ਦੁਲੱਦੀ ਵਿੱਚ ਸ਼ਹਿਰੀ ਸੀਵਰੇਜ ਦੀ ਪਾਈਪਲਾਈਨ ਪਾਉਣ ਦਾ ਵਿਰੋਧ
ਜੈਸਮੀਨ ਭਾਰਦਵਾਜ
ਨਾਭਾ, 13 ਜੁਲਾਈ
ਨਾਭਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਪਾਣੀ ਦੀ ਨਿਕਾਸੀ ਲਈ ਪਿੰਡ ਦੁਲੱਦੀ ਵੱਲ ਵਿਛਾਈ ਜਾ ਰਹੀ ਪਾਈਪਲਾਈਨ ਦਾ ਵਿਰੋਧ ਕਰਦੇ ਹੋਏ ਅੱਜ ਦੁਲੱਦੀ ਵਾਸੀਆਂ ਨੇ ਮੌਕੇ ’ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਕੰਮ ਕਰ ਰਹੇ ਮੁਲਾਜ਼ਮ ਮਸ਼ੀਨਰੀ ਲੈ ਕੇ ਮੌਕੇ ਤੋਂ ਚਲੇ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਗੈਰ ਗ੍ਰਾਮ ਸਭਾ ਦੀ ਮਨਜ਼ੂਰੀ ਤੋਂ ਸ਼ਹਿਰ ਦਾ ਸੀਵਰੇਜ ਵਾਲਾ ਪਾਣੀ ਪਿੰਡ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਪਿੰਡ ਨੂੰ ਬਿਮਾਰੀਆਂ ਅਤੇ ਹੜ੍ਹ ਵਰਗੇ ਹਾਲਾਤ ਵੱਲ ਧੱਕਿਆ ਜਾ ਰਿਹਾ ਹੈ।
ਲੋਕਾਂ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਕਰਤਾਰ ਕਲੋਨੀ ਪੰਚਾਇਤ ਨੇ ਸ਼ਹਿਰ ਦੀ ਦਰਜਨ ਕਲੋਨੀਆਂ ਦਾ ਸੀਵਰੇਜ ਆਪਣੇ ਚੋਅ ’ਚ ਪਵਾ ਲਿਆ ਸੀ ਜਿਹੜਾ ਕਿ ਦੁਲੱਦੀ ਪਿੰਡ ਦੇ ਟੋਭੇ ਵਿੱਚ ਪਹੁੰਚ ਕੇ ਧਰਤੀ ਹੇਠਲਾ ਪਾਣੀ ਦੂਸ਼ਿਤ ਕਰ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਅਜੇ ਤੱਕ ਉਸ ਦਾ ਤਾਂ ਕੋਈ ਹੱਲ ਹੋਇਆ ਨਹੀਂ, ਬਲਕਿ ਸਾਰੇ ਸ਼ਹਿਰ ਦਾ ਸੀਵਰੇਜ ਪਿੰਡ ਵਿੱਚ ਛੱਡਣ ਦੀ ਤਿਆਰੀ ਹੈ। ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਅੱਜ ਟਰੀਟ ਕੀਤਾ ਪਾਣੀ ਛੱਡਣਗੇ ਤੇ ਕੱਲ੍ਹ ਨੂੰ ਗੰਦਾ ਪਾਣੀ ਹੀ ਚੱਲਦਾ ਰਹੇਗਾ, ਉਸ ਸਮੇਂ ਕੋਈ ਸੁਣਵਾਈ ਨਹੀਂ ਹੁੰਦੀ।
ਇੱਕ ਦਿਨ ਪਹਿਲਾਂ ਦੁਲੱਦੀ ਦੇ ਵਸਨੀਕਾਂ ਨੇ ਕੰਮ ਬੰਦ ਕਰਨ ਅਤੇ ਪਿੰਡ ਦੀ ਗ੍ਰਾਮ ਸਭਾ ਤੋਂ ਮਨਜ਼ੂਰੀ ਲੈਣ ਲਈ ਨਾਭਾ ਐੱਸਡੀਐੱਮ ਰਾਹੀਂ ਪਟਿਆਲਾ ਡੀਸੀ ਨੂੰ ਮੰਗ ਪੱਤਰ ਭੇਜਿਆ ਸੀ ਪਰ ਅੱਜ ਕੰਮ ਬੰਦ ਨਾ ਹੋਣ ’ਤੇ ਲੋਕਾਂ ਨੇ ਸੰਕੇਤਕ ਧਰਨਾ ਦਿੱਤਾ ਤੇ ਪਿੰਡ ਦੀ ਪੁਰਾਣੀ ਸਮੱਸਿਆਵਾਂ ਦੇ ਹੱਲ ਦੀ ਅਪੀਲ ਕੀਤੀ। ਪਿੰਡ ਵਾਸੀ ਇੰਦਰਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਟੋਭੇ ਦਾ ਪਾਣੀ ਬਾਹਰ ਆਉਣ ਕੰਢੇ ਹੈ ਅਤੇ ਟੋਭਾ ਸਵਾ ਕਰੋੜ ਲਿਟਰ ਪਾਣੀ ਨੂੰ ਸੰਭਾਲਣ ਲਈ ਅਸਮਰੱਥ ਹੈ। ਦੂਜੇ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ’ਤੇ ਬਣਿਆ ਨਾਭਾ ਸੀਵਰੇਜ ਟਰੀਟਮੈਂਟ ਪਲਾਂਟ ਮਿਥੇ ਸਮੇਂ ਨਾਲੋਂ ਪੰਜ ਸਾਲ ਪਿਛੇ ਚੱਲ ਰਿਹਾ ਹੈ ਤੇ ਇਸ ਪਲਾਂਟ ਦੇ ਨਿਰਮਾਣ ਦਾ ਸਥਾਨ ਪ੍ਰਸ਼ਾਸਨ ਲਈ ਵੱਡੀ ਮੁਸੀਬਤ ਬਣ ਗਿਆ ਹੈ।
ਲੋਕਾਂ ਦੇ ਖ਼ਦਸ਼ੇ ਦੂਰ ਕਰਨ ਲਈ ਗੱਲਬਾਤ ਕਰਾਂਗੇ: ਡੀਸੀ
ਪਟਿਆਲਾ ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕਰਤਾਰ ਕਲੋਨੀ ਵੱਲੋਂ ਆਉਂਦੇ ਚੋਅ ਨੂੰ ਦੁਲੱਦੀ ਪਿੰਡ ਦੇ ਟੋਭੇ ਤੋਂ ਵੱਖ ਕਰਨ ਲਈ 80 ਲੱਖ ਰੁਪਏ ਪਾਸ ਕੀਤੇ ਗਏ ਹਨ ਤੇ ਪਿੰਡ ਵਾਸੀਆਂ ਦੇ ਬਾਕੀ ਖਦਸ਼ੇ ਦੂਰ ਕਰਨ ਲਈ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ।