ਕਾਲਜ ਦੇ ਕਮਰਿਆਂ ’ਚ ਵੋਟਿੰਗ ਮਸ਼ੀਨਾਂ ਰੱਖਣ ਦਾ ਵਿਰੋਧ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਗਸਤ
ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਕਾਲਜ ਦੇ ਤਿੰਨ ਕਮਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਚੋਣਾਂ ਤਹਿਤ ਆਪਣੇ ਅਧੀਨ ਕੀਤੇ ਜਾਣ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਦਾ ਦੋਸ਼ ਲਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਕਾਲਜ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ ਨੇ ਕਿਹਾ ਕਿ ਸਰਕਾਰੀ ਕਾਲਜ ਦੀ ਇਮਾਰਤ ਨੂੰ ਵਾਰ ਵਾਰ ਗੈਰ ਵਿੱਦਿਅਕ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਪੰਚਾਇਤ ਚੋਣਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਲਜ਼ ਦੇ ਤਿੰਨ ਕਮਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਦਸੰਬਰ ਤੱਕ ਆਪਣੇ ਕਬਜ਼ੇ ਵਿਚ ਰੱਖਿਆ ਜਾਵੇਗਾ। ਜਿਸ ਕਾਰਨ ਦਸੰਬਰ ਤੱਕ ਵਿਦਿਆਰਥੀਆਂ ਨੂੰ ਬਾਹਰ ਕਲਾਸਾਂ ਲਗਾਉਣੀਆਂ ਪੈਣਗੀਆਂ। ਪਿਛਲੇ ਸੈਸ਼ਨ ਦੌਰਾਨ ਵੀ ਪੰਜਾਬ ਵਿਧਾਨ ਸਭਾ ਅਤੇ ਸੰਗਰੂਰ ਸੰਸਦੀ ਜ਼ਿਮਨੀ ਚੋਣ ਵੇਲੇ ਲਗਪਗ 3 ਮਹੀਨੇ ਕਾਲਜ ਦੇ ਕਮਰਿਆਂ ਵਿੱਚ ਵੋਟਿੰਗ ਮਸ਼ੀਨਾਂ ਪਈਆਂ ਰਹੀਆਂ ਜਿਸ ਕਾਰਨ ਵਿਦਿਆਰਥੀਆਂ ਨੂੰ ਮਜਬੂਰਨ ਬਿਨਾਂ ਪੱਖਿਆਂ ਅਤੇ ਬੈਂਚਾਂ ਤੋਂ ਖੁੱਲ੍ਹੇ ਅਸਮਾਨ ਹੇਠ ਪਾਰਕਾਂ ਵਿੱਚ ਕਲਾਸਾਂ ਲਗਾਉਣੀਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਕਾਲਜ ਦੀ ਪੀਟੀਏ ਬਲਾਕ ਦੇ ਦਸ ਕਮਰੇ ਦੇ ਬਰਾਂਡਿਆਂ ਦੀ ਉਸਾਰੀ ਚੱਲਣ ਕਾਰਨ ਲਗਭਗ ਇੱਕ ਮਹੀਨੇ ਤੋਂ ਕਲਾਸਾਂ ਬਾਹਰ ਲੱਗ ਰਹੀਆਂ ਹਨ। ਹੁਣ ਤਿੰਨ ਕਮਰੇ ਹੋਰ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਵਧੇਰੇ ਨੁਕਸਾਨ ਹੋਵੇਗਾ। ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਕਣਕਵਾਲ ਨੇ ਦੱਸਿਆ ਕਿ ਕਾਲਜ਼ ਗਰਾਊਂਡ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਪੈਸੇ ਬਣਾਉਣ ਦੀ ਮਨਸ਼ਾ ਤਹਿਤ ਮੇਲੇ ਲਗਵਾਏ ਜਾਂਦੇ ਹਨ। ਸਰਸ ਮੇਲੇ ਦੌਰਾਨ ਵੀ ਦੁਕਾਨਦਾਰਾਂ ਨੂੰ ਕਮਰੇ ਵਰਤਣ ਲਈ ਦੇ ਦਿੱਤੇ ਹਨ। ਇਸ ਮੇਲਿਆਂ ਦੀ ਚਹਿਲ ਪਹਿਲ ਨਾਲ ਪੜ੍ਹਾਈ ਅਤੇ ਕਾਲਜ ਦਾ ਮਾਹੌਲ ਪ੍ਰਭਾਵਿਤ ਹੁੰਦਾ ਰਿਹਾ ਹੈ। ਵੋਟਾਂ ਵੇਲੇ ਵੋਟਿੰਗ ਮਸ਼ੀਨਾਂ ਕਮਰਿਆਂ ਵਿੱਚ ਤਾੜ ਦਿੱਤੀਆਂ ਜਾਂਦੀਆਂ ਹਨ ਅਤੇ 4-4 ਮਹੀਨੇ ਕਮਰੇ ਖਾਲੀ ਨਹੀਂ ਕੀਤੇ ਜਾਂਦੇ। ਵਿਦਿਆਰਥੀ ਜਥੇਬੰਦੀ ਨੇ ਮੰਗ ਕੀਤੀ ਕਿ ਵਿੱਦਿਅਕ ਸੰਸਥਾਵਾਂ ਨੂੰ ਗੈਰ ਵਿੱਦਿਅਕ ਕੰਮਾਂ ਲਈ ਵਰਤਣ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਸੰਸਥਾਵਾਂ ਵਿੱਚ ਪੜ੍ਹਾਈ ਦਾ ਮਾਹੌਲ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਮਨਪ੍ਰੀਤ ਕੌਰ ਚੀਮਾ, ਕਮਲਦੀਪ ਕੌਰ ਨਦਾਮਪੁਰ,ਕਿੰਦਰਪਾਲ ਕੌਰ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਓਮ ਸ਼ਰਮਾ,ਬੂਟਾ ਸਿੰਘ ਤਕੀਪੁਰ ਆਦਿ ਹਾਜ਼ਰ ਸਨ।