹੈ। ਇੱਥੇ ਪੱਕੇ ਹੋਣ ਲਈ ਆਪਣੇ ਦੇਸ਼ ਵਿੱਚ ਖ਼ਤਰੇ ਦਾ ਖ਼ਤਰਾ ਵੀ ਮੁੱਲ ਲੈਣਾ ਪੈਂਦਾ ਹੈ। ਇੰਝ ਹੀ ਲੋਕ ਮੋਟੀਆਂ ਰਕਮਾਂ ਲੈ ਕੇ ਵਰਕ ਪਰਮਿਟ ਦਿੰਦੇ ਹਨ। ਬੱਸ ਸਟਾਪ ’ਤੇ ਮਿਲੀ ਇੱਕ ਲੜਕੀ ਦੱਸਦੀ ਹੈ ਕਿ ਉਸ ਕੋਲ ਵਰਕ ਪਰਮਿਟ ਹੈ, ਪਰ ਵਰਕ ਨਹੀਂ। ਕੈਨੇਡਾ ਦੇ ਚਾਹਵਾਨਾਂ ਨਾਲ ਇਹ ਧਾਂਦਲੀਆਂ ਵੀ ਹੋ ਰਹੀਆਂ ਹਨ। ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਦਿੱਤਾ ਤਾਂ ਬਹੁਤ ਸਾਰੀਆਂ ਗੱਲਾਂ ਦਾ ਓਹਲਾ ਰੱਖ ਕੇ ਲੜਕੀਆਂ ਨੇ ਦੱਸਿਆ ਕਿ ਜੌਬ ਦੇਣ ਬਦਲੇ ਉਨ੍ਹਾਂ ਨੂੰ ਉਹ ਕੰਮ ਵੀ ਕਰਨ ਨੂੰ ਕਿਹਾ ਜਾਂਦਾ ਹੈ ਜਿਸ ਦਾ ਜ਼ਿਕਰ ਉਹ ਇੱਥੇ ਨਹੀਂ ਕਰ ਸਕਦੀਆਂ।
ਇੱਕ ਲੜਕੀ ਨੂੰ ਮਸਾਜ ਕਰਨ ਦੀ ਨੌਕਰੀ ਦੀ ਪੇਸ਼ਕਸ ਕੀਤੀ ਗਈ। ਉਹ ਮਸਾਜ ਦੇ ਅਰਥ ਸਮਝਦੀ ਸੀ ਤਾਂ ਉਸ ਨੇ ਪੇਸ਼ਕਸ਼ ਠੁਕਰਾ ਦਿੱਤੀ। ਇੱਕ ਹੋਰ ਨੂੰ ਸ਼ਰਾਬ ਵਰਤਾਉਣ ਦੀ ਜੌਬ ਦੇਣ ਵੇਲੇ ਸ਼ਰਤ ਸੀ ਕਿ ਕੱਪੜੇ ਛੋਟੇ ਪਹਿਨਣੇ ਹਨ ਅਤੇ ਖ਼ੁਦ ਸ਼ਰਾਬ ਦਾ ਸੇਵਨ ਕਰਨਾ ਹੈ ਤਾਂ ਜੋ ਗਾਹਕ ਨੂੰ ਉਸ ਦੇ ਸਵਾਦ ਬਾਰੇ ਦੱਸਿਆ ਜਾਵੇ। ਉਸ ਨੂੰ ਵੀ ਜੌਬ ਠੁਕਰਾਉਣੀ ਠੀਕ ਲੱਗੀ, ਪਰ ਇਹ ਸਮਝ ਤੇ ਇਰਾਦਾ ਹਰ ਲੜਕੀ ਕੋਲ ਨਹੀਂ ਹੁੰਦਾ। ਇਸ ਤਰ੍ਹਾਂ ਕੁਝ ਹੋਰ ਵਿਦਿਆਰਥੀਆਂ ਨੇ ਆਪਣੇ ਮੁੱਢਲੇ ਦਿਨਾਂ ਦੇ ਸੰਘਰਸ਼ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਦੌਰਾਨ ਮੈਨੂੰ ਇਹ ਸਮਝ ਆਈ ਕਿ ਸਾਨੂੰ ਵੱਧ ਤੋਂ ਵੱਧ ਅਜਿਹੇ ਮੰਚ ਮੁਹੱਈਆ ਕਰਵਾਉਣੇ ਚਾਹੀਦੇ ਹਨ ਜਿੱਥੇ ਉਹ ਆਪਣੇ ਸੰਘਰਸ਼ ਦੀ ਗੱਲ ਕਰਦਿਆਂ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲ ਕਰ ਸਕਣ। ਇੰਝ ਹੋਰਾਂ ਅਤੇ ਨਵਿਆਂ ਨੂੰ ਲੋੜੀਂਦਾ ਗਿਆਨ ਮਿਲ ਸਕਦਾ ਹੈ ਜਿਸ ਨਾਲ ਉਹ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਤਿਆਰ ਹੋ ਸਕਦੇ ਹਨ।
ਕੁਲ ਮਿਲਾ ਕੇ ਕੈਨੇਡਾ ਚੰਗਾ ਮੁਲਕ ਹੈ। ਪੌਣ, ਪਾਣੀ ਤੇ ਭੋਇੰ ਨੂੰ ਸੰਭਾਲਿਆ ਹੋਇਆ ਹੈ। ਲੋਕ ਨਿਯਮਾਂ ਦਾ ਪਾਲਣ ਕਰਦੇ ਹਨ। ਲੋਕਾਂ ਨੂੰ ਆਪਣੇ ਕਿਸੇ ਕੰਮ ਲਈ ਦਫ਼ਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ, ਪਰ ਮੰਦੀ ਦਾ ਦੌਰ ਚੱਲ ਰਿਹਾ ਹੈ। ਨਵੇਂ ਆਏ ਵਿਦਿਆਰਥੀਆਂ ਨੂੰ ਤੇ ਕਈ ਪੁਰਾਣਿਆਂ ਨੂੰ ਵੀ ਜੌਬ ਨਹੀਂ ਮਿਲ ਰਹੀ। ਵਿਆਜ ਦਰਾਂ ਵਧਣ ਕਾਰਨ ਘਰ ਖ਼ਰੀਦਣੇ ਔਖੇ ਹੋ ਗਏ ਹਨ। ਜੀਵਨ ਬਸਰ ਮਹਿੰਗਾ ਹੋ ਗਿਆ ਹੈ। ਅਜਿਹੇ ਵਿੱਚ ਤਹੱਮਲ ਰੱਖਣ ਦੀ ਲੋੜ ਹੈ। ਜਿਹੜੇ ਪਰਵਾਸੀ ਸਿਸਟਮ ਦੇ ਮੇਚ ਨਹੀਂ ਆਉਂਦੇ, ਉਹ ਸਰਕਾਰ ਦੀ ਅੱਖ ’ਚ ਰੜਕਦੇ ਹਨ। ਸਟੱਡੀ ਵੀਜ਼ੇ ’ਤੇ ਆਇਆਂ ਨੂੰ ਪੀ.ਆਰ. ਨਾ ਦੇਣ ਦੇ ਫ਼ੈਸਲੇ ਵਰਗੇ ਹੋਰ ਕਠਿਨ ਫ਼ੈਸਲੇ ਵੀ ਆ ਸਕਦੇ ਹਨ। ਪਰਵਾਸੀਆਂ ਤੇ ਖ਼ਾਸ ਕਰਕੇ ਪੰਜਾਬੀ ਪਰਵਾਸੀਆਂ ਨੂੰ ਸੋਚਣ ਦੀ ਲੋੜ ਹੈ। ਨਹੀਂ ਤਾਂ ਕੈਨੇਡਾ ਹੱਥਾਂ ’ਚੋਂ ਤਿਲ੍ਹਕ ਜਾਵੇਗਾ।
ਸੰਪਰਕ: 365 994 6744

Advertisement
Advertisement
Author Image

Advertisement