ਵਿਰੋਧੀ ਧਿਰਾਂ ਨੇ ਅਰੁਣ ਗੋਇਲ ਦੇ ਅਸਤੀਫ਼ੇ ’ਤੇ ਚੁੱਕੇ ਸਵਾਲ
ਨਵੀਂ ਦਿੱਲੀ, 10 ਮਾਰਚ
ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਵਿੱਚ ਲੰਘੇ ਦਿਨ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ ਹੈ। ਅਰੁਣ ਗੋਇਲ ਵੱਲੋਂ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸਵਾਲ ਕੀਤਾ ਕਿ ਕੀ ਗੋਇਲ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਜਾਂ ਨਰਿੰਦਰ ਮੋਦੀ ਸਰਕਾਰ ਨਾਲ ਕਿਸੇ ਮੱਤਭੇਦ ਕਰ ਕੇ ਇਹ ਕਦਮ ਉਠਾਇਆ ਹੈ? ਭਾਜਪਾ ’ਤੇ ਨਿਸ਼ਾਨੇ ਸੇਧਿਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਉਨ੍ਹਾਂ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਵਾਂਗ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣ ਲੜਨ ਲਈ ਅਸਤੀਫ਼ਾ ਦਿੱਤਾ ਹੈ।
ਦੱਸਣਯੋਗ ਹੈ ਕਿ ਅਰੁਣ ਗੋਇਲ ਨੇ ਸ਼ਨਿਚਰਵਾਰ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 5 ਦਸੰਬਰ 2027 ਤੱਕ ਸੀ ਅਤੇ ਅਗਲੇ ਸਾਲ ਫਰਵਰੀ ਮਹੀਨੇ ਉਨ੍ਹਾਂ ਦੇ ਮੁੱਖ ਚੋਣ ਕਮਿਸ਼ਨਰ ਬਣਨ ਦੀ ਸੰਭਾਵਨਾ ਸੀ। ਗੋਇਲ ਪੰਜਾਬ ਕੇਡਰ ਦੇ 1985 ਬੈਚ ਦੇ ਆਈਏਐੱਸ ਅਧਿਕਾਰੀ ਸਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗੋਇਲ ਦੇ ਅਸਤੀਫ਼ੇ ਸਬੰਧੀ ਸਵਾਲ ’ਤੇ ਕਿਹਾ ਕਿ ਇਹ ਦੇਖਣ ਲਈ ਉਡੀਕ ਕਰਨੀ ਪਵੇਗੀ ਕਿ ਉਹ ਆਉਂਦੇ ਦਿਨਾਂ ਵਿੱਚ ਕੀ ਕਦਮ ਚੁੱਕਦੇ ਹਨ। ਉਨ੍ਹਾਂ ਆਖਿਆ, ‘‘ਮੈਂ ਸੋਚ ਰਿਹਾ ਸੀ ਕਿ ਹਾਈ ਕੋਰਟ ਦੇ ਜੱਜ ਨੇ ਅਸਤੀਫ਼ਾ ਦੇ ਦਿੱਤਾ ਅਤੇ ਅਗਲੇ ਦਿਨ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਉਸ ਤੋਂ ਅਗਲੇ ਦਿਨ ਟੀਐੱਮਸੀ (ਤ੍ਰਿਣਮੂਲ ਕਾਂਗਰਸ) ਖ਼ਿਲਾਫ਼ ਬੋਲਣ ਲੱਗ ਪਏ। ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਨੇ ਅਜਿਹੀ ਮਾਨਸਿਕਤਾ ਵਾਲੇ ਲੋਕ ਨਿਯੁਕਤ ਕੀਤੇ ਹਨ। ਹੁਣ ਚੋਣ ਕਮਿਸ਼ਨਰ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਥੋੜ੍ਹੀ ਉਡੀਕ ਕਰੋ ਕਿ ਉਹ ਅੱਗੇ ਕੀ ਕਦਮ ਚੁੱਕਦੇ ਹਨ।’’
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਅਰੁਣ ਗੋਇਲ ਵੱਲੋਂ ਲੰਘੀ ਸ਼ਾਮ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ੇ ਦਿੱਤੇ ਜਾਣ ਨਾਲ ਤਿੰਨ ਸਵਾਲ ਖੜ੍ਹੇ ਹੋ ਗਏ ਹਨ।’’ ਰਮੇਸ਼ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਪੁੱਛਿਆ, ‘‘ਕੀ ਉਨ੍ਹਾਂ ਨੇ ਅਸਲ ਵਿੱਚ ਮੁੱਖ ਚੋਣ ਕਮਿਸ਼ਨਰ ਜਾਂ ਮੋਦੀ ਸਰਕਾਰ ਜਿਹੜੀ ਕਿ ਸਾਰੇ ਕਥਿਤ ਸੁਤੰਤਰ ਅਦਾਰਿਆਂ ਨੂੰ ਚਲਾ ਰਹੀ ਹੈ, ਨਾਲ ਮੱਤਭੇਦਾਂ ਕਾਰਨ ਅਸਤੀਫ਼ਾ ਦਿੱਤਾ ਹੈ? ਜਾਂ ਉਨ੍ਹਾਂ ਨੇ ਨਿੱਜੀ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਹੈ? ਜਾਂ ਉਨ੍ਹਾਂ ਨੇ ਅਗਾਮੀ ਲੋਕ ਸਭਾ ਚੋਣਾਂ ’ਚ ਕਲਕੱਤਾ ਹਾਈ ਕੋਰਟ ਦੇ ਜੱਜ ਅਭਿਸ਼ੇਕ ਗੰਗੋਪਾਧਿਆਏ ਵਾਂਗ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਲਈ ਅਸਤੀਫ਼ਾ ਦਿੱਤਾ ਹੈ?’’ ਕਾਂਗਰਸੀ ਨੇਤਾ ਨੇ ਕਿਹਾ ਕਿ ਚੋਣ ਕਮਿਸ਼ਨ ਅੱਠ ਮਹੀਨਿਆਂ ਤੋਂ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰਾਇਲ (ਵੀਵੀਪੈਟ) ਜੋ ਕਿ ‘ਇਲੈੱਕਟ੍ਰੌਨਿਕ ਵੋਟਿੰਗ ਹੇਰਾਫੇਰੀ’ ਰੋਕਣ ਲਈ ਬਹੁਤ ਜ਼ਰੂਰੀ ਹੈ, ਦੇ ਮੁੱਦੇ ’ਤੇ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨੂੰ ਮਿਲਣ ਤੋਂ ਨਾਂਹ ਨੁੱਕਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ, ‘‘ਮੋਦੀ ਦੇ ਭਾਰਤ ਵਿੱਚ ਹਰੇਕ ਨਵਾਂ ਦਿਨ ਜਮਹੂਰੀਅਤ ਤੇ ਜਮਹੂਰੀ ਅਦਾਰਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।’’ ਰਮੇਸ਼ ਮੁਤਾਬਕ, ‘‘ਅਜਿਹਾ ਹੋ ਸਕਦਾ ਹੈ ਕਿ ਅਰੁਣ ਗੋਇਲ ਨੇ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਲਈ ਅਸਤੀਫ਼ਾ ਦਿੱਤਾ ਹੋਵੇ।’’ -ਪੀਟੀਆਈ
ਸਰਕਾਰ ਅਸਤੀਫ਼ੇ ਦਾ ਕਾਰਨ ਦੱਸੇ: ਓਵਾਇਸੀ
ਏਆਈਐੱਮਆਈਐੱਮ ਨੇਤਾ ਅਸਦੂਦੀਨ ਓਵਾਇਸੀ ਨੇ ਲੋਕ ਸਭਾ ਚੋਣ ਤੋਂ ਐਨ ਪਹਿਲਾਂ ਅਸਤੀਫ਼ੇ ਲਈ ਗੋਇਲ ਤੇ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ, ‘‘ਬਿਹਤਰ ਹੋਵੇਗਾ ਕਿ ਜੇਕਰ ਉਹ (ਅਰੁਣ ਗੋਇਲ) ਖੁ਼ਦ ਜਾਂ ਸਰਕਾਰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਦਿੱਤੇ ਗਏ ਅਸਤੀਫ਼ੇ ਦਾ ਕਾਰਨ ਦੱਸੇ।’’