ਕਰੋਨਾ ਨਿਯਮਾਂ ਦੀ ਉਲੰਘਣਾ ਸਬੰਧੀ ਦਰਜ ਕੇਸ ਰੱਦ ਕਰਨ ਦੇ ਆਦੇਸ਼
ਚੰਡੀਗੜ੍ਹ (ਟਨਸ):
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਦਰਜ ਪੁਲੀਸ ਕੇਸ ਰੱਦ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਮਗਰੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਰੋਨਾ ਮਹਾਮਾਰੀ ਦੌਰਾਨ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ (ਧਾਰਾ 188) ਤਹਿਤ ਦਰਜ ਕੀਤੇ ਕੇਸਾਂ ਵਿੱਚੋਂ ਬਕਾਇਆ ਪਏ ਹਜ਼ਾਰਾਂ ਕੇਸ ਰੱਦ ਕੀਤੇ ਜਾਣਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਅਦਾਲਤਾਂ ਵਿੱਚ ਲਟਕਦੇ ਆ ਰਹੇ ਵੱਡੀ ਗਿਣਤੀ ਕੇਸਾਂ ਨੂੰ ਦੇਖਦਿਆਂ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 15 ਮਾਰਚ 2020 ਤੋਂ 28 ਮਾਰਚ 2022 ਤੱਕ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਧਾਰਾ 188 ਤਹਿਤ ਦਰਜ ਸਾਰੇ ਕੇਸ ਰੱਦ ਕੀਤੇ ਜਾਣ। ਹਾਈ ਕੋਰਟ ਨੇ ਕਿਹਾ ਕਿ ਕਰੋਨਾ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਜ਼ਰੂਰੀ ਸੀ, ਪਰ ਮਹਾਂਮਾਰੀ ਦਾ ਦੌਰ ਲੰਘ ਚੁੱਕਿਆ ਹੈ। ਉਸ ਦੌਰਾਨ ਦਰਜ ਹਜ਼ਾਰਾਂ ਕੇਸ ਅਦਾਲਤ ਵਿੱਚ ਲਟਕ ਰਹੇ ਹਨ। ਇਸ ਨਾਲ ਅਦਾਲਤਾਂ ਦਾ ਕੰਮ ਪ੍ਰਭਾਵਤ ਹੋ ਰਿਹਾ ਹੈ। ਇਸ ਲਈ ਇਨ੍ਹਾਂ ਕੇਸਾਂ ਨੂੰ ਰੱਦ ਕੀਤਾ ਜਾਵੇ। ਪੰਜਾਬ ਦੇ 859, ਹਰਿਆਣਾ ਦੇ 169 ਤੇ ਚੰਡੀਗੜ੍ਹ ਦੇ 84 ਪੁਲੀਸ ਕੇਸ ਪੈਂਡਿੰਗ ਹਨ। ਇਸ ਤਰ੍ਹਾਂ 1112 ਕੇਸ ਰੱਦ ਕੀਤੇ ਜਾਣਗੇ। ਹਾਈ ਕੋਰਟ ਨੇ ਉਕਤ ਮਾਮਲੇ ’ਤੇ ਨੋਟਿਸ ਲੈਂਦਿਆਂ ਫਰਵਰੀ ਮਹੀਨੇ ਵਿੱਚ ਹੀ ਉਕਤ ਕੇਸਾਂ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਸੀ।