ਜਥੇਬੰਦੀ ਨੇ ਦੋ ਕਿਸਾਨਾਂ ਦੇ ਖੇਤ ਦੀ ਕੁਰਕੀ ਰੁਕਵਾਈ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 7 ਨਵੰਬਰ
ਇੱਥੋਂ ਨੇੜਲੇ ਪਿੰਡ ਮਹਿਲਾਂ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਦੋ ਕਿਸਾਨ ਭਰਾਵਾਂ ਦੇ ਖੇਤ ਦੀ ਕੁਰਕੀ ਰੁਕਵਾਈ। ਕਿਸਾਨ ਜਥੇਬੰਦੀ ਦੇ ਰੋਹ ਦਾ ਪਤਾ ਚੱਲਦਿਆਂ ਬੈਂਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਨਾ ਪੁੱਜੇ ਸਗੋਂ ਮੌਕਾ ਟਾਲ ਦਿੱਤਾ। ਕਿਸਾਨ ਜਥੇਬੰਦੀ ਦੀ ਬਲਾਕ ਇਕਾਈ ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਸਵੇਰੇ ਹੀ ਕੁਰਕੀ ਵਾਲੇ ਖੇਤ ਵਿੱਚ ਡੇਰੇ ਲਾ ਲਏ ਸਨ। ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਆਗੂ ਹਰਜੀਤ ਸਿੰਘ, ਅਮਨਦੀਪ ਸਿੰਘ ਮਹਿਲਾਂ ਚੌਂਕ ਨੇ ਦੱਸਿਆ ਕਿ ਕਿਸਾਨ ਗੁਰਲਾਲ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਬਾਸੀ ਮਹਿਲਾ ਚੌਕ ਨੇ ਕਈ ਸਾਲ ਪਹਿਲਾਂ ਬੈਂਕ ਤੋਂ ਆਪਣੀ ਜ਼ਮੀਨ ਉੱਪਰ 3 ਲੱਖ ਰੁਪਏ ਦੀ ਲਿਮਟ ਕਰਵਾਈ ਸੀ। ਕਰੋਨਾ ਕਾਲ ਤੋਂ ਬਾਅਦ ਹੌਲੀ-ਹੌਲੀ ਕਿਸਾਨ ਭਰਾਵਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ ਜਿਸਦੇ ਚੱਲਦਿਆਂ ਬੈਂਕ ਵੱਲੋਂ ਖੇਤ ਦੀ ਕੁਰਕੀ ਕਢਵਾ ਲਈ ਗਈ। ਕਿਸਾਨ ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਇਨ੍ਹਾਂ ਕਿਸਾਨ ਭਰਾਵਾਂ ਦੇ ਖੇਤ ਦੀ ਮੁੜ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਿੰਡ ਇਕਾਈ ਦੇ ਆਗੂ ਜਗਦੀਪ ਸਿੰਘ, ਸੁਖਬੀਰ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ ਮਾਨ, ਜਸਵਿੰਦਰ ਕੌਰ, ਭਰਪੂਰ ਕੌਰ, ਚਰਨਜੀਤ ਕੌਰ, ਗੁਰਦੇਵ ਕੌਰ ਤੇ ਮਲਕੀਤ ਕੌਰ ਸਮੇਤ ਹੋਰ ਹਾਜ਼ਰ ਸਨ।